ਮੰਦਰ ਨਿਰਮਾਣ ਨੂੰ ਲੈ ਕੇ ਅੱਜ ਸ਼ੁਰੂ ਹੋਵੇਗੀ ਭੁੱਖ ਹੜਤਾਲ
ਮੰਦਰ ਨਿਰਮਾਣ ਸ਼ੁਰੂ ਕਰਵਾਉਣ ਲਈ ਅੱਜ ਸ਼ੁਰੂ ਹੋਵੇਗੀ ਭੁੱਖ ਹੜਤਾਲ
Publish Date: Sat, 07 Feb 2026 08:27 PM (IST)
Updated Date: Sun, 08 Feb 2026 04:11 AM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਸਨੌਰੀ ਅੱਡੇ ਨੇੜੇ ਸਥਿਤ ਸ੍ਰੀ ਬਾਵਨ ਅਵਤਾਰ ਮੰਦਰ ਦੇ ਨਿਰਮਾਣ ਦੀ ਮੰਗ ਨੂੰ ਲੈ ਕੇ ਹਿੰਦੂ ਸੰਗਠਨਾਂ ਵਲੋਂ ਅੱਠ ਫਰਵਰੀ ਤੋਂ ਭੁੱਖ ਹੜਤਾਲ ਸ਼ੁਰੂ ਕੀਤੀ ਜਾ ਰਹੀ ਹੈ। ਸ਼ਹਿਰ ਵਿੱਚ ਹਿੰਦੂ ਧਰਮ ਦੀ ਇਤਿਹਾਸਿਕ ਅਤੇ ਧਾਰਮਿਕ ਧਰੋਹਰ ਸ੍ਰੀ ਵਿਸ਼ਨੂ ਭਗਵਾਨ ਦੇ ਪੰਜਵੇਂ ਅਵਤਾਰ ਵਾਮਨ ਦੇਵਤਾ ਦਾ ਮੰਦਿਰ ਸੁਸ਼ੋਭਿਤ ਹੈ। ਪਰ ਇਹ ਮੰਦਰ ਢੈਅ ਢੇਰੀ ਹੋ ਰਿਹਾ ਹੈ ਅਤੇ ਇਸ ਦੀਆਂ ਖੰਡਰ ਹੋ ਰਹੀਆਂ ਕੰਧਾਂ ਤੇ ਛੱਤਾਂ ਵਿਚ ਤਰੇੜਾਂ ਪੈ ਗਈਆਂ। ਮੰਦਿਰ ਦੇ ਬਿਲਕੁਲ ਬਾਹਰ ਪ੍ਰਾਚੀਨ ਪਵਿੱਤਰ ਸਰੋਵਰ ਜਿਹੜਾ ਨਾਜਾਇਜ਼ ਕਬਜ਼ਿਆਂ ਦੀ ਭੇਟ ਚੜ ਰਿਹਾ ਹੈ ਅਤੇ ਆਲੇ ਦੁਆਲੇ ਰਹਿ ਰਹੇ ਲੋਕਾਂ ਵੱਲੋਂ ਇਸ ਪਵਿੱਤਰ ਸਰੋਵਰ ਵਿੱਚ ਕੂੜਾ ਕਰਕਟ, ਮਲ ਮੂਤਰ, ਸਿਵਰੇਜ ਦਾ ਪਾਣੀ ਅਤੇ ਸ਼ਹਿਰ ਵਿੱਚੋਂ ਇਕੱਠਾ ਕੀਤਾ ਕੂੜਾ ਸਿੱਟ ਕੇ ਇਸ ਦੀ ਹਰ ਰੋਜ਼ ਬੇਅਦਬੀ ਕੀਤੀ ਜਾ ਰਹੀ ਹੈ। ਇੱਥੇ ਜ਼ਿਕਰਯੋਗ ਹੈ ਕਿ ਇਹ ਪ੍ਰਾਚੀਨ ਪ੍ਰਸਿੱਧ ਮੰਦਿਰ ਪੰਜਾਬ ਸਰਕਾਰ ਦੀ ਧਰਮ ਅਰਥ ਬੋਰਡ ਸ਼ਾਖਾ ਦੇ ਅਧੀਨ ਹੈ ਤੇ ਲਗਾਤਾਰ ਪ੍ਰਸ਼ਾਸਨ ਤੇ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ। ਮੰਦਰ ਨੂੰ ਬਚਾਉਣ ਲਈ 2014 ਤੋਂ ਵੰਦੇ ਮਾਤਰਮ ਦਲ ਅਤੇ ਸ਼ਹਿਰ ਦੇ ਸਨਾਤਨੀ ਲੋਕ ਸੰਘਰਸ਼ ਵਿੱਚ ਲੱਗੇ ਹੋਏ ਹਨ। ਲੰਬਾ ਅਰਸਾ ਬੀਤ ਜਾਣ ਤੋਂ ਬਾਅਦ ਵੀ ਪ੍ਰਸ਼ਾਸਨ ਦੇ ਕੰਨ ਤੇ ਜੂਨ ਨਹੀਂ ਸਰਕੀ। ਸੰਘਰਸ਼ ਕਰਨ ਵਾਲਿਆਂ ਨੂੰ ਹਮੇਸ਼ਾ ਹੀ ਲਾਰੇ ਅਤੇ ਵਾਅਦੇ ਜਰੂਰ ਕੀਤੇ ਜਾਂਦੇ ਹਨ। ਪਿਛਲੇ ਸਾਲ ਕਿੱਤੇ ਸੰਘਰਸ਼ ਤੋਂ ਬਾਅਦ ਪੀ ਡਬਲ ਯੂ ਡੀ ਵਿਭਾਗ ਵੱਲੋਂ ਲਗਭਗ ਚਾਰ ਕਰੋੜ ਰੁਪਏ ਦੇ ਲਗਭਗ ਐਸਟੀਮੇਟ ਬਣਾਏ ਗਏ ਪਰ ਉਹ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਏ ਅਤੇ ਸਾਲ ਬੀਤ ਜਾਣ ਮਗਰੋਂ ਵੀ ਕੁਝ ਨਹੀਂ ਹੋਇਆ। ਜਾਣਕਾਰੀ ਦਿੰਦੇ ਅਨੁਰਾਗ ਸ਼ਰਮਾ ਨੇ ਦੱਸਿਆ ਕੀ ਇਹਨਾਂ ਲਾਰਿਆਂ ਤੋਂ ਅੱਕੇ ਵੰਦੇ ਮਾਤਰਮ ਦਲ ਅਤੇ ਸ਼ਹਿਰ ਦੀਆਂ ਸਿਰਮੋਰ ਸੰਸਥਾਵਾਂ ਇਕੱਠੀਆਂ ਹੋ ਕੇ ਇਸ ਮੰਦਿਰ ਅਤੇ ਸਰੋਵਰ ਨੂੰ ਬਚਾਉਣ ਲਈ 8 ਫਰਵਰੀ ਤੋਂ ਨਿਰਮਾਣ ਸ਼ੁਰੂ ਹੋਣ ਤੱਕ ਲੜੀਵਾਰ ਭੁੱਖ ਹੜਤਾਲ ਕਰਨਗੀਆਂ। ਜੇਕਰ ਭੁੱਖ ਹੜਤਾਲ ਦਾ ਅਸਰ ਹੁੰਦਾ ਨਾ ਦਿਖਿਆ ਤਾਂ ਜਲਦ ਇਹ ਭੁੱਖ ਹੜਤਾਲ ਮਰਨ ਵਰਤ ਵਿੱਚ ਤਬਦੀਲ ਹੋ ਜਾਵੇਗੀ। ਇਸ ਮੌਕੇ ਸੁਸ਼ੀਲ ਨਈਅਰ ਸਪੀਚ ਸੈਕਟਰੀ, ਵਰੁਣ ਕੌਸ਼ਲ, ਅਸ਼ਵਨੀ ਸ਼ਰਮਾ, ਸੰਜੇ ਗੋਇਲ, ਰਵਿੰਦਰ ਗੋਇਲ, ਧੀਰਜ ਗੋਇਲ, ਵਰਿੰਦਰ ਗਾਂਧੀ, ਪੁਨੀਤ ਗੁਪਤਾ , ਸੰਦੀਪ ਗੁਪਤਾ , ਰਾਕੇਸ਼ ਠਾਕੁਰ, ਸਮੇਤ ਹੋਰ ਲੋਕ ਮੋਜੂਦ ਰਹੇ।