- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
81.80 ਕਰੋੜ ਨਾਲ ਰਾਜਿੰਦਰਾ ਹਸਪਤਾਲ ‘ਚ ਬਣੇਗਾ 256 ਬੈਡਾਂ ਵਾਲਾ ਅਧੁਨਿਕ ਟ੍ਰੋਮਾ ਸੈਂਟਰ

- ਸਿਹਤ ਮੰਤਰੀ ਵੱਲੋਂ ਜੂਨੀਅਰ ਡਾਕਟਰਾਂ ਦੇ ਨਵੇਂ ਰਿਹਾਇਸ਼ੀ ਹੋਸਟਲ ਲਈ 13.53 ਕਰੋੜ ਦੀ ਰਕਮ ਜਾਰੀ
- 56 ਲੱਖ ਨਾਲ ਬਣ ਰਿਹਾ ਸੈਂਟਰਲ ਫੈਸਿਲਟੀ ਸੈਂਟਰ, ਐਮਰਜੈਂਸੀ ਸੇਵਾਵਾਂ ਇੱਕ ਹੀ ਥਾਂ ’ਤੇ ਉਪਲਬਧ : ਸਿਹਤ ਮੰਤਰੀ
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਸਿਹਤ ਖੇਤਰ ਲਈ ਇੱਕ ਨਵਾਂ ਇਤਿਹਾਸਕ ਕਦਮ ਚੁੱਕਦਿਆਂ ਅਤੇ ਸੂਬੇ ਦੇ ਸਰਕਾਰੀ ਸਿਹਤ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਂਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਰਾਜਿੰਦਰਾ ਹਸਪਤਾਲ ਵਿਖੇ 81 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ 256 ਬੈੱਡਾਂ ਦੀ ਸਮਰੱਥਾ ਵਾਲੇ ਆਧੁਨਿਕ ਟਰੋਮਾ ਸੈਂਟਰ ਦਾ ਉਦਘਾਟਨ ਕੀਤਾ। ਇਹ ਟਰੋਮਾ ਸੈਂਟਰ ਗੰਭੀਰ ਹਾਦਸਿਆਂ ਅਤੇ ਐਮਰਜੈਂਸੀ ਮਾਮਲਿਆਂ ਵਿੱਚ ਮਰੀਜ਼ਾਂ ਲਈ ਜੀਵਨ-ਰੱਖਿਆ ਸਾਬਤ ਹੋਵੇਗਾ।
ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਉੱਚ-ਪੱਧਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਇਹ ਨਵੀਂ ਇਮਾਰਤ ਪੂਰੀ ਤਰ੍ਹਾਂ ਕੇਂਦਰੀ ਏਅਰ ਕੰਡੀਸ਼ਨ ਪ੍ਰਣਾਲੀ ਨਾਲ ਲੈਸ ਹੋਏਗੀ ਅਤੇ ਟਰੋਮਾ ਸੈਂਟਰ ਵਿੱਚ ਆਧੁਨਿਕ ਮੈਡੀਕਲ ਉਪਕਰਣ ਸਥਾਪਿਤ ਕੀਤੇ ਜਾਣਗੇ। ਹੁਣ ਕਿਸੇ ਵੀ ਗੰਭੀਰ ਮਰੀਜ਼ ਨੂੰ ਵੈਂਟੀਲੇਟਰ ਦੀ ਘਾਟ ਕਾਰਨ ਵਾਪਸ ਨਹੀਂ ਮੋੜਨਾ ਪਵੇਗਾ। ਸਿਹਤ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਨਾ ਸਿਰਫ ਪਟਿਆਲਾ, ਸਗੋਂ ਆਸ-ਪਾਸ ਦੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਵੀ ਤੁਰੰਤ ਅਤੇ ਮਿਆਰੀ ਇਲਾਜ ਦੀ ਸਹੂਲਤ ਮਿਲੇਗੀ। ਟਰੋਮਾ ਸੈਂਟਰ ਦੇ ਚਾਲੂ ਹੋਣ ਨਾਲ ਐਮਰਜੈਂਸੀ ਸੇਵਾਵਾਂ ਦੀ ਗੁਣਵੱਤਾ ਵਿੱਚ ਵੱਡਾ ਸੁਧਾਰ ਆਵੇਗਾ ਅਤੇ ਜਾਨਾਂ ਬਚਾਉਣ ਦੀ ਸੰਭਾਵਨਾ ਵਧੇਗੀ। ਇਸ ਦੇ ਨਾਲ ਹੀ ਮਰੀਜ਼ਾਂ ਦੀ ਸੁਵਿਧਾ ਲਈ 56 ਲੱਖ ਰੁਪਏ ਦੀ ਲਾਗਤ ਨਾਲ ਇੱਕ ਨਵਾਂ ਸੈਂਟਰਲ ਫੈਸਿਲਟੀ ਸੈਂਟਰ ਵੀ ਤਿਆਰ ਕੀਤਾ ਜਾ ਰਿਹਾ ਹੈ। ਇਸ ਕੇਂਦਰ ਵਿੱਚ ਬਿਲਿੰਗ ਸੈਕਸ਼ਨ, ਐਡਮਿਸ਼ਨ ਸੈਕਸ਼ਨ ਅਤੇ ਮਿਨੀ ਲੈਬੋਰਟਰੀ ਦੀ ਸਹੂਲਤ ਹੋਵੇਗੀ। ਐਮਰਜੈਂਸੀ ਵਿੱਚ ਦਾਖਲ ਮਰੀਜ਼ਾਂ ਲਈ ਜ਼ਰੂਰੀ ਲੈਬ ਟੈਸਟ ਤੁਰੰਤ ਉਪਲਬਧ ਹੋਣਗੇ, ਜਿਸ ਨਾਲ ਇਲਾਜ ਵਿੱਚ ਦੇਰੀ ਨਹੀਂ ਆਵੇਗੀ। ਇਹ ਉਪਰਾਲਾ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ। ਉਨ੍ਹਾਂ ਜੂਨੀਅਰ ਰਿਹਾਇਸ਼ੀ ਡਾਕਟਰਾਂ ਲਈ ਹੋਸਟਲ ਦੇ ਨਿਰਮਾਣ ਵਾਸਤੇ 13 ਕਰੋੜ 53 ਲੱਖ ਰੁਪਏ ਦੇ ਵਿਕਾਸ ਕਾਰਜ ਜਾਰੀ ਕੀਤੇ ਜਿਸ ਨਾਲ ਡਾਕਟਰਾਂ ਅਤੇ ਮੈਡੀਕਲ ਸਟਾਫ ਨੂੰ ਬਿਹਤਰ ਰਿਹਾਇਸ਼ੀ ਸਹੂਲਤਾਂ ਮਿਲਣਗੀਆਂ ਅਤੇ ਸਿਹਤ ਸੇਵਾਵਾਂ ਦੀ ਡਲਿਵਰੀ ਹੋਰ ਪ੍ਰਭਾਵਸ਼ਾਲੀ ਬਣੇਗੀ। ਇਸ ਮੌਕੇ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ, ਸੁਪਰਡੈਂਟ ਸਰਕਾਰੀ ਰਾਜਿੰਦਰਾ ਹਸਪਤਾਲ ਡਾ. ਸੀਬੀਆ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਆਦਿ ਮੌਜੂਦ ਸਨ।