99 ਲੋੜਵੰਦ ਵਿਦਿਆਰਥੀਆਂ ਨੂੰ ਟਰੈਕ ਸੂਟ ਵੰਡੇ
99 ਲੋੜਵੰਦ ਵਿਦਿਆਰਥੀਆਂ ਨੂੰ ਗਰਮ ਟਰੈਕ ਸੂਟ ਅਤੇ ਜੁੱਤੇ ਵੰਡੇ
Publish Date: Sat, 17 Jan 2026 05:39 PM (IST)
Updated Date: Sat, 17 Jan 2026 05:42 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਹਰ ਔਖੀ ਘੜੀ ਵਿੱਚ ਲੋੜਵੰਦਾਂ ਦੀ ਮਦਦ ਲਈ ਸਦਾ ਅੱਗੇ ਰਹਿਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਡਾ. ਐੱਸਪੀ ਸਿੰਘ ਓਬਰਾਏ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਫੱਗਣ ਮਾਜਰਾ ਪਟਿਆਲਾ ਦੇ 99 ਲੋੜਵੰਦ ਵਿਦਿਆਰਥੀਆਂ ਨੂੰ ਸਰਦੀ ਤੋਂ ਬਚਾਅ ਲਈ ਗਰਮ ਟਰੈਕ ਸੂਟ ਅਤੇ ਸਪੋਰਟਸ ਸ਼ੂਜ਼ ਵੰਡੇ ਗਏ। ਇਸ ਲੋਕ-ਭਲਾਈ ਦੇ ਉਪਰਾਲੇ ਨਾਲ ਵਿਦਿਆਰਥੀਆਂ ਦੇ ਚਿਹਰਿਆਂ ’ਤੇ ਖੁਸ਼ੀ ਅਤੇ ਉਤਸ਼ਾਹ ਦੀ ਝਲਕ ਸਾਫ਼ ਨਜ਼ਰ ਆਈ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਮਦਦ ਨਾਲ ਨਾ ਸਿਰਫ਼ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਿਆ ਜਾਂਦਾ ਹੈ, ਸਗੋਂ ਉਨ੍ਹਾਂ ਵਿੱਚ ਪੜ੍ਹਾਈ ਅਤੇ ਖੇਡਾਂ ਵੱਲ ਰੁਚੀ ਵੀ ਵਧਦੀ ਹੈ। ਇਸ ਮੌਕੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਹੈੱਡ ਟੀਚਰ ਲਖਵਿੰਦਰ ਕੌਰ, ਸੀਨੀਅਰ ਅਧਿਆਪਕ ਅਮਨਦੀਪ ਕੁਮਾਰ ਅਤੇ ਅਧਿਆਪਕ ਅਨਿਲ ਕੁਮਾਰ ਵੱਲੋਂ ਟਰੱਸਟ ਦੇ ਕੌਮੀ ਪ੍ਰਧਾਨ ਸਰਦਾਰ ਜੱਸਾ ਸਿੰਘ, ਡਾਇਰੈਕਟਰ ਐਜੂਕੇਸ਼ਨ ਇੰਦਰਜੀਤ ਕੌਰ ਗਿੱਲ ਅਤੇ ਉਨ੍ਹਾਂ ਨਾਲ ਆਏ ਟੀਮ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ। ਇਸ ਕਾਰਜ ਨੂੰ ਸਫ਼ਲਤਾਪੂਰਕ ਨੇਪਰੇ ਚਾੜ੍ਹਨ ਲਈ ਗ੍ਰਾਮ ਪੰਚਾਇਤ ਫੱਗਣ ਮਾਜਰਾ ਦੇ ਸਰਪੰਚ ਸਰਦਾਰ ਬਬਨਦੀਪ ਸਿੰਘ ਅਤੇ ਸਮੂਹ ਪੰਚਾਇਤ ਮੈਂਬਰਾਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ। ਮੌਕੇ ’ਤੇ ਮੌਜੂਦ ਪੰਚਾਇਤ ਅਤੇ ਸਕੂਲ ਸਟਾਫ ਦੇ ਸਮੂਹ ਮੈਂਬਰਾਂ ਨੇ ਵੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਜਿਕ ਉਪਰਾਲੇ ਸਮਾਜ ਵਿੱਚ ਆਪਸੀ ਸਾਂਝ, ਸੇਵਾ ਅਤੇ ਮਨੁੱਖਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ।