25 ਲੱਖ ਰੁਪਏ ਲੈ ਕੇ ਫਰਜ਼ੀ ਵੀਜ਼ਾ ਦਿੱਤਾ, ਕੇਸ ਦਰਜ
25 ਲੱਖ ਰੁਪਏ ਲੈ ਕੇ ਆਸਟ੍ਰੇਲੀਆ ਦਾ ਫਰਜ਼ੀ ਵੀਜ਼ਾ ਦਿੱਤਾ
Publish Date: Sat, 03 Jan 2026 09:11 PM (IST)
Updated Date: Sat, 03 Jan 2026 09:14 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਸਿਵਲ ਲਾਈਨ ਥਾਣਾ ਖੇਤਰ ਵਿੱਚ 25 ਲੱਖ ਰੁਪਏ ਲੈ ਕੇ ਆਸਟ੍ਰੇਲੀਆ ਦਾ ਫਰਜ਼ੀ ਵੀਜ਼ਾ ਦੇਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਸੁਖਵਿੰਦਰ ਸਿੰਘ, ਵਾਸੀ ਪਿੰਡ ਗੁਜਰਾਂ, ਸੰਗਰੂਰ ਦੀ ਸ਼ਿਕਾਇਤ ’ਤੇ ਸੋਨੀਆ ਸ਼ਾਹੀ, ਉਸ ਦੇ ਪਤੀ ਮੁਨੀਸ਼ ਸ਼ਾਹੀ ਵਾਸੀ ਨਿਊ ਮੇਹਰ ਸਿੰਘ ਕਾਲੋਨੀ ਅਤੇ ਕ੍ਰਿਸ਼ਨ ਸਿੰਘ ਵਾਸੀ ਭਵਾਨੀਗੜ੍ਹ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਫਿਲਹਾਲ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਸ਼ਿਕਾਇਤਕਰਤਾ ਸੁਖਵਿੰਦਰ ਸਿੰਘ ਅਨੁਸਾਰ ਮੁਲਜ਼ਮਾਂ ਦਾ ਨਿਊ ਲੀਲਾ ਭਵਨ ਵਿੱਚ 'ਸ਼ਾਹੀ ਇਮੀਗ੍ਰੇਸ਼ਨ' ਦੇ ਨਾਮ 'ਤੇ ਦਫ਼ਤਰ ਸੀ। ਭਵਾਨੀਗੜ੍ਹ ਦੇ ਰਹਿਣ ਵਾਲੇ ਕ੍ਰਿਸ਼ਨ ਸਿੰਘ ਨੇ ਸੁਖਵਿੰਦਰ ਸਿੰਘ ਨੂੰ ਕਿਹਾ ਸੀ ਕਿ ਸ਼ਾਹੀ ਇਮੀਗ੍ਰੇਸ਼ਨ ਵਾਲੇ ਉਸ ਦੇ ਲੜਕੇ ਨਵਜੋਤ ਸਿੰਘ ਨੂੰ ਆਸਟ੍ਰੇਲੀਆ ਭੇਜ ਸਕਦੇ ਹਨ। ਮੁਲਜ਼ਮਾਂ ਨੇ ਦੋ ਲੱਖ ਰੁਪਏ ਲੈਣ ਤੋਂ ਬਾਅਦ ਐਗਰੀਮੈਂਟ ਕਰਦਿਆਂ ਵਰਕ ਵੀਜ਼ੇ 'ਤੇ ਆਸਟ੍ਰੇਲੀਆ ਭੇਜਣ ਦਾ ਦਾਅਵਾ ਕੀਤਾ ਸੀ। ਇਹ ਡੀਲਿੰਗ ਸਾਲ 2023 ਵਿੱਚ ਹੋਈ ਸੀ। ਕੁਝ ਮਹੀਨਿਆਂ ਬਾਅਦ ਉਨ੍ਹਾਂ ਕਿਹਾ ਕਿ ਦਿੱਲੀ ਦੇ ਏਜੰਟ ਨੇ ਕੰਮ ਕਰ ਦਿੱਤਾ ਹੈ ਅਤੇ ਇੱਕ ਲੱਖ ਰੁਪਏ ਹੋਰ ਚਾਹੀਦੇ ਹਨ। ਤਿੰਨ ਲੱਖ ਰੁਪਏ ਲੈਣ ਤੋਂ ਬਾਅਦ ਇਸ ਦਾ ਐਗਰੀਮੈਂਟ ਕੀਤਾ ਗਿਆ। ਇਸ ਤੋਂ ਕੁਝ ਮਹੀਨਿਆਂ ਬਾਅਦ ਇੱਕ ਫਰਜ਼ੀ ਵੀਜ਼ਾ ਦਿੱਤਾ ਗਿਆ, ਜੋ ਆਨਲਾਈਨ ਸ਼ੋਅ ਨਹੀਂ ਹੋ ਰਿਹਾ ਸੀ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸੇ ਦੌਰਾਨ ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਿਨਾਂ ਵਿੱਚ ਹੀ ਮੁਲਜ਼ਮਾਂ ਨੇ ਅਚਾਨਕ ਫੋਨ ਕਰਕੇ ਕਿਹਾ ਕਿ ਵੀਜ਼ਾ ਆ ਗਿਆ ਹੈ ਅਤੇ ਤੁਰੰਤ ਪੈਸੇ ਦੇਣੇ ਪੈਣਗੇ। ਘਰ ਵਿੱਚ ਗਮਗੀਨ ਮਾਹੌਲ ਹੋਣ ਕਾਰਨ ਜ਼ਿਆਦਾ ਸੋਚਣ ਦਾ ਸਮਾਂ ਨਹੀਂ ਮਿਲਿਆ ਅਤੇ ਮੁਲਜ਼ਮਾਂ ਨੂੰ ਪੈਸੇ ਦੇ ਦਿੱਤੇ। ਪੈਸੇ ਲੈਣ ਤੋਂ ਬਾਅਦ ਇਨ੍ਹਾਂ ਲੋਕਾਂ ਨੇ ਫਿਰ ਤੋਂ ਫਰਜ਼ੀ ਵੀਜ਼ਾ ਦੇ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਸੰਗਰੂਰ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ। ਸੰਗਰੂਰ ਵਿੱਚ ਕੁਝ ਸਮਾਂ ਪੜਤਾਲ ਚੱਲੀ, ਜਿਸ ਤੋਂ ਬਾਅਦ ਕੇਸ ਪਟਿਆਲਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪਟਿਆਲਾ ਦੇ ਅਧਿਕਾਰੀਆਂ ਨੇ ਜਾਂਚ ਤੋਂ ਬਾਅਦ 2 ਜਨਵਰੀ ਨੂੰ ਇਨ੍ਹਾਂ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।