ਪ੍ਰੋ. ਚੰਦੂਮਾਜਰਾ ਦੇ ਸੋਸ਼ਲ ਮੀਡੀਆ ਖਾਤੇ ਹੈਕ
ਪ੍ਰੋ. ਚੰਦੂਮਾਜਰਾ ਦੇ ਸੋਸ਼ਲ ਮੀਡੀਆ ਖਾਤੇ ਹੈਕ
Publish Date: Fri, 06 Feb 2026 07:15 PM (IST)
Updated Date: Sat, 07 Feb 2026 04:08 AM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸੋਸ਼ਲ ਮੀਡੀਆ ਖਾਤੇ ਹੈਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੇਰ ਰਾਤ ਹੋਈ ਇਸ ਘਟਨਾ ਨੇ ਸਿਆਸੀ ਹਲਕਿਆਂ ’ਚ ਹਲਚਲ ਪੈਦਾ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸ਼ਰਾਰਤੀ ਅਨਸਰਾਂ ਵੱਲੋਂ ਉਨ੍ਹਾਂ ਦੇ ਵੱਟਸਐੱਪ, ਫੇਸਬੁੱਕ ਤੇ ਇੰਸਟਾਗ੍ਰਾਮ ਖਾਤਿਆਂ ’ਚ ਸੰਨ੍ਹ ਲਗਾ ਕੇ ਇਤਰਾਜ਼ਯੋਗ ਸਮੱਗਰੀ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਪ੍ਰੋ. ਚੰਦੂਮਾਜਰਾ ਨੇ ਖੁਦ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅੱਜ ਰਾਤ ਕੁੱਝ ਸ਼ਰਾਰਤੀ ਅਨਸਰਾਂ ਨੇ ਉਨ੍ਹਾਂ ਦੇ ਡਿਜੀਟਲ ਪਲੇਟਫਾਰਮਾਂ ਦਾ ਕੰਟਰੋਲ ਹਾਸਲ ਕਰ ਲਿਆ ਸੀ। ਹੈਕਰਾਂ ਵੱਲੋਂ ਇਨ੍ਹਾਂ ਖਾਤਿਆਂ ਰਾਹੀਂ ਇਤਰਾਜ਼ਯੋਗ ਵੀਡੀਓ ਅਪਲੋਡ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਜੋ ਉਨ੍ਹਾਂ ਦੇ ਅਕਸ ਨੂੰ ਠੇਸ ਪਹੁੰਚਾਈ ਜਾ ਸਕੇ। ਹਾਲਾਂਕਿ, ਉਨ੍ਹਾਂ ਦੀ ਸੋਸ਼ਲ ਮੀਡੀਆ ਟੀਮ ਦੀ ਮੁਸਤੈਦੀ ਕਾਰਨ ਵੱਡਾ ਨੁਕਸਾਨ ਹੋਣੋਂ ਬਚ ਗਿਆ। ਜਿਵੇਂ ਹੀ ਖਾਤਿਆਂ ਨਾਲ ਛੇੜਛਾੜ ਦਾ ਪਤਾ ਲੱਗਾ, ਪ੍ਰੋ. ਚੰਦੂਮਾਜਰਾ ਦੀ ਤਕਨੀਕੀ ਟੀਮ ਤੁਰੰਤ ਹਰਕਤ ਵਿੱਚ ਆ ਗਈ। ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਹੈਕਰਾਂ ਵੱਲੋਂ ਪਾਈ ਗਈ ਇਤਰਾਜ਼ਯੋਗ ਸਮੱਗਰੀ ਨੂੰ ਹਟਾ ਦਿੱਤਾ ਅਤੇ ਖਾਤਿਆਂ ਦੀ ਸੁਰੱਖਿਆ ਨੂੰ ਮੁੜ ਬਹਾਲ ਕੀਤਾ। ਪ੍ਰੋ. ਚੰਦੂਮਾਜਰਾ ਨੇ ਇਸ ਘਟਨਾ ਨੂੰ ਇੱਕ ਸਿਆਸੀ ਸਾਜ਼ਿਸ਼ ਜਾਂ ਨੀਵੇਂ ਪੱਧਰ ਦੀ ਹਰਕਤ ਕਰਾਰ ਦਿੰਦਿਆਂ ਕਿਹਾ ਕਿ ਅਜਿਹੇ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਇਸ ਘਟਨਾ ਸਬੰਧੀ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਅਸੀਂ ਸਾਈਬਰ ਸੈੱਲ ਨੂੰ ਇਸ ਦੀ ਸ਼ਿਕਾਇਤ ਕਰ ਰਹੇ ਹਾਂ ਤਾਂ ਜੋ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾ ਸਕੇ।