ਪਟਿਆਲਾ ਨੂੰ ਮਿਸਾਲੀ ਜ਼ਿਲ੍ਹਾ ਬਣਾਉਣਾ ਮੇਰਾ ਮੁੱਖ ਟੀਚਾ : ਡੀਸੀ
ਪਟਿਆਲਾ ਨੂੰ ਮਿਸਾਲੀ ਜ਼ਿਲ੍ਹਾ ਬਣਾਉਣਾ ਮੇਰਾ ਮੁੱਖ ਟੀਚਾ: ਡਿਪਟੀ ਕਮਿਸ਼ਨਰ ਵਰਜੀਤ ਵਾਲੀਆ
Publish Date: Sat, 24 Jan 2026 05:41 PM (IST)
Updated Date: Sat, 24 Jan 2026 05:43 PM (IST)

- ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਨਾਲ ਕੀਤੀ ਗੈਰ ਰਸਮੀ ਮੁਲਾਕਾਤ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਦੇ ਨਵੇਂ ਨਿਯੁਕਤ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਨੁਮਾਇੰਦਿਆਂ ਨਾਲ ਇੱਕ ਵਿਸ਼ੇਸ਼ ਗੈਰ-ਰਸਮੀ ਮੁਲਾਕਾਤ ਕੀਤੀ। ਇਸ ਮਿਲਣੀ ਦੌਰਾਨ ਉਨ੍ਹਾਂ ਨੇ ਜ਼ਿਲ੍ਹੇ ਦੇ ਵਿਕਾਸ ਲਈ ਆਪਣਾ ਵਿਜ਼ਨ ਸਾਂਝਾ ਕਰਦਿਆਂ ਸਪੱਸ਼ਟ ਕੀਤਾ ਕਿ ਪ੍ਰਸ਼ਾਸਨਿਕ ਪਾਰਦਰਸ਼ਤਾ ਅਤੇ ਲੋਕ-ਪੱਖੀ ਸੇਵਾਵਾਂ ਉਨ੍ਹਾਂ ਦੀ ਕਾਰਜਸ਼ੈਲੀ ਦਾ ਮੁੱਖ ਆਧਾਰ ਰਹਿਣਗੀਆਂ। ਡਿਪਟੀ ਕਮਿਸ਼ਨਰ ਨੇ ਮੀਡੀਆ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਮੀਡੀਆ ਸਿਰਫ਼ ਖ਼ਬਰਾਂ ਪਹੁੰਚਾਉਣ ਦਾ ਸਾਧਨ ਨਹੀਂ, ਸਗੋਂ ਲੋਕਤੰਤਰ ਦਾ ਚੌਥਾ ਅਹਿਮ ਸਤੰਭ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਮੀਡੀਆ ਅਤੇ ਪ੍ਰਸ਼ਾਸਨ ਦਰਮਿਆਨ ਇੱਕ ਸਿਹਤਮੰਦ ਤਾਲਮੇਲ ਨਹੀਂ ਹੁੰਦਾ, ਉਦੋਂ ਤਕ ਪ੍ਰਭਾਵਸ਼ਾਲੀ ਸ਼ਾਸਨ ਸੰਭਵ ਨਹੀਂ ਹੈ। ਡੀਸੀ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਪੰਜਾਬ ਸਰਕਾਰ ਦੀਆਂ ਲੋਕ-ਹਿਤੈਸ਼ੀ ਸਕੀਮਾਂ ਨੂੰ ਅੰਤਿਮ ਲਾਭਪਾਤਰੀ ਤਕ ਪਹੁੰਚਾਉਣਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਮੁਕਤ ਅਤੇ ਪਾਰਦਰਸ਼ੀ ਮਾਹੌਲ ਸਿਰਜਿਆ ਜਾਵੇਗਾ। ਹਰ ਵਿਭਾਗੀ ਕਾਰਗੁਜ਼ਾਰੀ ਦੀ ਨਿਯਮਿਤ ਸਮੀਖਿਆ ਕੀਤੀ ਜਾਵੇਗੀ। ਆਮ ਲੋਕਾਂ ਅਤੇ ਮੀਡੀਆ ਲਈ ਪ੍ਰਸ਼ਾਸਨ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿਣਗੇ ਤਾਂ ਜੋ ਕੋਈ ਵੀ ਸਮੱਸਿਆ ਅਣਸੁਣੀ ਨਾ ਰਹੇ। ਡਿਪਟੀ ਕਮਿਸ਼ਨਰ ਨੇ ਪਟਿਆਲਾ ਨੂੰ ‘ਮਿਸਾਲੀ ਜ਼ਿਲ੍ਹਾ’ ਬਣਾਉਣ ਦਾ ਨਾਅਰਾ ਦਿੱਤਾ। ਉਨ੍ਹਾਂ ਕਿਹਾ ਕਿ ਪਟਿਆਲਾ ਦੀ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਤਾ ਨੂੰ ਮੁੱਖ ਰੱਖਦਿਆਂ ਇੱਥੋਂ ਦੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਟ੍ਰੈਫਿਕ ਵਿਵਸਥਾ, ਸਫ਼ਾਈ ਪ੍ਰਬੰਧ ਅਤੇ ਸਿਹਤ-ਸਿੱਖਿਆ ਦੀਆਂ ਸਹੂਲਤਾਂ ਵਿੱਚ ਸੁਧਾਰ ਲਿਆਉਣਾ ਉਨ੍ਹਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੈ। ਇਸ ਮੌਕੇ ਮੌਜੂਦ ਪੱਤਰਕਾਰਾਂ ਨੇ ਵੀ ਜ਼ਿਲ੍ਹੇ ਦੀਆਂ ਭਖਦੀਆਂ ਸਮੱਸਿਆਵਾਂ, ਅਧੂਰੇ ਪਏ ਵਿਕਾਸ ਪ੍ਰਾਜੈਕਟਾਂ ਅਤੇ ਲੋਕਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ। ਡਿਪਟੀ ਕਮਿਸ਼ਨਰ ਨੇ ਬੜੀ ਗੰਭੀਰਤਾ ਨਾਲ ਸਾਰੇ ਨੁਕਤੇ ਨੋਟ ਕੀਤੇ ਅਤੇ ਭਰੋਸਾ ਦਿੱਤਾ ਕਿ ਉਹ ਨਿੱਜੀ ਤੌਰ ’ਤੇ ਇਨ੍ਹਾਂ ਮਸਲਿਆਂ ਦੀ ਪੈਰਵਾਈ ਕਰਨਗੇ। ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਇਸ ਪਹਿਲਕਦਮੀ ਨੇ ਇਹ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵਧੇਰੇ ਸਰਗਰਮ ਅਤੇ ਲੋਕ-ਪੱਖੀ ਨਜ਼ਰ ਆਵੇਗਾ। ਉਨ੍ਹਾਂ ਕਿਹਾ ਕਿ ਜੇਕਰ ਮੀਡੀਆ ਅਤੇ ਪ੍ਰਸ਼ਾਸਨ ਇੱਕ ਟੀਮ ਵਜੋਂ ਕੰਮ ਕਰਨਗੇ, ਤਾਂ ਪਟਿਆਲਾ ਨਾ ਸਿਰਫ਼ ਪੰਜਾਬ, ਸਗੋਂ ਪੂਰੇ ਦੇਸ਼ ਲਈ ਸੁਸ਼ਾਸਨ ਦੀ ਇੱਕ ਮਿਸਾਲ ਬਣ ਕੇ ਉੱਭਰੇਗਾ।