ਪਟਿਆਲਾ ਦੀ ਧੀ ਏਕਮ ਕੌਰ ਨੇ ਰਾਸ਼ਟਰੀ ਪੱਧਰ ’ਤੇ ਗੱਡੇ ਝੰਡੇ
ਪਟਿਆਲਾ ਦੀ ਧੀ ਏਕਮ ਕੌਰ ਨੇ ਰਾਸ਼ਟਰੀ ਪੱਧਰ ’ਤੇ ਗੱਡੇ ਝੰਡੇ
Publish Date: Sat, 24 Jan 2026 05:12 PM (IST)
Updated Date: Sat, 24 Jan 2026 05:16 PM (IST)

- ਪ੍ਰਧਾਨ ਮੰਤਰੀ ਨਾਲ ਮਿਲਣ ’ਤੇ ਗੱਲ ਕਰਨ ਦਾ ਮਿਲਿਆ ਮੌਕਾ - ‘ਪਰੀਕਸ਼ਾ ਪੇ ਚਰਚਾ’ ਲਈ ਪੰਜਾਬ ’ਚੋਂ ਇਕਲੌਤੀ ਵਿਦਿਆਰਥਣ ਏਕਮ ਨੇ ਲਿਆ ਹਿੱਸਾ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੀਐੱਮ ਸ਼੍ਰੀ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਨੌਰ ਪਟਿਆਲਾ ਦੀ ਵਿਦਿਆਰਥਣ ਏਕਮ ਕੌਰ ਨੇ ਰਾਸ਼ਟਰੀ ਪੱਧਰ ਦੇ ਵੱਕਾਰੀ ਪ੍ਰੋਗਰਾਮ ‘ਪਰੀਕਸ਼ਾ ਪੇ ਚਰਚਾ’ ਵਿੱਚ ਹਿੱਸਾ ਲੈ ਕੇ ਨਾ ਸਿਰਫ਼ ਆਪਣੇ ਸਕੂਲ, ਸਗੋਂ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਨਵੀਂ ਦਿੱਲੀ ਵਿਖੇ ਕਰਵਾਏ ਪ੍ਰੋਗਰਾਮ ਲਈ ਦੇਸ਼ ਭਰ ਦੇ ਕਰੋੜਾਂ ਵਿਦਿਆਰਥੀਆਂ ਵਿੱਚੋਂ ਸਿਰਫ 36 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਸੀ, ਜਿਨ੍ਹਾਂ ਵਿੱਚ ਪੰਜਾਬ ਰਾਜ ਦੀ ਨੁਮਾਇੰਦਗੀ ਕਰਨ ਵਾਲੀ ਏਕਮ ਕੌਰ ਇਕਲੌਤੀ ਵਿਦਿਆਰਥਣ ਰਹੀ। ਇਸ ਯਾਤਰਾ ਦੌਰਾਨ ਏਕਮ ਕੌਰ ਨੂੰ ਇੱਕ ਬਹੁਤ ਹੀ ਦੁਰਲੱਭ ਅਤੇ ਸੁਨਿਹਰੀ ਮੌਕਾ ਮਿਲਿਆ ਜਦੋਂ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੇ ਨਿਵਾਸ ਅਸਥਾਨ (ਪੀਐੱਮ ਆਵਾਸ) ਵਿਖੇ ਮੁਲਾਕਾਤ ਕੀਤੀ। ਵਿਦਿਆਰਥਣ ਨੇ ਪ੍ਰਧਾਨ ਮੰਤਰੀ ਨਾਲ ਹੋਏ ਇੰਟਰਐਕਟਿਵ ਸੈਸ਼ਨ ਵਿੱਚ ਸਿੱਧਾ ਸਵਾਲ ਪੁੱਛਣ ਦਾ ਮਾਣ ਵੀ ਹਾਸਲ ਕੀਤਾ। ਏਕਮ ਅਨੁਸਾਰ ਇਹ ਅਨੁਭਵ ਉਸ ਦੇ ਜੀਵਨ ਲਈ ਬਹੁਤ ਪ੍ਰੇਰਨਾਦਾਇਕ ਅਤੇ ਯਾਦਗਾਰੀ ਰਿਹਾ ਹੈ। ਕਰੋੜਾਂ ਦੀ ਰਜਿਸਟ੍ਰੇਸ਼ਨ ਵਿੱਚੋਂ ਮਿਲੀ ਸਫਲਤਾ : ਜ਼ਿਲ੍ਹਾ ਨੋਡਲ ਅਫ਼ਸਰ ਪੀਪੀਸੀ ਗਗਨਦੀਪ ਕੌਰ, ਜਿਨ੍ਹਾਂ ਨੇ ਅਧਿਆਪਕ ਇੰਚਾਰਜ ਵਜੋਂ ਵਿਦਿਆਰਥਣ ਨਾਲ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਾਲ ਦੇਸ਼ ਭਰ ਵਿੱਚੋਂ ਲਗਭਗ 4 ਕਰੋੜ ਤੋਂ ਵੱਧ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਇੰਨੀ ਵੱਡੀ ਗਿਣਤੀ ਵਿੱਚੋਂ ਸਿਰਫ 36 ਵਿਦਿਆਰਥੀਆਂ ਦਾ ਚੁਣਿਆ ਜਾਣਾ ਏਕਮ ਕੌਰ ਦੀ ਕਾਬਲੀਅਤ ਅਤੇ ਸਕੂਲ ਦੀ ਮਿਹਨਤ ਦਾ ਪ੍ਰਤੀਕ ਹੈ। ਆਪਣੀ ਇਸ ਇਤਿਹਾਸਕ ਉਪਲਬਧੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਏਕਮ ਕੌਰ ਨੇ ਐੱਸਸੀਈਆਰਟੀ ਦੇ ਸਟੇਟ ਨੋਡਲ ਅਫਸਰ ਮੈਡਮ ਸੀਮਾ ਖੇੜਾ ਅਤੇ ਮੈਡਮ ਸੋਨੀਆ, ਜ਼ਿਲ੍ਹਾ ਸਿੱਖਿਆ ਅਧਿਕਾਰੀ ਸੰਜੀਵ ਸ਼ਰਮਾ, ਡਿਪਟੀ ਡੀਈਓ ਡਾ. ਰਵਿੰਦਰਪਾਲ ਸਿੰਘ ਅਤੇ ਸਕੂਲ ਪ੍ਰਿੰਸੀਪਲ ਕਰਮਜੀਤ ਕੌਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਸ ਨੇ ਆਪਣੇ ਅਧਿਆਪਕਾਂ ਮੈਡਮ ਪ੍ਰਿਆ ਅਤੇ ਨਵਕੀਰਨ ਕੌਰ ਦੀ ਹੌਸਲਾ ਅਫ਼ਜ਼ਾਈ ਨੂੰ ਆਪਣੀ ਸਫਲਤਾ ਦਾ ਮੁੱਖ ਆਧਾਰ ਦੱਸਿਆ। ਪਹਿਲਾਂ ਵੀ ਜਿੱਤ ਚੁੱਕੀ ਹੈ ਰਾਸ਼ਟਰੀ ਇਨਾਮ : ਏਕਮ ਕੌਰ ਇੱਕ ਬਹੁ-ਪ੍ਰਤਿਭਾਸ਼ਾਲੀ ਵਿਦਿਆਰਥਣ ਹੈ। ਇਸ ਤੋਂ ਪਹਿਲਾਂ ਵੀ ਉਸ ਨੇ ਪੁਣੇ ਵਿੱਚ ਕਰਵਾਏ ਰਾਸ਼ਟਰੀ ਪੱਧਰ ਦੇ ਕਲਾ ਉਤਸਵ ਵਿੱਚ ‘ਕਹਾਣੀ ਕਥਨ’ (ਸਟੋਰੀ ਟੈਲਿੰਗ) ਦੇ ਮੁਕਾਬਲੇ ਵਿੱਚ ਵਿਸ਼ੇਸ਼ ਇਨਾਮ ਜਿੱਤ ਕੇ ਆਪਣੀ ਕਲਾ ਦਾ ਲੋਹਾ ਮਨਵਾਇਆ ਸੀ। ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਸੰਜੀਵ ਸ਼ਰਮਾ ਨੇ ਵਿਦਿਆਰਥਣ ਅਤੇ ਸਮੁੱਚੇ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਉਪਲਬਧੀਆਂ ਦੂਜੇ ਵਿਦਿਆਰਥੀਆਂ ਲਈ ਵੀ ਮਾਰਗਦਰਸ਼ਕ ਬਣਦੀਆਂ ਹਨ।