ਰੇਲਵੇ ਸਟੇਸ਼ਨ ਸਾਹਮਣੇ ਟੁੱਟੀ ਸੜਕ ਦੀ ਮੁਰੰਮਤ ਸ਼ੁਰੂ
ਰੇਲਵੇ ਸਟੇਸ਼ਨ ਸਾਹਮਣੇ ਟੁੱਟੀ ਸੜਕ ਦੀ ਮੁਰੰਮਤ ਸ਼ੁਰੂ
Publish Date: Sat, 17 Jan 2026 04:43 PM (IST)
Updated Date: Sat, 17 Jan 2026 04:45 PM (IST)
- ਖ਼ਬਰ ਦਾ ਅਸਰ: ਪ੍ਰਸ਼ਾਸਨ ਨੇ ਦਿੱਤਾ ਧਿਆਨ
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਸ਼ਹਿਰ ਦੀਆਂ ਪ੍ਰਮੁੱਖ ਸਮੱਸਿਆਵਾਂ ਨੂੰ ਪ੍ਰਸ਼ਾਸਨ ਦੇ ਕੰਨਾਂ ਤਕ ਪਹੁੰਚਾਉਣ ਦੀ ਆਪਣੀ ਵਚਨਬੱਧਤਾ ਤਹਿਤ ‘ਪੰਜਾਬੀ ਜਾਗਰਣ’ ਵੱਲੋਂ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਵਾਲੀ ਟੁੱਟੀ ਸੜਕ ਅਤੇ ਡੂੰਘੇ ਟੋਇਆਂ ਸਬੰਧੀ ਪ੍ਰਮੁੱਖਤਾ ਨਾਲ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਖ਼ਬਰ ਦਾ ਤੁਰੰਤ ਅਸਰ ਦੇਖਣ ਨੂੰ ਮਿਲਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਨੇ ਹਰਕਤ ਵਿੱਚ ਆਉਂਦਿਆਂ ਇਸ ਮਹੱਤਵਪੂਰਨ ਸੜਕ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਰੇਲਵੇ ਸਟੇਸ਼ਨ ਦੇ ਮੁੱਖ ਦੁਆਰ ਦੇ ਸਾਹਮਣੇ ਵਾਲੀ ਸੜਕ ਲੰਬੇ ਸਮੇਂ ਤੋਂ ਖ਼ਸਤਾ ਹਾਲਤ ਵਿੱਚ ਸੀ। ਇੰਟਰਲੌਕਿੰਗ ਟਾਈਲਾਂ ਉੱਖੜ ਜਾਣ ਕਾਰਨ ਉੱਥੇ ਵੱਡੇ-ਵੱਡੇ ਟੋਏ ਪੈ ਗਏ ਸਨ, ਜੋ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਲੰਘਣ ਵਾਲੇ ਰਾਹਗੀਰਾਂ, ਆਟੋ-ਰਿਕਸ਼ਾ ਚਾਲਕਾਂ ਅਤੇ ਦੂਰ-ਦੁਰਾਡੇ ਤੋਂ ਆਉਣ ਵਾਲੇ ਯਾਤਰੀਆਂ ਲਈ ਜਾਨਲੇਵਾ ਸਾਬਤ ਹੋ ਰਹੇ ਸਨ। ਬਰਸਾਤ ਦੇ ਦਿਨਾਂ ਵਿੱਚ ਇਹ ਸੜਕ ਕਿਸੇ ਛੱਪੜ ਦਾ ਰੂਪ ਧਾਰ ਲੈਂਦੀ ਸੀ, ਜਿਸ ਕਾਰਨ ਕਈ ਦੋਪਹੀਆ ਵਾਹਨ ਚਾਲਕ ਡਿੱਗ ਕੇ ਜ਼ਖ਼ਮੀ ਵੀ ਹੋ ਚੁੱਕੇ ਸਨ। ‘ਪੰਜਾਬੀ ਜਾਗਰਣ’ ਵੱਲੋਂ ਜਨਤਕ ਰੋਸ ਅਤੇ ਖ਼ਤਰੇ ਦੀ ਤਸਵੀਰ ਪੇਸ਼ ਕਰਨ ਤੋਂ ਬਾਅਦ, ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲਿਆ। ਅੱਜ ਸਵੇਰੇ ਹੀ ਮੁਰੰਮਤ ਕਰਨ ਵਾਲੀ ਟੀਮ ਨੇ ਮਸ਼ੀਨਰੀ ਅਤੇ ਨਵੀਆਂ ਟਾਈਲਾਂ ਸਮੇਤ ਪਹੁੰਚ ਕੇ ਟੋਇਆਂ ਨੂੰ ਭਰਨ ਅਤੇ ਸੜਕ ਨੂੰ ਪੱਧਰਾ ਕਰਨ ਦਾ ਕੰਮ ਆਰੰਭ ਦਿੱਤਾ।
ਸੜਕ ਦੀ ਮੁਰੰਮਤ ਸ਼ੁਰੂ ਹੋਣ ’ਤੇ ਸਥਾਨਕ ਵਾਸੀਆਂ, ਦੁਕਾਨਦਾਰਾਂ ਅਤੇ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ ਹੈ। ਬਿਨੋਦ ਕੁਮਾਰ ਨੇ ਕਿਹਾ ਕਿ ਸਟੇਸ਼ਨ ਤੋਂ ਬਾਹਰ ਨਿਕਲਦੇ ਹੀ ਟੁੱਟੀ ਸੜਕ ਸ਼ਹਿਰ ਦਾ ਅਕਸ ਖ਼ਰਾਬ ਕਰਦੀ ਸੀ, ਹੁਣ ਹਾਲਤ ਸੁਧਰਨ ਦੀ ਉਮੀਦ ਹੈ। ਰਣਜੀਤ ਸਿੰਘ ਨੇ ਕਿਹਾ ਕਿ ਸੜਕ ਠੀਕ ਹੋਣ ਨਾਲ ਇੱਥੇ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਨਿਜਾਤ ਮਿਲੇਗੀ ਅਤੇ ਗਾਹਕਾਂ ਨੂੰ ਆਉਣ-ਜਾਣ ਵਿੱਚ ਆਸਾਨੀ ਹੋਵੇਗੀ। ਸ਼ਹਿਰ ਵਾਸੀਆਂ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਹੁਣ ਇਸ ਕੰਮ ਨੂੰ ਉੱਚ ਗੁਣਵੱਤਾ ਨਾਲ ਜਲਦ ਮੁਕੰਮਲ ਕੀਤਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਅਜਿਹੀ ਸਮੱਸਿਆ ਦੁਬਾਰਾ ਪੈਦਾ ਨਾ ਹੋਵੇ।