ਚਟਕਾਰੇ : ਕੰਨੀਂ ਦੇਖਿਆ, ਅੱਖੀਂ ਸੁਣਿਆ
ਚਟਕਾਰੇ : ਕੰਨੀਂ ਦੇਖਿਆ, ਅੱਖੀਂ ਸੁਣਿਆ
Publish Date: Sat, 17 Jan 2026 06:37 PM (IST)
Updated Date: Sat, 17 Jan 2026 06:40 PM (IST)

ਕਲਾਕਾਰਾਂ ਦੀ ਲੋਹੜੀ, ਨਾ ਬਹੁਤੀ ਨਾ ਥੋੜ੍ਹੀ! ਪਟਿਆਲੇ ਦੇ ਕਲਾਕਾਰਾਂ ਨੇ ਮਿਲਕੇ ਲੋਹੜੀ ਦਾ ਪ੍ਰੋਗਰਾਮ ਰੱਖਿਆ। ਕਹਿੰਦੇ ਜੀ 31 ਗਰੁੱਪ ਰਲਕੇ ਲੋਹੜੀ ਮਨਾਵਾਂਗੇ। ਪ੍ਰੋਗਰਾਮ ’ਚ ਵੀਆਈਪੀ ਵੀ ਬੁਲਾਏ ਗਏ। 31 ਗਰੁੱਪਾਂ ਦੇ ਸੱਦੇ ਨੂੰ ਕੌਣ ਨਾਂਹ ਕਰਦਾ। ਕਲਾਕਾਰਾਂ ਦੇ 31 ਗਰੁੱਪਾਂ ਦੇ ਇਕੱਠ ਦੀ ਗੱਲ ਸੁਣ ਭੌਰਾ ਭਤੀਜ ਵੀ ਜਿਗਿਆਸਾ ਵੱਸ ਉੱਥੇ ਪਹੁੰਚ ਗਿਆ। ਭੌਰੇ ਨੇ ਸੋਚਿਆ ਕਿ ਜੇ ਹਰ ਗਰੁੱਪ ਦੇ 10 ਮੈਂਬਰ ਵੀ ਹੋਏ ਤਾਂ ਇਕੱਠੇ 300 ਕਲਾਕਾਰਾਂ ਦੇ ਦਰਸ਼ਨ ਕਰਨੇ ਤਾਂ ਸੁਭਾਗੀ ਗੱਲ ਹੋਵੇਗੀ। ਪਰ ਉੱਥੇ ਪਹੁੰਚ ਕੇ ਤਾਂ ਭੌਰੇ ਭਤੀਜ ਦਾ ਦਿਲ ਹੀ ਟੁੱਟ ਗਿਆ। ਵੀਆਈਪੀ ਮਹਿਮਾਨਾਂ ਅਤੇ ਉਨ੍ਹਾਂ ਨਾਲ ਆਏ ਸੱਜੇ-ਖੱਬੇ ਵਾਲਿਆਂ ਨੂੰ ਛੱਡ ਦੇਈਏ ਤਾਂ ਮਸਾਂ 60-65 ਜਣੇ ਹੋਣੇ। ਭੌਰੇ ਨੇ ਇੱਕ ਸੀਨੀਅਰ ਕਲਾਕਾਰ ਨੂੰ ਪੁੱਛ ਹੀ ਲਿਆ “ਤੁਸੀਂ ਤਾਂ ਕਹਿੰਦੇ ਸੀ ਕਿ ਕਲਾਕਾਰਾਂ ਦੇ 31 ਗਰੁੱਪ ਲੋਹੜੀ ਮਨਾ ਰਹੇ ਹਾਂ। ਕਲਾਕਾਰ ਸਾਰੇ 60-65 ਹੀ ਦਿਖਦੇ ਨੇ”। ਅੱਗੋਂ ਉਸ ਕਲਾਕਾਰ ਨੇ ਆਪਣੀਆਂ ਗੱਲਾਂ ਦੇ ‘ਕੌਸ਼ਲ’ ਦਾ ਮੁਜ਼ਾਹਰਾ ਕਰਦੇ ਹੋਏ ਕਿਹਾ “ਇੱਕ ਕਲਾਕਾਰ, ਕਲਾਕਾਰ। ਦੋ ਕਲਾਕਾਰ, ਗਰੁੱਪ। ਇਸ ਹਿਸਾਬ ਨਾਲ ਇਹ 31 ਤੋਂ ਵੱਧ ਗਰੁੱਪਾਂ ਦਾ ਪ੍ਰੋਗਰਾਮ ਹੋਇਆ।” ਭੌਰੇ ਭਤੀਜ ਨੇ ਤੁਰੰਤ ਚਾਚੇ ਚੌਰੇ ਵਾਲੇ ਦਾ ਕਿਹਾ ਇੱਕ ਡਾਇਲੌਗ “ਕਲਾਕਾਰਾਂ ਦੀ ਲੋਹੜੀ, ਨਾ ਬਹੁਤੀ ਨਾ ਥੋੜੀ” ਦੁਹਰਾ ਦਿੱਤਾ। ਇਸਨੂੰ ਸੁਣਕੇ ਉੱਥੇ ਖੜੇ ਕੁਝ ਕਲਾਕਾਰਾਂ ਦੇ ਚਿਹਰੇ ਗੁਲਜ਼ਾਰ ਹੋ ਗਏ। ਟਲ-ਟਲ ਜਾ ਵੇ ਬਦਮਾਸ਼ਾ ਕਲਮ ਘੜੀਸ ਨੂੰ ਕੁਝ ਖਿੱਝਿਆ ਦੇਖ ਚਾਚੇ ਨੇ ਕਾਰਨ ਪੁੱਛਿਆ। ਕਲਮ ਘੜੀਸ ਨੇ ਦੱਸਿਆ ਕਿ ਅੱਬਾ ਜੀ ਦੀ ਬੀਵੀ ਹੁਣ ਲੋਕਾਂ ਨੂੰ ਫ਼ੋਨ ਕਰ-ਕਰਕੇ ਉਸ ਦੀ ਬੁਰਾਈ ਕਰ ਰਹੀ ਹੈ। ਚਾਚੇ ਨੇ ਸਮਝਾਉਂਦੇ ਹੋਏ ਕਿਹਾ “ਜਦੋਂ ਬੰਦਾ ਵਿਚਾਰਕ ਅਤੇ ਵਿਹਾਰਕ ਤੌਰ ਤੇ ਹਾਰ ਜਾਂਦਾ ਹੈ ਤਾਂ ਫਿਰ ਇਹੋ ਜਿਹੀਆਂ ਹਰਕਤਾਂ ਤੇ ਉਤਰ ਆਉਂਦਾ ਹੈ। ਮਨ ’ਤੇ ਨਾ ਲਾ।” ਪਰ ਕਲਮ ਘੜੀਸ ਦਾ ਮਨ ਨਾ ਟਿਕਿਆ। ਚਾਚੇ ਨੇ ਗੱਲ ਕੰਟੀਨਿਊ ਕਰਦਿਆਂ ਕਿਹਾ, “ਕਲਮ ਘੜੀਸਾ, ਨਾ ਤੂੰ ਆਪਣਾ ਕੋਈ ਰਿਸ਼ਤੇਦਾਰ ਕਿਸੇ ’ਵਰਸਿਟੀ ‘ਚ ਨੌਕਰੀ ਤੇ ਰਖਾਇਆ। ਨਾ ਕਦੇ ਕਿਸੇ ਦੇ ਤਰਲੇ ਕੀਤੇ, ਨਾ ਕਦੇ ਖ਼ਬਰ ਨਾਲ ਸਮਝੌਤਾ ਕੀਤਾ ਤੇ ਨਾ ਹੀ ਕਿਸੇ ਹੋਰ ਗ਼ੈਰ-ਇਖਲਾਕੀ ਤੋਹਫ਼ੇ ਦੀ ਝਾਕ ਰੱਖੀ। ਜੇ ਤੂੰ ਇਨ੍ਹਾਂ ਵਿੱਚੋਂ ਕੋਈ ਵੀ ਚੀਜ਼ ਅੱਬਾ ਜੀ ਕੋਲੋਂ ਲੈ ਲੈਂਦਾ ਤਾਂ ਉਸਦੀ ਬੀਵੀ ਨੇ ਤੇਰੀ ਬੁਰਾਈ ਨਹੀਂ ਸੀ ਕਰਨੀ। ਸੋ ਅਸੂਲਾਂ ਨਾਲ ਸਮਝੌਤਾ ਨਾ ਕਰਨ ਵਾਲੇ ਨੂੰ ਪਿੱਠ ਪਿੱਛੇ ਨਿੰਦਾ ਝੱਲਣੀ ਹੀ ਪੈਂਦੀ ਹੈ।” ਇਹ ਗੱਲਾਂ ਸੁਣਕੇ ਵੀ ਕਲਮ ਘੜੀਸ ਦੇ ਚਿਹਰੇ ਦਾ ਨੂਰ ਵਾਪਸ ਨਾ ਆਇਆ। ਅਖੀਰ ਚਾਚੇ ਨੇ ਆਖ਼ਰੀ ਵਚਨ ਕੀਤੇ। ਕਹਿੰਦਾ “ਜੇ ਤੇਰਾ ਆਹ ਚਟਕਾਰਾ ਪੜ੍ਹਣ ਤੋਂ ਬਾਅਦ ਵੀ ਉਹ ਨਾ ਟਲੇ ਤਾਂ ਉਸਦੇ ਰਹਿੰਦੇ-ਖੂੰਹਦੇ ਵਾਲ ਪੁੱਟਣ ਅਤੇ ਕੀਤੇ ਘਪਲਿਆਂ ਦੀ ਜਾਂਚ ਕਰਵਾਉਣ ਦੀ ਜਿੰਮੇਵਾਰੀ ਮੇਰੀ”। ਇਹ ਗੱਲ ਸੁਣ ਕਲਮ ਘੜੀਸ ਪੁਰਾਣੀ ਮੌਜ ਵਿੱਚ ਆ ਗਿਆ। ਜਨਤਾ ਧੱਕਾ ਈ ਬਹੁਤ ਕਰਦੀ ਹੈ! ਬਿਨਾਂ ਗਿਅਰਸ ਵਾਲੇ ਸਕੂਟਰ ਤੇ ਸਵੇਰ-ਸ਼ਾਮ ਸ਼ਹਿਰ ਦਾ ਗੇੜਾ ਮਾਰਨ ਲਈ ਮਸ਼ਹੂਰ ਇੱਕ ਨੇਤਾ ਜੀ ਨੂੰ ਅਚਾਨਕ ਉਨ੍ਹਾਂ ਦਾ ਇੱਕ ਪੁਰਾਣਾ ਸਾਥੀ ਮਿਲ ਗਿਆ। ਪੇਸ਼ੇ ਤੋਂ ਵਕੀਲ ਇਸ ਸਾਥੀ ਨੇ ਕੁੱਝ ਪਲ ਗੱਲ ਕਰਨ ’ਤੇ ਹੀ ਬੁੱਝ ਲਿਆ ਕਿ ਬਿਨਾਂ ਗਿਅਰਾਂ ਵਾਲੇ ਸਕੂਟਰ ’ਤੇ ਸਵਾਰ ਨੇਤਾ ਜੀ ਦੇ ਗਿਅਰ ਵਧੇ ਹੋਏ ਨੇ। ਪੁੱਛਿਆ ਤਾਂ ਨੇਤਾ ਜੀ ਕਹਿੰਦਾ “ਜਨਤਾ ਧੱਕਾ ਹੀ ਬਹੁਤ ਕਰਦੀ ਹੈ। ਚੌਂਕ ‘ਚ ਜਾਮ ਲੱਗਿਆ ਹੋਇਆ ਸੀ ਤਾਂ ਇੱਕ ਠੇਕੇਦਾਰ ਨੇ ਸੁਲ੍ਹਾ ਮਾਰ ਲਈ। ਦੋ ਪਲ ਉਸਦੇ ਕੋਲ ਖੜਿਆ ਤਾਂ ਧੱਕੇ ਨਾਲ ‘ਕਾਲਾ ਕੁੱਤਾ’ ਚੁਕਾ ਦਿੱਤਾ। ਅਗਲੇ ਚੌਂਕ ‘ਚ ਫਿਰ ਜਾਮ ਸੀ। ਇੱਥੇ ‘ਅਰਚਨਾ’ ਸਵੀਟਸ ਵਾਲੇ ਬਾਊ ਜੀ ਨਾਲ ਅੱਖ ਮਿਲ ਗਈ। ਬਾਂਹ ਫੜਕੇ ਦੁਕਾਨ ਅੰਦਰ ਲੈ ਗਏ। ਜਾਣ ਲੱਗੇ ਧੱਕੇ ਨਾਲ ਮਿਠਾਈ ਦਾ ਡੱਬਾ ਝੋਲੇ ‘ਚ ਪਾ ਦਿੱਤਾ। ‘ਕਾਲੇ ਕੁੱਤੇ’ ਅਤੇ ਮਿਠਾਈ ਦੇ ਮੇਲ ਨੇ ਅਜਿਹਾ ਅਸਰ ਕੀਤਾ ਕਿ ਗਿਅਰ ਅਤੇ ਬਲੱਡ ਪ੍ਰੈਸ਼ਰ ਦੋਵੇਂ ਵੱਧ ਗਏ।” ਪੇਸ਼ਕਸ਼ : ਨਵਦੀਪ ਢੀਂਗਰਾ।