ਪਟਿਆਲਾ ’ਚ ਵੀ ਲੱਗੇਗਾ ਇੰਟੈਲੀਜੈਂਟ ਟ੍ਰੈਫਿਕ ਸਿਸਟਮ, ਘਰ ਪੁੱਜੇਗਾ ਚਾਲਾਨ
ਪਟਿਆਲਾ ਵਿੱਚ ਵੀ ਲੱਗੇਗਾ ਇੰਟੈਲੀਜੈਂਟ ਟ੍ਰੈਫਿਕ ਸਿਸਟਮ, ਘਰ ਪੁੱਜੇਗਾ ਚਲਾਨ
Publish Date: Sat, 14 Feb 2026 04:28 PM (IST)
Updated Date: Sat, 14 Feb 2026 04:30 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੀ ਟ੍ਰੈਫਿਕ ਵਿਵਸਥਾ ਵਿੱਚ ਜਲਦੀ ਹੀ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਚੰਡੀਗੜ੍ਹ ਦੀ ਤਰਜ਼ ’ਤੇ ਹੁਣ ਪਟਿਆਲਾ ਨੂੰ ਵੀ ਹਾਈਟੈੱਕ ਬਣਾਉਣ ਦੀ ਤਿਆਰੀ ਮੁਕੰਮਲ ਕਰ ਲਈ ਗਈ ਹੈ। ਸ਼ਹਿਰ ਵਿੱਚ ਵੱਧ ਰਹੀ ਵਾਹਨਾਂ ਦੀ ਗਿਣਤੀ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਪ੍ਰਾਜੈਕਟ ਦੇ ਲਾਗੂ ਹੋਣ ਨਾਲ ਨਾ ਸਿਰਫ ਟ੍ਰੈਫਿਕ ਸੁਚਾਰੂ ਹੋਵੇਗਾ, ਸਗੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਆਟੋਮੈਟਿਕ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ। ਸਾਂਝੀ ਕਮੇਟੀ ਵੱਲੋਂ ਖਾਕਾ ਤਿਆਰ : ਇਸ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਉੱਚ ਪੱਧਰੀ ਸਾਂਝੀ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿੱਚ ਨਗਰ ਨਿਗਮ, ਟ੍ਰੈਫਿਕ ਪੁਲਿਸ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਕਮੇਟੀ ਨੇ ਸ਼ਹਿਰ ਦੇ ਟ੍ਰੈਫਿਕ ਦਾ ਬਾਰੀਕੀ ਨਾਲ ਨਿਰੀਖਣ ਕਰ ਕੇ ਇੱਕ ਵਿਆਪਕ ਯੋਜਨਾ ਤਿਆਰ ਕੀਤੀ ਹੈ, ਜਿਸ ਨੂੰ ਜਲਦੀ ਹੀ ਡਿਪਟੀ ਕਮਿਸ਼ਨਰ ਨਾਲ ਹੋਣ ਵਾਲੀ ਅਹਿਮ ਮੀਟਿੰਗ ਵਿੱਚ ਪੇਸ਼ ਕੀਤਾ ਜਾਵੇਗਾ। ਪਹਿਲੇ ਪੜਾਅ ਲਈ ਪੰਜ ਮੁੱਖ ਚੌਕਾਂ ਦੀ ਚੋਣ : ਪ੍ਰਸ਼ਾਸਨ ਨੇ ਸ਼ੁਰੂਆਤੀ ਪੜਾਅ ਵਿੱਚ ਸ਼ਹਿਰ ਦੇ ਉਨ੍ਹਾਂ ਪੰਜ ਸਭ ਤੋਂ ਵੱਧ ਰੁਝੇਵੇਂ ਵਾਲੇ ਪੁਆਇੰਟਾਂ ਦੀ ਚੋਣ ਕੀਤੀ ਹੈ, ਜਿੱਥੇ ਆਵਾਜਾਈ ਦਾ ਦਬਾਅ ਸਭ ਤੋਂ ਵੱਧ ਰਹਿੰਦਾ ਹੈ ਅਤੇ ਅਕਸਰ ਜਾਮ ਲੱਗਦੇ ਹਨ। ਸ਼ਹਿਰ ਦੇ ਬੱਸ ਸਟੈਂਡ ਚੌਕ, ਖੰਡਾ ਚੌਕ, ਥਾਪਰ ਯੂਨੀਵਰਸਿਟੀ ਚੌਕ, ਮਾਡਲ ਟਾਊਨ, ਟ੍ਰੈਫਿਕ ਲਾਈਟਾਂ ਅਤੇ ਲੀਲਾ ਭਵਨ ਚੌਕ ਵਿਖੇ ਅਤਿ-ਆਧੁਨਿਕ ਵੀਡੀਓ ਸੈਂਸਰ ਅਤੇ ਕੈਮਰੇ ਲਗਾਏ ਜਾਣਗੇ। ਜੇਕਰ ਕੋਈ ਵਾਹਨ ਚਾਲਕ ਲਾਲ ਬੱਤੀ ਟੱਪਦਾ ਹੈ, ਬਿਨਾਂ ਹੈਲਮਟ ਜਾਂ ਸੀਟ ਬੈਲਟ ਤੋਂ ਗੱਡੀ ਚਲਾਉਂਦਾ ਹੈ, ਤਾਂ ਸਿਸਟਮ ਤੁਰੰਤ ਉਸ ਦੀ ਫੋਟੋ ਅਤੇ ਵੀਡੀਓ ਕੈਪਚਰ ਕਰ ਲਵੇਗਾ ਅਤੇ ਚਲਾਨ ਸਿੱਧਾ ਵਾਹਨ ਮਾਲਕ ਦੇ ਘਰ ਪਹੁੰਚ ਜਾਵੇਗਾ। ਕਿਵੇਂ ਕੰਮ ਕਰੇਗਾ ‘ਇੰਟੈਲੀਜੈਂਟ ਸਿਸਟਮ’ : ਇਹ ਸਿਸਟਮ ਪੂਰੀ ਤਰ੍ਹਾਂ ਆਟੋਮੈਟਿਕ ਹੋਵੇਗਾ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਕੰਮ ਕਰੇਗਾ। ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਵਾਹਨਾਂ ਦੀ ਗਿਣਤੀ ਦੇ ਹਿਸਾਬ ਨਾਲ ਰੈੱਡ ਲਾਈਟ ਦਾ ਸਮਾਂ ਆਪਣੇ ਆਪ ਨਿਰਧਾਰਿਤ ਕਰੇਗਾ। ਜੇਕਰ ਕਿਸੇ ਇੱਕ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਹਨ, ਤਾਂ ਸੈਂਸਰ ਉਸ ਪਾਸੇ ਦੀ ਹਰੀ ਬੱਤੀ ਦਾ ਸਮਾਂ ਵਧਾ ਦੇਣਗੇ, ਤਾਂ ਜੋ ਜਾਮ ਨਾ ਲੱਗੇ। ਇਸ ਨਾਲ ਮਨੁੱਖੀ ਦਖਲਅੰਦਾਜ਼ੀ ਘਟੇਗੀ ਅਤੇ ਟ੍ਰੈਫਿਕ ਪੁਲਿਸ ਕਰਮਚਾਰੀਆਂ ਨੂੰ ਵੀ ਵੱਡੀ ਰਾਹਤ ਮਿਲੇਗੀ। ਬਜਟ ਅਤੇ ਹੋਰ ਵਿਕਾਸ ਕਾਰਜ : ਐੱਸਪੀ ਟ੍ਰੈਫਿਕ ਹਰਜਿੰਦਰ ਸਿੰਘ ਅਨੁਸਾਰ, ਟ੍ਰੈਫਿਕ ਨੂੰ ਹੋਰ ਬਿਹਤਰ ਬਣਾਉਣ ਲਈ 5 ਮੁੱਖ ਚੌਕਾਂ ਨੂੰ ‘ਰਾਊਂਡ ਅਬਾਊਟ’ ਵਿੱਚ ਤਬਦੀਲ ਕਰਨ ਦਾ ਪ੍ਰਾਜੈਕਟ ਵੀ ਤਿਆਰ ਹੈ, ਜਿਸ ਲਈ 6 ਕਰੋੜ ਰੁਪਏ ਦਾ ਬਜਟ ਪਾਸ ਹੋ ਚੁੱਕਾ ਹੈ। ਇਸ ਤੋਂ ਇਲਾਵਾ, ਸ਼ਹਿਰ ਵਿੱਚ ਪਾਰਕਿੰਗ ਦੀ ਸਮੱਸਿਆ ਦੇ ਹੱਲ ਲਈ ਮਲਟੀਸਟੋਰੀ ਪਾਰਕਿੰਗ ਬਣਾਉਣ ਦੀ ਯੋਜਨਾ ਤੇ ਵੀ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਮੇਅਰ ਕੁੰਦਨ ਗੋਗੀਆ ਨੇ ਵਿਸ਼ਵਾਸ ਦਿਵਾਇਆ ਕਿ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਂਝੇ ਯਤਨਾਂ ਨਾਲ ਪਟਿਆਲਾ ਵਾਸੀਆਂ ਨੂੰ ਜਲਦੀ ਹੀ ਟ੍ਰੈਫਿਕ ਦੀਆਂ ਰੋਜ਼ਾਨਾ ਦੀਆਂ ਦਿੱਕਤਾਂ ਤੋਂ ਨਿਜਾਤ ਮਿਲੇਗੀ। ਰੋਡ ਸੇਫਟੀ ਕਮੇਟੀ ਲਗਾਤਾਰ ਸੜਕੀ ਹਾਦਸਿਆਂ ਨੂੰ ਰੋਕਣ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਵੀਆਂ ਤਕਨੀਕਾਂ ’ਤੇ ਕੰਮ ਕਰ ਰਹੀ ਹੈ।