ਖ਼ਾਲਸਾ ਕਾਲਜ ਵਿਖੇ 360 ਵਿਦਿਆਰਥੀਆਂ ਨੂੰ ਸਰਟੀਫਿਕੇਟ ਸੌਂਪੇ
ਖ਼ਾਲਸਾ ਕਾਲਜ ਵਿਖੇ 360 ਵਿਦਿਆਰਥੀਆਂ ਨੂੰ ਸਰਟੀਫਿਕੇਟ ਸੌਂਪੇ
Publish Date: Wed, 04 Feb 2026 04:52 PM (IST)
Updated Date: Wed, 04 Feb 2026 04:56 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਵਿਖੇ ਵਿਦਿਆਰਥੀਆਂ ਦੀ ਹੁਨਰ-ਅਧਾਰਿਤ ਸਮਰੱਥਾ ਵਧਾਉਣ ਦੇ ਉਦੇਸ਼ ਨਾਲ ਕਰਵਾਏ ਗਏ 12 ਵੱਖ-ਵੱਖ ਵੈਲਿਊ ਐੱਡਿਡ ਕੋਰਸਾਂ ਦੇ 360 ਵਿਦਿਆਰਥੀਆਂ ਲਈ ਇਕ ਪ੍ਰਭਾਵਸ਼ਾਲੀ ਸਰਟੀਫਿਕੇਟ ਵੰਡ ਸਮਾਰੋਹ ਕਰਵਾਇਆ ਗਿਆ। ਸਮਾਗਮ ਦੀ ਅਗਵਾਈ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕੀਤੀ। ਇਸ ਵਿਸ਼ੇਸ਼ ਮੌਕੇ ਡਿਪਟੀ ਪ੍ਰਿੰਸੀਪਲ ਡਾ. ਜਸਲੀਨ ਕੌਰ, ਕੰਟਰੋਲਰ ਪ੍ਰੀਖਿਆਵਾਂ ਡਾ. ਜਸਪ੍ਰੀਤ ਕੌਰ ਅਤੇ ਰਜਿਸਟਰਾਰ ਡਾ. ਇੰਦਰਬੀਰ ਕੌਰ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜੋਕੇ ਦੌਰ ਵਿਚ ਵੈਲਿਊ ਐੱਡਿਡ ਕੋਰਸ ਅਕਾਦਮਿਕ ਪਾਠਕ੍ਰਮ ਤੋਂ ਇਲਾਵਾ ਪ੍ਰਯੋਗਿਕ ਗਿਆਨ, ਰਚਨਾਤਮਕਤਾ, ਉੱਦਮੀ ਸੋਚ ਤੇ ਰੁਜ਼ਗਾਰਯੋਗ ਹੁਨਰ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਕੋਰਸ ਵਿਦਿਆਰਥੀਆਂ ਦੀ ਭਵਿੱਖੀ ਕਰੀਅਰ ਯਾਤਰਾ ਵਿਚ ਮੀਲ ਦਾ ਪੱਥਰ ਸਾਬਤ ਹੋਣਗੇ। ਡਿਪਟੀ ਪ੍ਰਿੰਸੀਪਲ ਡਾ. ਜਸਲੀਨ ਕੌਰ ਨੇ ਕੋਰਸ ਇੰਚਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਅਤੇ ਸੁਚੱਜੀ ਯੋਜਨਾਬੰਦੀ ਸਦਕਾ ਹੀ ਵਿਦਿਆਰਥੀਆਂ ਨੇ ਇਨ੍ਹਾਂ ਕੋਰਸਾਂ ਵਿਚ ਭਾਰੀ ਉਤਸ਼ਾਹ ਦਿਖਾਇਆ ਹੈ। ਸਮਾਗਮ ਦੌਰਾਨ ਕੰਟਰੋਲਰ ਪ੍ਰੀਖਿਆਵਾਂ ਡਾ. ਜਸਪ੍ਰੀਤ ਕੌਰ ਨੇ ਕਿਹਾ ਕਿ ਇਹ ਸਰਟੀਫਿਕੇਟ ਵਿਦਿਆਰਥੀਆਂ ਦੀ ਪੇਸ਼ਾਵਰ ਯਾਤਰਾ ’ਚ ਮਹੱਤਵਪੂਰਨ ਸਾਬਤ ਹੋਣਗੇ। ਇਸੇ ਤਰ੍ਹਾਂ ਰਜਿਸਟਰਾਰ ਡਾ. ਇੰਦਰਬੀਰ ਕੌਰ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਜਿਹੇ ਕੋਰਸ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਦੀਆਂ ਬੁਨਿਆਦੀ ਕੁਸ਼ਲਤਾਂ ਪ੍ਰਦਾਨ ਕਰਕੇ ਉਨ੍ਹਾਂ ਨੂੰ ਮੁਕਾਬਲੇਬਾਜ਼ੀ ਦੇ ਯੁੱਗ ਲਈ ਤਿਆਰ ਕਰਦੇ ਹਨ।