ਮਾਤਾ ਮਹਿੰਦਰ ਕੌਰ ਲਈ ਕਿਸਾਨ ਜਥੇਬੰਦੀ ਆਈ ਅੱਗੇ
ਮਾਤਾ ਮਹਿੰਦਰ ਕੌਰ ਨੂੰ ਮਾਲੀ ਤੇ ਹੌਸਲਾ ਅਫ਼ਜਾਈ ਲਈ ਕਿਸਾਨ ਜਥੇਬੰਦੀ ਆਈ ਅੱਗੇ
Publish Date: Sat, 17 Jan 2026 05:34 PM (IST)
Updated Date: Sat, 17 Jan 2026 05:37 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਉਜਾੜਾ ਰੋਕੂ ਸੰਘਰਸ਼ ਕਮੇਟੀ, ਰਾਜਪੁਰਾ ਦੇ ਕਨਵੀਨਰ ਲਸ਼ਕਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਦੀ ਅਹਿਮ ਬੈਠਕ ਹੋਈ, ਜਿਸ ਵਿਚ ਬੀਬੀ ਮਹਿੰਦਰ ਕੌਰ, ਬਹਾਦਰ ਗੜ੍ਹ ਜੰਡੀਆਂ, ਜਿਸ ਨੂੰ ਕਿਸਾਨ ਮੋਰਚੇ ਦੌਰਾਨ, ਇਕ ਭੂਤਰੀ ਹੋਈ ਐਕਟ੍ਰਸ, ਕੰਗਨਾ ਰਣੌਤ ਵੱਲੋਂ ਸੌ ਸੌ ਰੁਪਏ ਦੀ ਦਿਹਾੜੀ ਤੇ ਕੰਮ ਕਰਨ ਲਈ ਲਿਆਂਦੀਆਂ ਗਈਆਂ ਔਰਤਾਂ ਕਹਿ ਕੇ ਧਰਨੇ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦੀ ਅਣਖ ਨੂੰ ਵੰਗਾਰ ਕੇ ਉਨ੍ਹਾਂ ਦਾ ਮਨੋਬਲ ਡੇਗਣ ਦੀ ਕੋਸ਼ਿਸ਼ ਕੀਤੀ ਗਈ ਸੀ। ਘਰੋਂ ਗਰੀਬੀ ਦੀ ਮਾਰ ਹੇਠ ਰਹਿ ਰਹੀ ਇਹ ਬੀਬੀ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਦਿੱਲੀ ਮੋਰਚੇ ਵਿੱਚ ਆਪਣਾ ਰੋਸ ਜਾਹਰ ਕਰਨ ਲਈ ਗਈ ਸੀ। ਬੀਬੀ ਮਹਿੰਦਰ ਕੌਰ ਵੱਲੋਂ ਇਸ ਘਟਨਾ ਨੂੰ ਕਿਸਾਨ ਮੋਰਚੇ ਦੀਆਂ ਸੰਘਰਸ਼ਸ਼ੀਲ ਔਰਤਾਂ ਦੀ ਅਣਖ ਦਾ ਸਵਾਲ ਮੰਨ ਕੇ ਉਸ ਹੰਕਾਰੀ ਹੋਈ ਐਕਟਰਸ ਦੇ ਵਿਰੋਧ ਵਿੱਚ ਮਾਨਹਾਨੀ ਦਾ ਦਾਅਵਾ ਕੀਤਾ ਗਿਆ ਸੀ। ਉਸ ਵੇਲੇ ਬੀਬੀ ਮਹਿੰਦਰ ਕੌਰ ਦੇ ਇਸ ਕਦਮ ਦੀ ਸਾਰੇ ਪੰਜਾਬ ਹੀ ਨਹੀਂ ਦੇਸ਼ ਤੇ ਵਿਦੇਸ਼ ਦੇ ਮੀਡੀਆ ਵਿੱਚ ਬਹੁਤ ਸ਼ਲਾਘਾ ਕੀਤੀ ਗਈ ਸੀ। ਹੁਣ ਇੱਕ ਲੰਮਾ ਸਮਾਂ ਬੀਤਣ ਤੋਂ ਬਾਅਦ ਜਦੋਂ ਇਹ ਲੜਾਈ ਨਿਰਨਾਇਕ ਦੌਰ ਵੱਲ ਨੂੰ ਜਾ ਰਹੀ ਹੈ ਤਾਂ ਪਤਾ ਲੱਗਾ ਹੈ ਕਿ ਬੀਬੀ ਮਹਿੰਦਰ ਕੌਰ ਇਸ ਲੜਾਈ ਵਿੱਚ ਅਲੱਗ ਥਲੱਗ ਪੈ ਗਈ ਹੈ। ਪਿਛਲੇ ਸਾਲ ਉਸ ਦੀ ਨੂੰਹ ਦੀ ਲੰਬੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਸੀ ਅਤੇ ਇਸ ਸਾਲ ਉਸ ਦੇ ਪੁੱਤਰ ਨੂੰ ਸੱਪ ਵੱਲੋਂ ਡੰਗਿਆ ਗਿਆ ਹੈ, ਜਿਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਇਸ ਲੰਬੀ ਲੜਾਈ ਵਿੱਚ ਉਹ 8 ਲੱਖ ਤੋਂ ਵੱਧ ਰੁਪਏ ਦੀ ਕਰਜਾਈ ਹੋ ਚੁੱਕੀ ਹੈ ਅਤੇ ਕਿਸੇ ਵੀ ਕਿਸਾਨ ਜਥੇਬੰਦੀ ਜਾਂ ਕਿਸੇ ਹੋਰ ਸਮਾਜ ਸੇਵਕ ਸੰਸਥਾ ਜਾਂ ਕਿਸੇ ਵੱਲੋਂ ਨਿੱਜੀ ਤੌਰ ਤੇ ਬੀਬੀ ਮਹਿੰਦਰ ਕੌਰ ਦੀ ਮਾਲੀ ਮਦਦ ਕਰਕੇ ਉਸ ਦਾ ਹੌਸਲਾ ਅਫਜਾਈ ਕਰਨ ਦੀ ਕੋਈ ਖਾਸ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਉਮਰ ਦੇ 80ਵਿਆਂ ਵਿੱਚ ਇਹ ਬੀਬੀ ਦੀ ਸਰੀਰਕ ਅਤੇ ਆਰਥਿਕ ਹਾਲਤ ਬਹੁਤੀ ਕਮਜ਼ੋਰ ਹੈ ਅਤੇ ਇਸ ਸਮੇਂ ਇਸ ਦਾ ਮਨੋਬਲ ਚੁੱਕਣ ਵਾਸਤੇ ਹਰ ਕਿਸੇ ਵੱਲੋਂ ਆਪਣੀ ਆਪਣੀ ਸਮਰੱਥਾ ਮੁਤਾਬਿਕ ਇਸ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਭਾਵੇਂ ਕਿ ਬਿਨਾਂ ਸ਼ੱਕ ਵਿਰੋਧੀ ਧਿਰ ਵੱਲੋਂ ਵੀ ਇਸ ਨਾਲ ਕੁਝ ਲੈ ਦੇ ਕੇ ਉਸ ਦੀ ਕਮਜ਼ੋਰ ਵਿਤੀ ਹਾਲਤ ਦਾ ਫਾਇਦਾ ਉਠਾ ਕੇ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਮਝੌਤਾ ਕਰਨਾ ਜਾਂ ਨਾ ਕਰਨਾ ਉਸ ਦੀ ਆਪਣੀ ਮਰਜ਼ੀ ਹੈ, ਪਰ ਸਮਾਜ ਵੱਲੋਂ ਇਸ ਬਹਾਦਰ ਔਰਤ ਦਾ ਸਮਾਂ ਰਹਿੰਦਿਆਂ, ਸਨਮਾਨ ਕੀਤਾ ਜਾਣਾ ਬਣਦਾ ਹੈ। ਉਜਾੜਾ ਰੋਕੂ ਸੰਘਰਸ਼ ਕਮੇਟੀ, ਰਾਜਪੁਰਾ ਵੱਲੋਂ ਸਰਬ ਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਹੈ ਕਿ ਫਿਲਹਾਲ ਫੌਰੀ ਤੌਰ ਤੇ ਇਸ ਬੀਬੀ ਦੀ ਮਦਦ ਵਾਸਤੇ 10 ਹਜ਼ਾਰ ਰੁਪਏ ਦੀ ਨਿਮਾਣੀ ਜਿਹੀ ਰਕਮ, ਇਸ ਮਾਤਾ ਦੇ ਖਾਤੇ ਵਿੱਚ ਪਾਏ ਗਏ ਹਨ ਅਤੇ ਇਸ ਤੋਂ ਬਾਅਦ ਸਥਿਤੀ ਨੂੰ ਦੇਖਦਿਆਂ ਹੋਇਆਂ ਜੇਕਰ ਲੋੜ ਪਈ ਤਾਂ ਉਜਾੜਾ ਰੋਕੂ ਸੰਘਰਸ਼ ਕਮੇਟੀ, ਰਾਜਪੁਰਾ ਵੱਲੋਂ ਖੁਦ ਅਤੇ ਹੋਰ ਜਥੇਬੰਦੀਆਂ ਨੂੰ ਵੀ ਇਸ ਦੀ ਮਦਦ ਵਾਸਤੇ ਅਪੀਲ ਕੀਤੀ ਜਾਵੇਗੀ। ਇਸ ਮੌਕੇ ਬਲਜੀਤ ਸਿੰਘ, ਪੱਪੂ ਰਾਮ, ਕਰਮ ਸਿੰਘ, ਬਿਕਰਮਜੀਤ ਸਿੰਘ, ਕਰਮ ਚੰਦ, ਗੁਲਚਮਨ ਸਿੰਘ, ਗੁਰਮੁੱਖ ਸਿੰਘ, ਨਿਸ਼ਾਨ ਸਿੰਘ, ਜੋਰਾ ਸਿੰਘ, ਰਘਵੀਰ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਮੈਂਬਰ ਹਾਜ਼ਰ ਸਨ।