- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਸਾਤ ਨੇ ਖੋਲ੍ਹੀ ਨਿਗਮ ਦੇ ਦਾਅਵਿਆਂ ਦੀ ਪੋਲ

- ਪੁੱਟੀਆਂ ਸੜਕਾਂ ਬਣੀਆਂ ਸ਼ਹਿਰ ਵਾਸੀਆਂ ਲਈ ਜੀਅ ਦਾ ਜੰਜਾਲ
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਸ਼ਾਹੀ ਸ਼ਹਿਰ ਜੋ ਆਪਣੀ ਵਿਰਾਸਤ ਅਤੇ ਸੁੰਦਰਤਾ ਲਈ ਜਾਣਿਆ ਜਾਂਦਾ ਹੈ, ਅੱਜ-ਕੱਲ੍ਹ ਟੁੱਟੀਆਂ ਸੜਕਾਂ ਕਰ ਕੇ ਚਰਚਾ ਵਿਚ ਹੈ। ਪਿਛਲੇ ਦਿਨੀਂ ਹੋਈ ਬਾਰਿਸ਼ ਨੇ ਸ਼ਹਿਰ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਤਾਂ ਖੋਲ੍ਹੀ ਹੀ ਹੈ, ਪਰ ਇਸ ਤੋਂ ਵੀ ਵੱਡੀ ਮੁਸੀਬਤ ਉਨ੍ਹਾਂ ਸੜਕਾਂ ਨੇ ਖੜ੍ਹੀ ਕਰ ਦਿੱਤੀ ਹੈ ਜੋ ‘ਨਹਿਰੀ ਪਾਣੀ ਪ੍ਰਾਜੈਕਟ’ ਦੇ ਨਾਮ ਹੇਠ ਮਹੀਨਿਆਂ ਤੋਂ ਪੱਟੀਆਂ ਪਈਆਂ ਹਨ। ਹਾਲਾਤ ਇਹ ਹਨ ਕਿ ਬਰਸਾਤ ਰੁਕਣ ਦੇ ਅਗਲੇ ਦਿਨ ਵੀ ਸ਼ਹਿਰ ਦੇ ਕਈ ਮੁੱਖ ਇਲਾਕਿਆਂ ਅਤੇ ਅੰਦਰੂਨੀ ਗਲੀਆਂ ਵਿੱਚ ਪਾਣੀ ਜਮਾਂ ਹੈ। ਸੜਕਾਂ ਉੱਪਰ ਪਾਣੀ ਦੀ ਚਾਦਰ ਵਿਛੀ ਹੋਣ ਕਾਰਨ ਇਹ ਪਤਾ ਹੀ ਨਹੀਂ ਲੱਗਦਾ ਕਿ ਕਿੱਥੇ ਸੜਕ ਅਤੇ ਕਿੱਥੇ ਡੂੰਘਾ ਖੱਡਾ ਹੈ। ਦੂਜੇ ਪਾਸੇ, ਨਗਰ ਨਿਗਮ ਅਤੇ ਸਬੰਧਤ ਵਿਭਾਗ ਦੇ ਅਧਿਕਾਰੀ ਇਸ ਮਾਮਲੇ ’ਤੇ ਜਲਦੀ ਕਾਰਵਾਈ ਕਰਨ ਦਾ ਭਰੋਸਾ ਤਾਂ ਦੇ ਰਹੇ ਹਨ, ਪਰ ਅਮਲੀ ਰੂਪ ਵਿੱਚ ਕੰਮ ਕਿਧਰੇ ਨਜ਼ਰ ਨਹੀਂ ਆ ਰਿਹਾ। ਜੇਕਰ ਆਉਣ ਵਾਲੇ ਦਿਨਾਂ ਵਿੱਚ ਫਿਰ ਬਰਸਾਤ ਹੁੰਦੀ ਹੈ, ਤਾਂ ਪਟਿਆਲਾ ਵਾਸੀਆਂ ਲਈ ਮੁਸੀਬਤ ਹੋਰ ਵੀ ਵੱਧ ਸਕਦੀ ਹੈ।
ਮਿੱਟੀ ਪਾ ਕੇ ਸਾਰਿਆਂ ਸੀ ‘ਬੁੱਤਾ’ : ਸ਼ਹਿਰ ਵਾਸੀਆਂ ਦਾ ਦੋਸ਼ ਹੈ ਕਿ ਨਹਿਰੀ ਪਾਣੀ ਪ੍ਰਾਜੈਕਟ ਤਹਿਤ ਪਾਈਪਾਂ ਪਾਉਣ ਲਈ ਸੜਕਾਂ ਨੂੰ ਬੁਰੀ ਤਰ੍ਹਾਂ ਪੁੱਟਿਆ ਗਿਆ ਸੀ। ਕੰਮ ਖਤਮ ਹੋਣ ਤੋਂ ਬਾਅਦ ਨਿਯਮਾਂ ਅਨੁਸਾਰ ਸੜਕਾਂ ਦੀ ਤੁਰੰਤ ਮੁਰੰਮਤ ਹੋਣੀ ਚਾਹੀਦੀ ਸੀ, ਪਰ ਸਬੰਧਿਤ ਵਿਭਾਗ ਅਤੇ ਠੇਕੇਦਾਰਾਂ ਨੇ ਸਿਰਫ ਮਿੱਟੀ ਪਾ ਕੇ ‘ਬੁੱਤਾ ਸਾਰ’ ਦਿੱਤਾ। ਹਾਲੀਆ ਬਾਰਿਸ਼ ਨੇ ਇਸ ਕੱਚੀ ਮਿੱਟੀ ਨੂੰ ਵਹਾਅ ਦਿੱਤਾ ਹੈ, ਜਿਸ ਕਾਰਨ ਸੜਕਾਂ ਵਿਚਕਾਰ ਵੱਡੇ-ਵੱਡੇ ਖੱਡੇ ਪੈ ਗਏ ਹਨ।
ਹਾਦਸਿਆਂ ਨੂੰ ਸੱਦਾ ਦਿੰਦੀਆਂ ਸੜਕਾਂ : ਸੜਕਾਂ ਦੇ ਇਨ੍ਹਾਂ ਟੋਇਆਂ ਵਿੱਚ ਵਾਹਨ ਫਸ ਰਹੇ ਹਨ। ਖਾਸ ਕਰ ਕੇ ਬਜ਼ੁਰਗਾਂ ਅਤੇ ਸਕੂਲੀ ਬੱਚਿਆਂ ਲਈ ਇਹ ਰਸਤੇ ਬੇਹੱਦ ਖ਼ਤਰਨਾਕ ਸਾਬਤ ਹੋ ਰਹੇ ਹਨ। ਕਈ ਥਾਵਾਂ ’ਤੇ ਦੋ-ਪਹੀਆ ਵਾਹਨਾਂ ਦੇ ਤਿਲਕਣ ਕਾਰਨ ਲੋਕ ਜ਼ਖ਼ਮੀ ਵੀ ਹੋ ਰਹੇ ਹਨ। ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਚਿੱਕੜ ਅਤੇ ਖੜ੍ਹੇ ਪਾਣੀ ਕਾਰਨ ਲੋਕਾਂ ਦਾ ਘਰਾਂ ਤੋਂ ਨਿਕਲਣਾ ਦੁੱਭਰ ਹੋ ਗਿਆ ਹੈ।
ਲੋਕਾਂ ’ਚ ਭਾਰੀ ਰੋਸ : ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਟੈਕਸ ਭਰਦੇ ਹਾਂ, ਪਰ ਸਾਨੂੰ ਬੁਨਿਆਦੀ ਸਹੂਲਤਾਂ ਦੀ ਥਾਂ ਸਿਰਫ ਟੋਏ ਅਤੇ ਗੰਦਗੀ ਮਿਲ ਰਹੀ ਹੈ। ਪ੍ਰਸ਼ਾਸਨ ਸਿਰਫ ਕਾਗਜ਼ੀ ਦਾਅਵੇ ਕਰਦਾ ਹੈ, ਜ਼ਮੀਨੀ ਹਕੀਕਤ ਬਹੁਤ ਮਾੜੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਨਹਿਰੀ ਪਾਣੀ ਪ੍ਰਾਜੈਕਟ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਜਿੱਥੇ ਕੰਮ ਮੁਕੰਮਲ ਹੋ ਚੁੱਕਾ ਹੈ, ਉੱਥੇ ਸੜਕਾਂ ਦੀ ਤੁਰੰਤ ਪੱਕੀ ਮੁਰੰਮਤ ਕੀਤੀ ਜਾਵੇ ਤਾਂ ਜੋ ਆਮ ਜਨਤਾ ਨੂੰ ਇਸ ਰੋਜ਼ਾਨਾ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ, ਖੜ੍ਹੇ ਪਾਣੀ ਦੀ ਨਿਕਾਸੀ ਲਈ ਤੁਰੰਤ ਸੁਪਰ ਸਕਸ਼ਨ ਮਸ਼ੀਨਾਂ ਲਗਾਈਆਂ ਜਾਣ।