ਪੀਆਰਟੀਸੀ ਦੇ ਬੇੜੇ ’ਚ ਸ਼ਾਮਲ ਹੋਣੀਆਂ ਨਵੀਆਂ ਬੱਸਾਂ, ਬਿਹਤਰ ਸਹੂਲਤਾਂ ਦੇਵਾਂਗੇ : ਜੁਨੇਜਾ
ਪੀ.ਆਰ.ਟੀ.ਸੀ ਦੇ ਬੇੜੇ ’ਚ ਸ਼ਾਮਿਲ ਹੋਣੀਆਂ ਨਵੀਆਂ ਬਸਾਂ, ਬਿਹਤਰ ਸਹੂਲਤਾਂ ਦੇਵਾਂਗੇ : ਹਰਪਾਲ ਜੁਨੇਜਾ
Publish Date: Sat, 31 Jan 2026 04:48 PM (IST)
Updated Date: Sat, 31 Jan 2026 04:49 PM (IST)

- ਚੇਅਰਮੈਨ ਹਰਪਾਲ ਜੁਨੇਜਾ ਨਾਲ ਵਿਸ਼ੇਸ਼ ਗੱਲਬਾਤ ਨਵਦੀਪ ਢੀਂਗਰਾ, ਪੰਜਾਬੀ ਜਾਗਰਣ ਪਟਿਆਲਾ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਜੁਨੇਜਾ ਨੇ ਪੀਆਰਟੀਸੀ ਦੇ ਚੇਅਰਮੈਨ ਵਜੋਂ ਜ਼ਿੰਮੇਵਾਰੀ ਸੰਭਾਲ ਲਈ ਹੈ। ਪਾਰਟੀ ਵੱਲੋਂ ਦਿੱਤੀ ਵੱਡੀ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਵਾਅਦਾ ਕਰਦਿਆਂ ਚੇਅਰਮੈਨ ਹਰਪਾਲ ਜੁਨੇਜਾ ਨੇ ਕਿਹਾ ਕਿ ਉਹ ਪੀਆਰਟੀਸੀ ਨੂੰ ਤਰੱਕੀ ਦੀਆਂ ਲੀਹਾਂ ’ਤੇ ਲਿਜਾਣ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡਣਗੇ। ਪੀਆਰਟੀਸੀ ਦੀ ਮੌਜੂਦਾ ਸਥਿਤੀ, ਭਵਿੱਖ ਦੀਆਂ ਯੋਜਨਾਵਾਂ ਅਤੇ ਪਟਿਆਲਾ ਦੇ ਵਿਕਾਸ ਬਾਰੇ ਹਰਪਾਲ ਜੁਨੇਜਾ ਨੇ ਪੰਜਾਬੀ ਜਾਗਰਣ ਨਾਲ ਕੀਤੀ ਵਿਸ਼ੇਸ਼ ਗੱਲਬਾਤ ਕੀਤੀ ਹੈ। ਸਵਾਲ : ਤੁਹਾਡਾ ਸਭ ਤੋਂ ਪਹਿਲਾ ਟੀਚਾ ਕੀ ਹੈ? ਹਰਪਾਲ ਜੁਨੇਜਾ : ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਉੱਤੇ ਜੋ ਭਰੋਸਾ ਜਤਾਇਆ ਹੈ, ਉਹ ਉਸ ’ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਉਨ੍ਹਾਂ ਦਾ ਸਭ ਤੋਂ ਪਹਿਲਾ ਟੀਚਾ ਪੀਆਰਟੀਸੀ ਨੂੰ ਵਿੱਤੀ ਪੱਖੋਂ ਮਜ਼ਬੂਤ ਕਰਨਾ ਅਤੇ ਆਮ ਲੋਕਾਂ, ਖਾਸ ਕਰ ਕੇ ਮੁਸਾਫ਼ਰਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਵਿੱਚ ਸੁਧਾਰ ਕਰਨਾ ਹੈ। ਅਸੀਂ ਚਾਹੁੰਦੇ ਹਾਂ ਕਿ ਸਰਕਾਰੀ ਬੱਸ ਸੇਵਾ ਇੰਨੀ ਵਧੀਆ ਹੋਵੇ ਕਿ ਲੋਕ ਆਪਣੀਆਂ ਨਿੱਜੀ ਗੱਡੀਆਂ ਛੱਡ ਕੇ ਬੱਸਾਂ ਵਿੱਚ ਸਫਰ ਕਰਨਾ ਪਸੰਦ ਕਰਨ। ਸਵਾਲ: ਪੀਆਰਟੀਸੀ ਅਕਸਰ ਫੰਡਾਂ ਅਤੇ ਬੱਸਾਂ ਦੀ ਘਾਟ ਨਾਲ ਜੂਝਦੀ ਰਹੀ ਹੈ। ਇਸ ਦਾ ਹੱਲ ਤੁਸੀਂ ਕਿਵੇਂ ਦੇਖਦੇ ਹੋ? ਹਰਪਾਲ ਜੁਨੇਜਾ : ਇਹ ਸੱਚ ਹੈ ਕਿ ਪਿਛਲੀਆਂ ਸਰਕਾਰਾਂ ਵੇਲੇ ਇਸ ਅਦਾਰੇ ਵੱਲ ਧਿਆਨ ਨਹੀਂ ਦਿੱਤਾ ਗਿਆ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲਾਂ ਹੀ ਕਈ ਨਵੀਆਂ ਬੱਸਾਂ ਬੇੜੇ ਵਿੱਚ ਸ਼ਾਮਲ ਕੀਤੀਆਂ ਹਨ। ਆਉਣ ਵਾਲੇ ਸਮੇਂ ਵਿਚ 100 ਮਿੱਡੀ ਬੱਸਾਂ, 309 ਵੱਡੀਆਂ ਤੇ ਕਿਲੋਮੀਟਰ ਸਕੀਮ ਅਧੀਨ 254 ਨਵੀਂਆਂ ਬੱਸਾਂ ਪੀਆਰਟੀਸੀ ਦੇ ਬੇੜੇ ’ਚ ਸ਼ਾਮਲ ਕਰਾਂਗੇ। ਸਵਾਲ : ਮੁੱਖ ਮੰਤਰੀ ਵੱਲੋਂ ਔਰਤਾਂ ਲਈ ਮੁਫ਼ਤ ਬੱਸ ਸਫਰ ਦੀ ਸਹੂਲਤ ਦਿੱਤੀ ਗਈ ਹੈ, ਕੀ ਇਹ ਪੀਆਰਟੀਸੀ ’ਤੇ ਬੋਝ ਨਹੀਂ ਪਾ ਰਹੀ? ਹਰਪਾਲ ਜੁਨੇਜਾ : ਬਿਲਕੁਲ ਨਹੀਂ! ਇਹ ਲੋਕ ਭਲਾਈ ਦਾ ਕੰਮ ਹੈ। ਸਰਕਾਰ ਵੱਲੋਂ ਇਸ ਦਾ ਬਣਦਾ ਫੰਡ ਸਮੇਂ ਸਿਰ ਜਾਰੀ ਕੀਤਾ ਜਾਂਦਾ ਹੈ। ਇਸ ਯੋਜਨਾ ਨਾਲ ਔਰਤਾਂ ਵਿੱਚ ਆਤਮ-ਵਿਸ਼ਵਾਸ ਵਧਿਆ ਹੈ ਅਤੇ ਉਹ ਕੰਮਕਾਜ ਲਈ ਬਾਹਰ ਨਿਕਲ ਰਹੀਆਂ ਹਨ। ਸਾਡਾ ਕੰਮ ਜਨਤਾ ਦੀ ਸੇਵਾ ਕਰਨਾ ਵੀ ਹੈ। ਸਵਾਲ : ਤੁਸੀਂ ਲੰਬੇ ਸਮੇਂ ਤੋਂ ਪਟਿਆਲਾ ਦੀ ਸਿਆਸਤ ਵਿੱਚ ਸਰਗਰਮ ਹੋ। ਪਟਿਆਲਾ ਦੇ ਵਿਕਾਸ ਬਾਰੇ ‘ਆਪ’ ਸਰਕਾਰ ਦੀ ਕੀ ਰਣਨੀਤੀ ਹੈ? ਹਰਪਾਲ ਜੁਨੇਜਾ : ਪਟਿਆਲਾ ਸਾਡਾ ਆਪਣਾ ਸ਼ਹਿਰ ਹੈ। ਪਿਛਲੇ ਕੁਝ ਸਾਲਾਂ ਵਿੱਚ ਇੱਥੇ ਸੜਕਾਂ, ਸੀਵਰੇਜ ਅਤੇ ਪੀਣ ਵਾਲੇ ਸਾਫ਼ ਪਾਣੀ ਦੇ ਪ੍ਰਾਜੈਕਟਾਂ ’ਤੇ ਤੇਜ਼ੀ ਨਾਲ ਕੰਮ ਹੋਇਆ ਹੈ। ਇੱਕ ਆਗੂ ਵਜੋਂ ਮੈਂ ਹਮੇਸ਼ਾ ਲੋਕਾਂ ਦੇ ਵਿਚਕਾਰ ਰਹਿੰਦਾ ਹਾਂ। ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਵਿਕਾਸ ਕਾਰਜ ਸਿਰਫ ਕਾਗਜ਼ਾਂ ’ਤੇ ਨਾ ਰਹਿਣ, ਸਗੋਂ ਜ਼ਮੀਨੀ ਪੱਧਰ ’ਤੇ ਵੀ ਨਜ਼ਰ ਆਉਣ। ਸਵਾਲ : ਕਰਮਚਾਰੀਆਂ ਦੀਆਂ ਮੰਗਾਂ ਬਾਰੇ ਤੁਹਾਡਾ ਕੀ ਕਹਿਣਾ ਹੈ? ਹਰਪਾਲ ਜੁਨੇਜਾ : ਕਰਮਚਾਰੀ ਯੂਨੀਅਨਾਂ ਨਾਲ ਰਾਬਤਾ ਬਣਾਇਆ ਜਾਵੇਗਾ। ਸਭ ਦੀ ਗੱਲ ਸੁਣ ਕੇ ਸੰਭਵ ਹੱਲ ਵੀ ਜ਼ਰੂਰ ਕੀਤਾ ਜਾਵੇਗਾ। ਸਾਡੀ ਸਰਕਾਰ ਨੇ ਪਹਿਲਾਂ ਹੀ ਹਜ਼ਾਰਾਂ ਮੁਲਾਜ਼ਮ ਪੱਕੇ ਕੀਤੇ ਹਨ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਵੀ ਪੜਾਅਵਾਰ ਹੱਲ ਕੀਤਾ ਜਾਵੇਗਾ। ਮੇਰਾ ਦਫ਼ਤਰ ਹਰ ਮੁਲਾਜ਼ਮ ਲਈ ਹਮੇਸ਼ਾ ਖੁੱਲ੍ਹਾ ਹੈ। ਸਵਾਲ : ਪੰਜਾਬ ਦੇ ਲੋਕਾਂ ਲਈ ਕੋਈ ਖਾਸ ਸੁਨੇਹਾ? ਹਰਪਾਲ ਜੁਨੇਜਾ : ਉਹ ਸਿਰਫ ਇਹੀ ਕਹਿਣਾ ਚਾਹੁੰਦੇ ਹਨ ਕਿ ਪੀਆਰਟੀਸੀ ਤੁਹਾਡੀ ਆਪਣੀ ਸੰਸਥਾ ਹੈ। ਇਸ ਦੀਆਂ ਬੱਸਾਂ ਵਿੱਚ ਸਫ਼ਰ ਕਰੋ ਅਤੇ ਸਰਕਾਰੀ ਸੰਪਤੀ ਦਾ ਖਿਆਲ ਰੱਖੋ। ਅਸੀਂ ਇੱਕ ਭ੍ਰਿਸ਼ਟਾਚਾਰ ਮੁਕਤ ਅਤੇ ਪਾਰਦਰਸ਼ੀ ਸਿਸਟਮ ਦੇਣ ਲਈ ਵਚਨਬੱਧ ਹਾਂ। ਤੁਹਾਡਾ ਸਹਿਯੋਗ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ।