ਸਿੱਖਿਆ ਸੰਸਥਾ ਦਾ ਨਾਮ ਬਦਲਣਾ ਵਿਰਾਸਤ ’ਤੇ ਹਮਲਾ : ਝਿੰਜਰ
ਦਿੱਲੀ ਦੇ ਦਿਆਲ ਸਿੰਘ ਮਜੀਠੀਆ ਕਾਲਜ ਦਾ ਨਾਮ ਬਦਲਣ ਦੀ ਕੋਸ਼ਿਸ਼ ਦੀ ਸਰਬਜੀਤ ਸਿੰਘ ਝਿੰਜਰ ਵਲੋਂ ਨਿਖੇਧੀ
Publish Date: Sun, 18 Jan 2026 05:03 PM (IST)
Updated Date: Mon, 19 Jan 2026 04:06 AM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਸ਼ੰਭੂ : ਦਿੱਲੀ ਸਥਿਤ ਇਤਿਹਾਸਕ ਦਿਆਲ ਸਿੰਘ ਮਜੀਠੀਆ ਕਾਲਜ ਦਾ ਨਾਮ ਬਦਲਣ ਦੀ ਕੋਸ਼ਿਸ਼ ਦੀ ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਹਲਕਾ ਇੰਚਾਰਜ ਘਨੌਰ ਸਰਬਜੀਤ ਸਿੰਘ ਝਿੰਜਰ ਨੇ ਕੜੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦਿਆਲ ਸਿੰਘ ਮਜੀਠੀਆ ਵਰਗੇ ਮਹਾਨ ਸਮਾਜ ਸੁਧਾਰਕ, ਦਾਨੀ ਤੇ ਸਿੱਖ ਇਤਿਹਾਸ ਦੀ ਮਹੱਤਵਪੂਰਨ ਸ਼ਖ਼ਸੀਅਤ ਦੇ ਨਾਮ ਨਾਲ ਜੁੜੀ ਸਿੱਖਿਆ ਸੰਸਥਾ ਦਾ ਨਾਮ ਬਦਲਣਾ ਸਿੱਖ ਅਤੇ ਪੰਜਾਬੀ ਵਿਰਾਸਤ ’ਤੇ ਸਿੱਧਾ ਹਮਲਾ ਹੈ। ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਦਿਆਲ ਸਿੰਘ ਮਜੀਠੀਆ ਨੇ ਸਿੱਖਿਆ ਦੇ ਪ੍ਰਚਾਰ ਅਤੇ ਸਮਾਜਿਕ ਉਤਥਾਨ ਲਈ ਅਹਿਮ ਯੋਗਦਾਨ ਪਾਇਆ ਸੀ ਅਤੇ ਉਨ੍ਹਾਂ ਦੇ ਨਾਮ ’ਤੇ ਸਥਾਪਿਤ ਕਾਲਜ ਸਿਰਫ਼ ਇਕ ਸਿੱਖਿਆ ਸੰਸਥਾ ਨਹੀਂ, ਸਗੋਂ ਇਤਿਹਾਸਕ ਧਰੋਹਰ ਹੈ। ਇਸ ਦਾ ਨਾਮ ਬਦਲਣ ਦੀ ਕੋਸ਼ਿਸ਼ ਅਸਵੀਕਾਰਯੋਗ ਹੈ। ਉਨ੍ਹਾਂ ਕੇਂਦਰ ਸਰਕਾਰ ਅਤੇ ਸੰਬੰਧਤ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਫ਼ੈਸਲੇ ਤੁਰੰਤ ਵਾਪਸ ਲਏ ਜਾਣ ਤੇ ਸਿੱਖ ਤੇ ਪੰਜਾਬੀ ਭਾਵਨਾਵਾਂ ਦਾ ਸਨਮਾਨ ਕੀਤਾ ਜਾਵੇ। ਝਿੰਜਰ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਸ ਮਾਮਲੇ ’ਚ ਜ਼ਬਰਦਸਤੀ ਕੀਤੀ ਗਈ ਤਾਂ ਅਕਾਲੀ ਦਲ ਅਤੇ ਸਮੂਹ ਸਿੱਖ ਸੰਗਤ ਵੱਲੋਂ ਤਿੱਖਾ ਲੋਕਤਾਂਤਰਿਕ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਤਿਹਾਸ ਨਾਲ ਛੇੜਛਾੜ ਕਰ ਕੇ ਨਵੀਆਂ ਪੀੜ੍ਹੀਆਂ ਨੂੰ ਆਪਣੀ ਵਿਰਾਸਤ ਤੋਂ ਦੂਰ ਕਰਨ ਦੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ ਅਤੇ ਅਜਿਹੇ ਕਦਮ ਸਮਾਜ ਵਿੱਚ ਵੰਡ ਪੈਦਾ ਕਰਦੇ ਹਨ, ਜੋ ਦੇਸ਼ ਦੀ ਏਕਤਾ ਲਈ ਖ਼ਤਰਨਾਕ ਹਨ।