ਚਟਕਾਰੇ : ਕੰਨੀਂ ਦੇਖਿਆ, ਅੱਖੀਂ ਸੁਣਿਆ
ਚਟਕਾਰੇ : ਕੰਨੀਂ ਦੇਖਿਆ, ਅੱਖੀਂ ਸੁਣਿਆ
Publish Date: Sat, 24 Jan 2026 06:42 PM (IST)
Updated Date: Sat, 24 Jan 2026 06:46 PM (IST)

ਸੁਧਾਰ ਦੀ ‘ਪਾਸਾ-ਵੱਟ’ ਲਹਿਰ ਪੰਜਾਬ ਦੀ ਇੱਕ ਖੇਤਰੀ ਪਾਰਟੀ ਵਿੱਚ ਸੁਧਾਰ ਕਰਨ ਦੇ ਨਾਮ ਤੇ ਇੱਕ ਵੱਖਰਾ ਧੜਾ ਉੱਭਰ ਕੇ ਸਾਹਮਣੇ ਆਇਆ ਸੀ। ਇਸ ਧੜੇ ਨੇ ਆਪਣੇ ਆਪ ਨੂੰ ਵੱਖਰੀ ਅਤੇ ਅਸਲੀ ਪਾਰਟੀ ਦੇ ਰੂਪ ਵਿੱਚ ਪੇਸ਼ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ। ਪਰ ਇਹ ਸੁਧਾਰ ਲਹਿਰ ਹੌਲੀ-ਹੌਲੀ ਪਾਸਾ ਵੱਟ ਲਹਿਰ ਬਣਦੀ ਜਾ ਰਹੀ ਹੈ। ਕਈ ਲੀਡਰ ਇਸ ਵੱਖਰੇ ਹੋਏ ਧੜੇ ਤੋਂ ਪਾਸਾ ਵੱਟ ਕੇ ਜਾਂ ਤਾਂ ਹੋਰ ਪਾਰਟੀਆਂ ਜੁਆਇਨ ਕਰ ਰਹੇ ਹਨ ਜਾਂ ਫਿਰ ਵਾਪਸ ਉੱਥੇ ਹੀ ਪਹੁੰਚ ਰਹੇ ਜਿੱਥੋਂ ਵੱਖ ਹੋ ਕੇ ਸੁਧਾਰ ਧੜਾ ਖੜ੍ਹਾ ਕੀਤਾ ਸੀ। ਚਾਚੇ ਚੌਰੇ ਵਾਲੇ ਦਾ ਕਹਿਣਾ ਹੈ ਕਿ ਸੁਧਾਰ ਕਰਨ ਦਾ ਚਾਅ ਸਿਰਫ਼ ਉਦੋਂ ਤਕ ਹੁੰਦਾ ਹੈ ਜਦੋਂ ਤਕ ਆਪਣੀ ‘ਦਾਲ’ ਨਹੀਂ ਗਲਦੀ। ਜਿਵੇਂ ਹੀ ਕਿਸੇ ਹੋਰ ਪਾਸੇ ‘ਦਾਲ’ ਗਲਦੀ ਦਿਸਦੀ ਹੈ, ਇਹ ਸੁਧਾਰਕ ਰਾਤੋਂ-ਰਾਤ ‘ਅੰਤਰ-ਆਤਮਾ ਦੀ ਆਵਾਜ਼’ ਸੁਣ ਲੈਂਦੇ ਹਨ। ਇਨ੍ਹਾਂ ਦੀ ਅੰਤਰ-ਆਤਮਾ ਵੀ ਬੜੀ ਹਾਈ-ਟੈਕ ਹੈ, ਹਮੇਸ਼ਾ ਉਸੇ ਪਾਸੇ ਦਾ ਸਿਗਨਲ ਫੜਦੀ ਹੈ, ਜਿੱਥੇ ਜਾਂ ਤਾਂ ਸੱਤਾ ਦਾ ਟਾਵਰ ਲੱਗਾ ਹੋਵੇ ਜਾਂ ਫਿਰ ਵੱਡਾ ਅਹੁਦਾ ਮਿਲ ਰਿਹਾ ਹੋਵੇ। ਪਹਿਲਾਂ ਸਿਆਸੀ ਨਾਰਾ ਹੁੰਦਾ ਸੀ ‘ਅਸੀਂ ਸਿਸਟਮ ਬਦਲਾਂਗੇ”। ਹੁਣ ਕਹਿ ਸਕਦੇ ਹਾਂ, “ਅਸੀਂ ਪਾਸਾ ਬਦਲਾਂਗੇ”। ਪਾਸਾ ਵੀ ਅਜਿਹਾ ਬਦਲਾਂਗੇ ਕਿ ਜਿਨ੍ਹਾਂ ਨੂੰ ਕੱਲ ਤੱਕ ਭ੍ਰਿਸ਼ਟ ਦੱਸਦੇ ਸੀ, ਉਹੀ ਹੁਣ ਕੱਟੜ ਈਮਾਨਦਾਰ ਅਤੇ ਉਸਤਤ ਦੇ ਪਾਤਰ ਹੋ ਗਏ ਹਨ। ਚਾਚੇ ਮੁਤਾਬਕ ਵਰਕਰ ਵਿਚਾਰੇ ਪਾਰਟੀ ਦਫ਼ਤਰਾਂ ਦੇ ਬਾਹਰ ਝੰਡੇ ਚੁੱਕੀ ਖੜ੍ਹੇ ਰਹਿ ਜਾਂਦੇ ਹਨ ਤੇ ਸੁਧਾਰਕ ਜੀ ਪਿਛਲੇ ਦਰਵਾਜ਼ੇ ਰਾਹੀਂ ਆਪਣੀ ਸੁਧਾਰਕ ਰੂਹ ਨੂੰ ਨਵੀਂ ਗੱਡੀ ਵਿੱਚ ਬਿਠਾ ਕੇ ਨਿਕਲ ਜਾਂਦੇ ਹਨ। ਸਿਆਸਤ ਦੀ ਇਸ ਖੇਡ ਵਿੱਚ ਸੁਧਾਰ ਇੱਕ ਕੰਡੀਸ਼ਨਲ ਸ਼ਬਦ ਹੈ। ਅਜਿਹੇ ਲੀਡਰਾਂ ਨੂੰ ਵੇਖ ਕੇ ਤਾਂ ਇਹੀ ਲੱਗਦਾ ਹੈ ਕਿ ਇਹ ਪਾਰਟੀ ਨੂੰ ਨਹੀਂ, ਸਗੋਂ ਆਪਣੀ ਕਿਸਮਤ ਨੂੰ ਸੁਧਾਰਨ ਨਿਕਲੇ ਹਨ। ਪਾਵਰ ਵਾਲੇ ਮਹਿਕਮੇ ਦੀ ‘ਪਾਵਰ’ ਗੇਮ ਪੰਜਾਬ ਦੇ ਪਾਵਰ ਮਹਿਕਮੇ ਯਾਨੀ ਬਿਜਲੀ ਵਿਭਾਗ ਵਿੱਚ ਅੱਜਕੱਲ੍ਹ ‘ਪਾਵਰ ਗੇਮ’ ਪੂਰੀ ਰੌਸ਼ਨੀ ਵਿੱਚ ਚੱਲ ਰਹੀ ਹੈ। ਇਹ ਅਜਿਹੀ ਖੇਡ ਹੈ ਜਿੱਥੇ ਤਾਰਾਂ ਵਿੱਚ ਕਰੰਟ ਹੋਵੇ ਨਾ ਹੋਵੇ, ਪਰ ਜਥੇਬੰਦੀਆਂ ਅਤੇ ਸਰਕਾਰ ਵਿੱਚ ਪੂਰੇ 440 ਵੋਲਟ ਦਾ ਝਟਕਾ ਮਹਿਸੂਸ ਕੀਤਾ ਜਾ ਸਕਦਾ ਹੈ। ਇੱਕ ਪਾਸੇ ਜਥੇਬੰਦੀਆਂ ਹਨ, ਜਿਨ੍ਹਾਂ ਦਾ ਮੰਨਣਾ ਹੈ ਕਿ ਮਹਿਕਮਾ ਉਨ੍ਹਾਂ ਦੇ ਦਮ ਤੇ ਚੱਲ ਰਿਹਾ ਹੈ, ਉਹ ਆਪਣੀ ਪਾਵਰ ਦਿਖਾਉਣ ਲਈ ਜਦੋਂ ਬਟਨ ਦਬਾਉਂਦੇ ਹਨ ਤਾਂ ਵੱਡੇ-ਵੱਡੇ ਦਫ਼ਤਰਾਂ ਦੀਆਂ ਬੱਤੀਆਂ ਗੁੱਲ ਹੋ ਜਾਂਦੀਆਂ ਹਨ। ਉਨ੍ਹਾਂ ਲਈ ਹੜਤਾਲ ਇੱਕ ਅਜਿਹਾ ਇਨਵਰਟਰ ਹੈ ਜੋ ਮੰਗਾਂ ਪੂਰੀਆਂ ਨਾ ਹੋਣ ਤੇ ਤੁਰੰਤ ਚਾਲੂ ਹੋ ਜਾਂਦਾ ਹੈ। ਜਥੇਬੰਦੀ ਦਾ ਤਰਕ ਹੈ ਕਿ ਜੇ ਅਸੀਂ ਪਸੀਨਾ ਵਹਾ ਸਕਦੇ ਹਾਂ, ਤਾਂ ਅਸੀਂ ਪੂਰੇ ਸੂਬੇ ਦਾ ਠੰਡ ਵਿੱਚ ਪਸੀਨਾ ਕਢਵਾ ਵੀ ਸਕਦੇ ਹਾਂ। ਦੂਜੇ ਪਾਸੇ ਸਰਕਾਰ ਹੈ, ਜਿਸ ਕੋਲ ਪਾਵਰ ਦਾ ਅਸਲੀ ਰਿਮੋਟ ਕੰਟਰੋਲ ਹੈ। ਸਰਕਾਰ ਦਾ ਕਹਿਣਾ ਹੈ ਕਿ ਅਸੀਂ ਉਹ ਪਾਵਰ ਹਾਂ ਜੋ ਕਿਸੇ ਵੀ ਸਮੇਂ ਐਸਮਾ ਨਾਲ ਫਿਊਜ਼ ਉਡਾ ਸਕਦੀ ਹੈ। ਜਦੋਂ ਜਥੇਬੰਦੀਆਂ ਆਪਣੀ ਤਾਕਤ ਦੀ ਨੁਮਾਇਸ਼ ਕਰਦੀਆਂ ਹਨ, ਤਾਂ ਸਰਕਾਰ ਵੀ ਆਪਣੀ ਵੋਲਟੇਜ ਵਧਾ ਕੇ ਦਿਖਾ ਦਿੰਦੀ ਹੈ ਕਿ ਖੇਡ ਦੇ ਨਿਯਮ ਕੌਣ ਲਿਖਦਾ ਹੈ। ਸਰਕਾਰ ਦੀ ਪਾਵਰ ਅਜਿਹੀ ਹੈ ਕਿ ਉਹ ਮੁਅੱਤਲੀਆਂ ਤੇ ਤਬਾਦਲੇ ਦੇ ਝਟਕੇ ਦੇ ਕੇ ਜਥੇਬੰਦੀਆਂ ਦੇ ਟਰਾਂਸਫਾਰਮਰ ਫੂਕ ਵੀ ਸਕਦੀ ਹੈ। ਇਸ ਪਾਵਰ ਦੀ ਜੰਗ ਵਿੱਚ ਵਿਚਾਰਾ ਆਮ ਖਪਤਕਾਰ ਉਸ ਬੱਲਬ ਵਾਂਗ ਹੈ ਜੋ ਹਾਈ-ਵੋਲਟੇਜ ਅਤੇ ਲੋਅ-ਵੋਲਟੇਜ ਦੇ ਵਿਚਕਾਰ ਫਿਊਜ਼ ਹੋਣ ਦਾ ਡਰ ਪਾਲੀ ਬੈਠਾ ਹੈ। ਜਨਤਾ ਸਮਝ ਨਹੀਂ ਪਾ ਰਹੀ ਕਿ ਅਸਲੀ ਬਿਜਲੀ ਕਿੱਥੇ ਹੈ—ਤਾਰਾਂ ਵਿੱਚ ਜਾਂ ਇਨ੍ਹਾਂ ਦੋਵਾਂ ਧਿਰਾਂ ਦੀਆਂ ਈਗੋ ਵਿੱਚ? ਲੋਕਾਂ ਦਾ ਕਹਿਣਾ ਹੈ, ਮਹਿਕਮੇ ਵਿੱਚ ਸਭ ਕੁਝ ਪਾਵਰਫੁੱਲ ਹੈ, ਬਸ ਇੱਕ ਬਿਜਲੀ ਦੀ ਸਪਲਾਈ ਨੂੰ ਛੱਡ ਕੇ! ਨੂੰਹ ਨੂੰ ਮਿਲਿਆ ਸਬਰ ਦਾ ਫ਼ਲ! ਆਖ਼ਰਕਾਰ ਪਟਿਆਲਾ ਦੀ ਸਿਆਸਤ ਵਿੱਚ ‘ਨੂੰਹ ਰਾਣੀ’ ਦਾ ਸਿੱਕਾ ਚੱਲ ਹੀ ਗਿਆ। ‘ਸੱਸ-ਨੂੰਹ’ ਦੇ ਇਸ ਖਿਚੋਤਾਣ ਵਾਲੇ ਸਿਆਸੀ ਰਿਸ਼ਤੇ ਵਿੱਚ ਐਂਤਕੀ ਬਾਜ਼ੀ ਨੂੰਹ ਦੇ ਹੱਥ ਆਈ ਹੈ ਜਾਂ ਕਹਿ ਲਓ ਕਿ ਨੂੰਹ ਦੇ ਸਬਰ ਨੂੰ ਭਾਗ ਲੱਗੇ ਹਨ ਅਤੇ ਉਸ ਦੀ ਝੋਲੀ ਵਿੱਚ ਸਿਆਸਤ ਦਾ ਅਜਿਹਾ ਭਾਗ ਲੱਗਿਆ ਹੈ ਕਿ ਵਿਰੋਧੀ ਸੱਸ ਅਤੇ ਸਾਰਾ ਸਹੁਰਾ ਪਰਿਵਾਰ ਮੂੰਹ ਵਿੱਚ ਉਂਗਲਾਂ ਪਾਕੇ ਦੇਖ ਰਹੇ ਹਨ। ਇਸ ਨੂੰਹ-ਸੱਸ ਦੀ ਲੜਾਈ ਵਿੱਚ ਕਦੇ ਲੱਗਦਾ ਸੀ ਕਿ ‘ਸੱਸ’ ਆਪਣਾ ਦਬਦਬਾ ਬਣਾਈ ਰੱਖੇਗੀ, ਪਰ ਨੂੰਹ ਨੇ ਆਪਣੀ ਚੁੱਪ-ਚਪੀਤੀ ਰਣਨੀਤੀ ਨਾਲ ਅਜਿਹੀ ਚਾਲ ਚੱਲੀ ਕਿ ਉਸਨੂੰ ਵੱਡੀ ਜ਼ਿੰਮੇਵਾਰੀ ਮਿਲ ਗਈ ਹੈ। ਪਟਿਆਲਾ ਦੇ ਚੌਂਕਾਂ ਵਿੱਚ ਚਰਚਾ ਹੈ ਕਿ ‘ਨੂੰਹ ਰਾਣੀ ਨੇ ਅਖੀਰ ਆਪਣਾ ਹੱਕ ਖੋਹ ਹੀ ਲਿਆ।’ ਸੁਣਿਆ ਹੈ ‘ਨੂੰਹ’ ਨੇ ‘ਸੱਸ’ ਤੇ ਹੁਕਮ ਚਲਾਉਣ ਦੀ ਤਿਆਰੀ ਵੀ ਕਰ ਲਈ ਹੈ। ਜੋ ਵੀ ਹੈ ਪਰ ਸਿਆਸਤ ਦੀ ਇਸ ਰਸੋਈ ਵਿੱਚ ਮਸਾਲੇ ਤਾਂ ਬਹੁਤ ਸਨ, ਪਰ ਹਾਈ ਕਮਾਂਡ ਨੇ ਅਜਿਹਾ ਤੜਕਾ ਲਾਇਆ ਕਿ ਪੁਰਾਣੇ ਖਿਡਾਰੀਆਂ ਦੇ ਹੱਥ ਸੜ ਗਏ ਹਨ। ਨਾਲ ਹੀ ਪਟਿਆਲਾ ਦੀ ਰਾਜਨੀਤੀ ਦੇ ਵਿਹੜੇ ਵਿੱਚ ਨੂੰਹ ਦੀ ਅੱਡੀ ਦੀ ਧਮਕ ਵੀ ਪੈ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਵੱਡੀ ਜ਼ਿੰਮੇਵਾਰੀ ਨਿਭਾਉਂਦੇ ਹੋਏ ‘ਨੂੰਹ’ ਪਾਰਟੀ ਰੂਪੀ ਪਰਿਵਾਰ ਨੂੰ ਕਿੰਨਾ ਕੁ ਸੰਭਾਲ ਕੇ ਰੱਖਦੀ ਹੈ। ਚਾਚੇ ਚੌਰੇ ਵਾਲੇ ਨੇ ‘ਨੂੰਹ’ ਨੂੰ ਮੁਬਾਰਕਾਂ ਦਿੰਦਿਆਂ ਹੋਇਆਂ ਚੇਤਾਇਆ ਹੈ ਕਿ ਸਿਆਸਤ ਵਿੱਚ ਸੱਸਾਂ ਕਦੇ ਵੀ ਰਿਟਾਇਰ ਨਹੀਂ ਹੁੰਦੀਆਂ। ਇਸ ਲਈ ਇਸ ਜਿੱਤ ਨੂੰ ਫਾਈਨਲ ਜਿੱਤ ਨਾ ਸਮਝਿਆ ਜਾਵੇ। ਪੇਸ਼ਕਸ਼ : ਨਵਦੀਪ ਢੀਂਗਰਾ।