ਭਾਜਪਾ ਵੱਲੋਂ ਨਗਰ ਪੰਚਾਇਤ ਦੇਵੀਗਡ਼੍ਹ ਤੋਡ਼ਨ ਦੀ ਮੰਗ
ਲੋਕਾਂ ਤੇ ਬੋਝ ਬਣੀ ਨਗਰ ਪੰਚਾਇਤ ਦੇਵੀਗਡ਼੍ਹ ਨੂੰ ਭਾਜਪਾ ਆਗੂਆਂ ਵੱਲੋਂ ਤੋਡ਼ਨ ਦੀ ਮੰਗ
Publish Date: Sun, 18 Jan 2026 05:17 PM (IST)
Updated Date: Mon, 19 Jan 2026 04:06 AM (IST)

ਜੀਐੱਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਨਗਰ ਪੰਚਾਇਤ ਦੇਵੀਗਡ਼੍ਹ ਦੇ ਮੁੱਦੇ ਤੇ ਸਕੱਤਰ ਭਾਰਤੀ ਜਨਤਾ ਪਾਰਟੀ ਧਰਮਪਾਲ ਸ਼ਰਮਾ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਨਗਰ ਪੰਚਾਇਤ ਜੋ ਕਿ ਕਾਂਗਰਸ ਸਰਕਾਰ ਸਮੇਂ ਮਨਜ਼ੂਰ ਹੋਈ ਸੀ, ਇਸ ਨੂੰ ਦੇਵੀਗਡ਼੍ਹ ਅਤੇ ਨਾਲ ਲਗਦੇ ਕਈ ਪਿੰਡਾਂ ਨੂੰ ਜੋਡ਼ ਕੇ ਬਣਾਇਆ ਗਿਆ ਸੀ ਅਤੇ ਜਿਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਮਲੀ ਜਾਮਾ ਪਹਿਨਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਗਰ ਪੰਚਾਇਤ ਦੇ ਬਣਨ ਨਾਲ ਦੇਵੀਗਡ਼੍ਹ ਅੱਡੇ ਦੇ ਨਾਲ ਜੋਡ਼ੇ ਸੱਤ ਪਿੰਡਾਂ ਰਾਮ ਨਗਰ ਚੂੰਨੀ ਵਾਲਾ, ਕਪੂਰੀ, ਰੁਡ਼ਕੀ, ਜੈ ਨਗਰ, ਛੰਨਾਂ, ਭੰਬੂਆਂ ਤੇ ਜ਼ੁਲਕਾਂ ਵੀ ਬੁਰੀ ਤਰ੍ਹਾਂ ਵਿਕਾਸ ਪੱਖੋਂ ਪ੍ਰਭਾਵਿਤ ਹੋਏ ਹਨ। ਇਨ੍ਹਾਂ ਪਿੰਡਾਂ ਦੇ ਗਰੀਬ ਲੋਕਾਂ ਨੂੰ ਸਰਕਾਰ ਵੱਲੋਂ ਮਿਲ ਰਿਹਾ ਮਨਰੇਗਾ ਰੋਜਗਾਰ ਵੀ ਸਰਕਾਰ ਵੱਲੋਂ ਖਤਮ ਕਰ ਦਿੱਤਾ ਗਿਆ ਹੈ। ਅੱਜ ਹਾਲਾਤ ਇਹ ਹਨ ਕਿ ਅਗਰ ਕੋਈ ਗਰੀਬ ਆਪਣੇ ਪਸ਼ੂਆਂ ਦੇ ਬਰਾਂਡੇ ਦੀ ਰਿਪੇਅਰ ਵੀ ਕਰਦਾ ਹੈ ਤਾਂ ਉਸ ਨੂੰ ਨੋਟਿਸ ਭੇਜ ਦਿੱਤੇ ਜਾਂਦੇ ਹਨ। ਅਜਿਹੇ ਨੋਟਿਸਾਂ ਦੇ ਬਹੁਤ ਸਾਰੇ ਕੇਸ ਮਾਣਯੋਗ ਅਦਾਲਤਾਂ ਵਿੱਚ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਦੇਵੀਗਡ਼੍ਹ ਅੱਡਾ ਜਿਸ ਦੀ ਸੀਵਰੇਜ ਵਿਵਸਥਾ ਪਹਿਲਾਂ ਚੰਗੀ ਸੀ ਨੂੰ ਤਹਿਸ ਨਹਿਸ ਕਰਕੇ ਸਡ਼ਕਾਂ ਤੋਡ਼ ਕੇ ਦੁਕਾਨਦਾਰਾਂ ਦੇ ਕਾਰੋਬਾਰ ਠੱਪ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਪੂਰੀ ਪਿੰਡ ਤੋਂ ਸੀਵਰੇਜ ਜੋ ਭੰਬੂਆਂ ਟਰੀਟਮੈਂਟ ਪਲਾਂਟ ਤੱਕ ਜਾਣਾ ਸੀ ਅਤੇ ਛੰਨਾਂ ਪਿੰਡ ਦਾ ਸੀਵਰੇਜ ਵੀ ਭੰਬੂਆਂ ਤੱਕ ਜਾਣਾ ਸੀ, ਜੋ ਕਿ ਬੱਸ ਅੱਡੇ ਤੱਕ ਪਾ ਕੇ ਅਧੂਰਾ ਛੱਡ ਦਿੱਤਾ ਗਿਆ ਹੈ ਅਤੇ ਸਡ਼ਕਾਂ ਤੋਡ਼ ਦਿੱਤੀਆਂ ਗਈਆਂ ਹਨ, ਜਿਸ ਦਾ ਜੰਤਾ ਨੂੰ ਕੋਈ ਨੂੰ ਕੋਈ ਕਾਰਨ ਨਹੀਂ ਦੱਸਿਆ ਜਾ ਰਿਹਾ। ਦੇਵੀਗਡ਼੍ਹ ਤੋਂ ਭੰਬੂਆਂ ਰਜਵਾਹੇ ਦੇ ਨਾਲ-ਨਾਲ ਜਾਣ ਵਾਲੀ ਸਡ਼ਕ ਪੁੱਟੀ ਨੂੰ ਦੋ ਤਿੰਨ ਸਾਲ ਹੋ ਗਏ ਹਨ ਜੋ ਕਿ ਲੋਕਾਂ ਲਈ ਪ੍ਰੇਸ਼ਾਨੀ ਬਣੀ ਹੋਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਬਣੀ ਨਗਰ ਪੰਚਾਇਤ ਨੂੰ ਤੋਡ਼ ਕੇ ਲੋਕਾਂ ਨੂੰ ਰਾਹਤ ਦੇਵੇ। ਉਨ੍ਹਾਂ ਮੰਗ ਕੀਤੀ ਹੈ ਕਿ ਦੇਵੀਗਡ਼੍ਹ ਦੇ ਆਲੇ ਦੁਆਲੇ ਲਗਦੀਆਂ ਜੋ ਸਡ਼ਕਾਂ ਤੋਡ਼ੀਆਂ ਗਈਆਂ ਹਨ, ਉਨ੍ਹਾਂ ਨੂੰ ਜਲਦ ਬਣਾ ਕੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਰਾਹਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਦੇਵੀਗਡ਼੍ਹ ਨਗਰ ਪੰਚਾਇਤ ਦੇ ਬਣੇ ਮੈਂਬਰ ਵੀ ਮਤਾ ਪਾ ਕੇ ਨਗਰ ਪੰਚਾਇਤ ਨੂੰ ਤੋਡ਼ਨ ਵਿੱਚ ਲੋਕਾਂ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰੇ ਦਰਬਾਰੇ ਸਾਡੀ ਸੁਣਵਾੲਂ ਨਾ ਹੋਈ ਤਾਂ ਤਾਂ ਪੀਡ਼ਤ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਧਰਮਪਾਲ ਸ਼ਰਮਾ ਤੋਂ ਇਲਾਵਾ ਜਸਵਿੰਦਰ ਕੁਮਾਰ ਮੰਡਲ ਪ੍ਰਧਾਨ ਘਡ਼ਾਮ, ਗੁਰਵਿੰਦਰ ਸਿੰਘ ਮੰਡਲ ਪ੍ਰਧਾਨ ਦੇਵੀਗਡ਼੍ਹ, ਜਤਿੰਦਰ ਕੋਹਲੀ, ਜਸਦੇਵ ਸ਼ਰਮਾ ਆਦਿ ਵੀ ਹਾਜ਼ਰ ਸਨ।