25 ਸਾਲਾਂ ਬਾਅਦ ਪਹਿਲੀ ਵਾਰੀ ਨਗਰ ਨਿਗਮ ਦੇ ਵਾਧੇ ਦਾ ਬਜਟ ਹੋਵੇਗਾ ਪੇਸ਼
25 ਸਾਲਾਂ ਬਾਅਦ ਪਹਿਲੀ ਵਾਰੀ ਨਗਰ ਨਿਗਮ ਵਾਧੇ ਦਾ ਬਜਟ ਹੋਵੇਗਾ ਪੇਸ਼
Publish Date: Sat, 21 Feb 2026 06:01 PM (IST)
Updated Date: Sat, 21 Feb 2026 06:03 PM (IST)

- ਸ਼ਹਿਰ ਨੂੰ ਨਗੀਨਾ ਬਣਾਉਣ ਦਾ ਟੀਚਾ, ਬਿਨਾਂ ਕਰੱਪਸ਼ਨ ਵਿਕਾਸ ਹੀ ਮੇਰੀ ਪਹਿਲ : ਮੇਅਰ ਗੋਗੀਆ - ਪਟਿਆਲਾ ਨੂੰ ‘ਸ਼ਾਹੀ ਸ਼ਹਿਰ’ ਹੀ ਨਹੀਂ, ਸਗੋਂ ਵਿਕਾਸ ਦੀ ਮਿਸਾਲ ਬਣਾ ਕੇ ਪੇਸ਼ ਕਰੀਏ : ਮੇਅਰ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਨੂੰ ਸਾਫ਼–ਸੁਥਰਾ, ਸੁੰਦਰ ਅਤੇ ਵਿਕਸਿਤ ਬਣਾਉਣ ਲਈ ਨਗਰ ਨਿਗਮ ਵੱਲੋਂ ਲਗਾਤਾਰ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਮੇਅਰ ਦੀ ਕੁਰਸੀ ਰਾਜਸੀ ਸ਼ਾਨ-ਸ਼ੌਕਤ ਲਈ ਨਹੀਂ, ਸਗੋਂ ਲੋਕਾਂ ਦੀ ਸੇਵਾ ਲਈ ਹੁੰਦੀ ਹੈ ਅਤੇ ਉਨ੍ਹਾਂ ਦਾ ਮਕਸਦ ਲੋਕਾਂ ਲਈ ਉਦਾਹਰਨ ਬਣ ਕੇ ਦਿਖਾਉਣਾ ਹੈ ਕਿ ਇਮਾਨਦਾਰੀ ਨਾਲ ਕੰਮ ਕਿਵੇਂ ਕੀਤਾ ਜਾਂਦਾ ਹੈ। ਇਹ ਗੱਲਬਾਤ ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਕੀਤੀ। ਮੇਅਰ ਗੋਗੀਆ ਨੇ ਦੱਸਿਆ ਕਿ ਪਟਿਆਲਾ ਨੂੰ ਕੂੜਾ ਮੁਕਤ ਬਣਾਉਣ ਲਈ 52 ਕਰੋੜ ਰੁਪਏ ਦਾ ਟੈਂਡਰ ਲਗਾਇਆ ਗਿਆ ਹੈ। ਹੁਣ ਤਾਜ਼ਾ ਕੂੜਾ ਉਸੇ ਦਿਨ ਸੈਗਰੀਗੇਟ ਕਰ ਕੇ ਨਿਪਟਾਇਆ ਜਾਵੇਗਾ। 50 ਸਾਲ ਪੁਰਾਣੇ ਡੰਪ ਦਾ ਲਗਭਗ 50 ਫ਼ੀਸਦੀ ਹਿੱਸਾ ਪਹਿਲਾਂ ਹੀ ਖਤਮ ਕੀਤਾ ਜਾ ਚੁੱਕਾ ਹੈ ਅਤੇ ਉੱਥੇ ਗ੍ਰੀਨ ਏਰੀਆ ਵਿਕਸਿਤ ਕਰਨ ਦੀ ਯੋਜਨਾ ਹੈ। ਮੇਅਰ ਗੋਗੀਆ ਨੇ ਕਿਹਾ ਕਿ ਇਸ ਵਾਰ ਹਾਊਸ ਮੀਟਿੰਗ ਵਿੱਚ 25 ਸਾਲਾਂ ਮਗਰੋਂ ਪਹਿਲੀ ਵਾਰੀ ਵਾਧੇ ਦਾ ਬਜਟ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਨੇਕ ਨੀਤੀ ਅਤੇ ਸਹਿਯੋਗ ਸਦਕੇ ਬਿਲਡਿੰਗ, ਲੈਂਡ, ਟੈਕਸ ਅਤੇ ਵਾਟਰ ਸਪਲਾਈ ਸਮੇਤ ਸਾਰੀਆਂ ਬ੍ਰਾਂਚਾਂ ਨੇ ਟਾਰਗੇਟ ਤੋਂ ਵੱਧ ਕਲੈਕਸ਼ਨ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਗਲਤੀਆਂ ਮਿਲੀਆਂ, ਉੱਥੇ ਸਖ਼ਤ ਕਾਰਵਾਈ ਕੀਤੀ ਗਈ। ਹੁਣ 10 ਲੱਖ ਤੋਂ ਵੱਧ ਦੇ ਸੜਕ ਪ੍ਰੋਜੈਕਟਾਂ ਦੀ ਥਰਡ ਪਾਰਟੀ ਜਾਂਚ ਹੋ ਰਹੀ ਹੈ। ਜਦੋਂ ਤਕ ਕੰਮ ਦੀ ਗੁਣਵੱਤਾ ਠੀਕ ਨਹੀਂ ਹੁੰਦੀ, ਠੇਕੇਦਾਰ ਨੂੰ ਭੁਗਤਾਨ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਡੈਰੀ ਫਾਰਮਾਂ ਨੂੰ ਸ਼ਹਿਰ ਤੋਂ ਬਾਹਰ ਲਿਜਾਣ ਲਈ ਜਗ੍ਹਾ ਅਤੇ ਬੁਨਿਆਦੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਨਾਲ ਸੜਕ ਹਾਦਸਿਆਂ ਵਿੱਚ ਕਮੀ ਆਈ ਹੈ। ਮੇਅਰ ਗੋਗੀਆ ਨੇ ਕਿਹਾ ਕਿ ਕਈ ਪਾਰਕ ਡਿਵੈਲਪ ਹੋ ਚੁੱਕੇ ਹਨ ਅਤੇ ਬਾਕੀਆਂ ’ਚ ਲਾਈਟਿੰਗ, ਟਰੈਕ, ਬੈਠਣ ਦੀ ਵਿਵਸਥਾ ਅਤੇ ਹਰਿਆਲੀ ਵਧਾਈ ਜਾ ਰਹੀ ਹੈ। ਵਿਰਾਸਤੀ ਥਾਵਾਂ ਨੂੰ ਸੰਭਾਲ ਕੇ ਰੱਖਣ ਲਈ ਵੀ ਖਾਸ ਯੋਜਨਾ ਤਿਆਰ ਕੀਤੀ ਗਈ ਹੈ। ਮੇਅਰ ਨੇ ਵਿਸ਼ੇਸ਼ ਤੌਰ ’ਤੇ ਕਿਹਾ ਕਿ ਮੁਲਾਜ਼ਮਾਂ ਲਈ ਪਹਿਲੀ ਤਰੀਕ ਨੂੰ ਤਨਖਾਹ, ਪੀਐੱਫ, ਗ੍ਰੈਚੁਇਟੀ ਅਤੇ ਮੈਡੀਕਲ ਬਿੱਲਾਂ ਦੀ ਅਦਾਇਗੀ ਯਕੀਨੀ ਬਣਾਈ ਗਈ ਹੈ। ਕਰਮਚਾਰੀਆਂ ਦਾ ਮਨੋਬਲ ਵਧਾਉਣਾ ਵੀ ਸਾਡੀ ਤਰਜੀਹ ਹੈ। ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਪਟਿਆਲਾ ਨੂੰ ਅਜਿਹਾ ਸ਼ਹਿਰ ਬਣਾਉਣਾ ਹੈ ਜੋ ਸਾਫ਼–ਸੁਥਰਾ, ਹਰਾ–ਭਰਾ, ਸੁੰਦਰ ਅਤੇ ਵਿਕਸਿਤ ਹੋਵੇ। ਇਮਾਨਦਾਰੀ, ਪਾਰਦਰਸ਼ਤਾ ਅਤੇ ਲੋਕਾਂ ਦੀ ਭਲਾਈ ਹੀ ਮੇਰੀ ਨੀਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਅਸੀਂ ਪਟਿਆਲਾ ਨੂੰ ਸੱਚਮੁੱਚ ‘ਸ਼ਾਹੀ ਸ਼ਹਿਰ’ ਹੀ ਨਹੀਂ, ਸਗੋਂ ਵਿਕਾਸ ਦੀ ਮਿਸਾਲ ਬਣਾ ਕੇ ਪੇਸ਼ ਕਰੀਏ।