ਬਿਜਲੀ ਦੇ ਖੰਬੇ ਤੋਂ ਲੱਗਾ ਕਰੰਟ, ਨੌਜਵਾਨ ਦੀ ਮੌਤ
ਬਿਜਲੀ ਦੇ ਖੰਬੇ ਤੋਂ ਲੱਗਿਆ ਕਰੰਟ, 18 ਸਾਲਾਂ ਨੌਜਵਾਨ ਦੀ ਹੋਈ ਮੌਤ
Publish Date: Fri, 23 Jan 2026 06:39 PM (IST)
Updated Date: Sat, 24 Jan 2026 04:13 AM (IST)

* ਬਰਸਾਤ ਦੌਰਾਨ ਪਾਣੀ ਭਰਨ ਕਾਰਨ ਬਿਜਲੀ ਦੇ ਖੰਬੇ ਤੇ ਪਾਣੀ ’ਚ ਆ ਗਿਆ ਕਰੰਟ ਫੋਟੋ : 23ਪੀਟੀਐਲ : 13 ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ ਨਾਭਾ : ਬਸੰਤ ਪੰਚਮੀ ਵਾਲੇ ਦਿਨ ਹੋਈ ਭਾਰੀ ਬਰਸਾਤ ਕਾਰਨ ਜਿੱਥੇ ਕੱਚੇ ਘਰਾਂ ਦਾ ਨੁਕਸਾਨ ਹੋਇਆ ਉੱਥੇ ਹੀ ਨਾਭਾ ਵਿਖੇ ਇਕ ਨੌਜਵਾਨ ਦੀ ਮੌਤ ਹੋ ਗਈ। ਨਾਭਾ ਦੇ ਮਹੱਲਾ ਕਰਤਾਰਪੁਰਾ ਵਿਖੇ ਸਾਬਕਾ ਖੇਤੀਬਾੜੀ ਮੰਤਰੀ ਪੰਜਾਬ ਕਾਕਾ ਰਣਦੀਪ ਸਿੰਘ ਨਾਭਾ ਦੀ ਕੋਠੀ ਦੇ ਨਜ਼ਦੀਕ ਬਰਸਾਤ ਦੌਰਾਨ ਪਾਣੀ ਭਰਨ ਕਾਰਨ ਬਿਜਲੀ ਦੇ ਖੰਬੇ ’ਚ ਕਰੰਟ ਆ ਗਿਆ। ਜਿਸ ਦੀ ਲਪੇਟ ’ਚ ਆਉਣ ਨਾਲ 18 ਸਾਲਾਂ ਨੌਜਵਾਨ ਭਵਿਸ਼ ਪੁੱਤਰ ਪ੍ਰਵੀਨ ਕੁਮਾਰ ਦੀ ਮੌਤ ਹੋ ਗਈ। ਨਿਤਿਸ਼ ਨੇ ਦੱਸਿਆ ਕਿ ਉਸ ਦਾ ਭਰਾ ਭਵਿਸ਼ ਘਰੋਂ ਬਾਹਰ ਗਿਆ ਸੀ ਅਤੇ ਮੋੜ ਉੱਪਰ ਬਰਸਾਤ ਦੌਰਾਨ ਪਾਣੀ ਭਰਿਆ ਸੀ, ਭਵਿਸ਼ ਖੰਬੇ ਨੂੰ ਫੜ ਕੇ ਲੰਘਣ ਲੱਗਾ ਤਾਂ ਉਸ ਨੂੰ ਜ਼ੋਰ ਦੀ ਕਰੰਟ ਲੱਗਾ। ਭਵਿਸ਼ ਨੂੰ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨਿਤਿਸ਼ ਮੁਤਾਬਕ ਭਵਿਸ਼ ਇਲੈਕਟਰੀਸ਼ੀਅਨ ਦੀ ਆਈਟੀਆਈ ਦਾ ਵਿਦਿਆਰਥੀ ਸੀ। ਭਵਿਸ਼ ਦੀ ਮੌਤ ਉਪਰੰਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰ ਅਤੇ ਮੁਹੱਲੇ ਦੇ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਲੰਬੇ ਸਮੇਂ ਤੋਂ ਬਰਸਾਤੀ ਪਾਣੀ ਹੱਦੋਂ ਵੱਧ ਇਸ ਜਗ੍ਹਾਂ ’ਤੇ ਖੜ੍ਹਦਾ ਹੈ, ਪ੍ਰਸ਼ਾਸਨ ਵੱਲੋਂ ਕੋਈ ਵੀ ਯੋਗ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਇਲਾਕਾ ਵਾਸੀਆਂ ਨੇ ਕਿਹਾ ਕਿ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਦੀ ਕੋਠੀ ਨਜ਼ਦੀਕ ਹੈ, ਫਿਰ ਵੀ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ।