ਬਜ਼ੁਰਗ ਦੇ ਕੰਨਾਂ ਦੀਆਂ ਵਾਲੀਆਂ ਝਪਟੀਆਂ
ਸਬ ਇੰਸਪੈਕਟਰ ਦੀ ਬਜ਼ੁਰਗ ਮਾਂ ਦੇ ਕੰਨਾਂ ਦੀਆਂ ਵਾਲੀਆਂ ਝਪਟੀਆਂ
Publish Date: Sat, 07 Feb 2026 06:21 PM (IST)
Updated Date: Sun, 08 Feb 2026 04:06 AM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਥਾਣਾ ਲਾਹੌਰੀ ਗੇਟ ਦੇ ਅਧੀਨ ਆਉਂਦੇ ਰੁਝੇਵੇਂ ਵਾਲੇ ਬਾਜ਼ਾਰ ਗੁਰਬਖਸ਼ ਕਲੋਨੀ ਵਿੱਚ ਦਿਨ-ਦਿਹਾੜੇ ਇੱਕ ਬਜ਼ੁਰਗ ਮਹਿਲਾ ਦੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ ਗਈਆਂ। ਵਾਰਦਾਤ ਉਸ ਸਮੇਂ ਹੋਈ ਜਦੋਂ ਸਬ ਇੰਸਪੈਕਟਰ ਦੀ ਬਜ਼ੁਰਗ ਮਾਤਾ ਵਿਹੜੇ ਵਿੱਚ ਧੁੱਪ ਸੇਕ ਰਹੀ ਸੀ। ਇੰਨੇ ਵਿੱਚ ਬਾਈਕ ਸਵਾਰ ਦੋ ਨੌਜਵਾਨਾਂ ਵਿੱਚੋਂ ਇੱਕ ਉਨ੍ਹਾਂ ਦੇ ਕੋਲ ਆਇਆ ਅਤੇ ਕੰਨਾਂ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋ ਗਿਆ। ਸਨੈਚਿੰਗ ਦੀ ਇਹ ਘਟਨਾ 6 ਫਰਵਰੀ ਨੂੰ ਦੁਪਹਿਰ ਦੋ ਵਜੇ ਵਾਪਰੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਦੇਰ ਰਾਤ ਐਫ.ਆਈ.ਆਰ ਦਰਜ ਕਰ ਲਈ। ਇਲਾਕੇ ਦੀ ਸੀਸੀਟੀਵੀ ਫੁਟੇਜ ਖੰਗਾਲਣ ਤੋਂ ਬਾਅਦ ਵੀ ਮੁਲਜ਼ਮਾਂ ਦੀ ਪਛਾਣ ਨਹੀਂ ਹੋ ਸਕੀ ਹੈ। ਜਿਸ ਕਾਰਨ ਪੁਲਿਸ ਨੇ ਬਜ਼ੁਰਗ ਮਹਿਲਾ ਦੇ ਪਤੀ ਜਗਦੀਸ਼ ਚੰਦ ਦੇ ਬਿਆਨਾਂ ਤੇ ਦੋ ਅਣਪਛਾਤੇ ਨੌਜਵਾਨਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਜਗਦੀਸ਼ ਚੰਦ ਅਨੁਸਾਰ ਉਨ੍ਹਾਂ ਦਾ ਪੁੱਤਰ ਸਬ ਇੰਸਪੈਕਟਰ ਹੈ ਅਤੇ ਪੰਜਾਬ ਪੁਲਿਸ ਵਿੱਚ ਤਾਇਨਾਤ ਹੈ। ਉਹ ਡਿਊਟੀ ਤੇ ਸੀ ਅਤੇ ਘਰ ਵਿੱਚ ਉਹ ਆਪਣੀ ਬਜ਼ੁਰਗ ਪਤਨੀ ਨਾਲ ਗੇਟ ਤੇ ਬੈਠ ਕੇ ਧੁੱਪ ਸੇਕ ਰਹੇ ਸਨ। ਇਸ ਦੌਰਾਨ ਬਿਨਾਂ ਨੰਬਰ ਵਾਲੇ ਬਾਈਕ ਤੇ ਆਏ ਦੋ ਨੌਜਵਾਨਾਂ ਵਿੱਚੋਂ ਇੱਕ ਨੇ ਉਨ੍ਹਾਂ ਦੀ ਪਤਨੀ ਦੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ। ਵਾਲੀਆਂ ਪੁਰਾਣੀਆਂ ਹੋਣ ਕਾਰਨ ਆਸਾਨੀ ਨਾਲ ਖੁੱਲ੍ਹ ਗਈਆਂ, ਜੇਕਰ ਵਾਲੀਆਂ ਨਾ ਖੁੱਲ੍ਹਦੀਆਂ ਤਾਂ ਉਨ੍ਹਾਂ ਦੀ ਪਤਨੀ ਜ਼ਖ਼ਮੀ ਹੋ ਸਕਦੀ ਸੀ। ਫਿਲਹਾਲ ਜ਼ਖ਼ਮੀ ਹੋਣ ਤੋਂ ਬਚਾਅ ਰਿਹਾ, ਪਰ ਮੁਲਜ਼ਮ ਸਨੈਚਿੰਗ ਤੋਂ ਬਾਅਦ ਬਾਈਕ ਤੇ ਸਵਾਰ ਹੋ ਕੇ ਆਸਾਨੀ ਨਾਲ ਫ਼ਰਾਰ ਹੋ ਗਏ। ਉਨ੍ਹਾਂ ਦੇ ਘਰ ਦੇ ਨੇੜੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ, ਜਿਸ ਦੀ ਫੁਟੇਜ ਪੁਲਿਸ ਚੈੱਕ ਕਰ ਰਹੀ ਹੈ।