ਸਰਕਾਰ ਨੂੰ ਜਗਾਉਣ ਵਾਸਤੇ ਕੱਢੀ ਜਾ ਰਹੀ ਹੈ ‘ਗੁਰਾਂ ਦੀ ਵਹੀਰ’
ਬੇਅਦਬੀਆਂ ਦੇ ਕਾਨੂੰਨ ਨੂੰ ਲੈ ਕੇ ਘੇਸਲੀ ਲਈ ਹੋਈ ਸਰਕਾਰ ਨੂੰ ਜਗਾਉਣ ਵਾਸਤੇ ਕੱਢੀ ਜਾ ਰਹੀ ਹੈ 'ਗੁਰਾਂ ਦੀ ਵਹੀਰ'
Publish Date: Sat, 03 Jan 2026 09:03 PM (IST)
Updated Date: Sat, 03 Jan 2026 09:05 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : 450 ਦਿਨਾਂ ਤੋਂ ਸਮਾਣੇ ਦੇ 400 ਫੁੱਟ ਉੱਚੇ ਟਾਵਰ ਉੱਪਰ ਬੈਠ ਕੇ ਸੰਘਰਸ਼ ਕਰ ਰਹੇ ਭਾਈ ਗੁਰਜੀਤ ਸਿੰਘ ਖਾਲਸਾ ਦੀ ਮੁਹਿੰਮ ਨੂੰ ਤਗੜਿਆਂ ਕਰਨ ਅਤੇ ਬੇਅਦਬੀ ਦੇ ਕਾਨੂੰਨ ਨੂੰ ਲੈ ਕੇ ਘੇਸਲੀ ਹੋਈ ਪੰਜਾਬ ਸਰਕਾਰ ਨੂੰ ਹਲੂਣਾ ਦੇਣ ਲਈ ਸਮਾਣੇ ਤੋਂ 15 ਦਿਨਾਂ ਲਈ ਗੁਰਾਂ ਦੀ ਵਹੀਰ, ਰਾਮ ਸਿੰਘ ਰਾਣਾ ਦੇ ਸਹਿਯੋਗ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੱਕ ਕੱਢੀ ਜਾ ਰਹੀ ਹੈ। ਗੁਰਦੁਆਰਾ ਦੱਖ ਨਿਵਾਰਨ ਸਾਹਿਬ ਪਟਿਆਲਾ ਤੋਂ ਅਗਲੇ ਪੜਾ ਫੱਗਣ ਮਾਜਰੇ ਨੂੰ ਚੱਲਣ ਮੌਕੇ ਮੋਰਚਾ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ, ਮਨੁਖਤਾ ਦੇ ਸੇਵਕ ਰਾਮ ਸਿੰਘ ਰਾਣਾ, ਸਮਾਜਕ ਕਾਰਕੁਨ ਅਮਿਤੋਜ਼ ਸਿੰਘ ਮਾਨ ਅਤੇ ਮੋਰਚਾ ਆਗੂ ਤਲਵਿੰਦਰ ਸਿੰਘ ਔਲਖ ਨੇ ਕਿਹਾ ਸਰਕਾਰ ਵੱਲੋਂ ਬਣਾਈ ਗਈ ਸਲੈਕਟ ਕਮੇਟੀ ਦੀ ਮਿਆਦ 15 ਜਨਵਰੀ ਨੂੰ ਖਤਮ ਹੋ ਰਹੀ ਹੈ, ਇਸ ਲਈ ਸਰਕਾਰ ਨੂੰ ਬੇਅਦਬੀਆਂ ਰੋਕੂ ਕਾਨੂੰਨ ਤੁਰੰਤ ਲਾਗੂ ਕਰਨਾ ਚਾਹੀਦਾ ਹੈ। ਪੰਥਕ ਆਗੂ ਭਾਈ ਮਨਦੀਪ ਸਿੰਘ ਅੰਮ੍ਰਿਤਸਰ ਨੇ ਕਿਹਾ ਲੋਕਾਂ ਨੇ ਬੇਅਦਬੀਆਂ ਸਬੰਧੀ ਪਹਿਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਹੋ ਕੇ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਸੀ, ਪਰ ਇਹਨਾਂ ਨੇ ਵੀ ਕੌਮ ਨੂੰ ਨਿਰਾਸ਼ ਹੀ ਕੀਤਾ ਹੈ। ਇਸ ਮੌਕੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਕੌਮੀ ਆਗੂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਵਹੀਰ ਦਾ ਸਵਾਗਤ ਕੀਤਾ ਅਤੇ ਮੋਰਚੇ ਨੂੰ ਹਰ ਤਰ੍ਹਾਂ ਦਾ ਸਮਰਥਨ ਦੇਣ ਦੀ ਗੱਲ ਕਹੀ। ਰਾਮ ਸਿੰਘ ਰਾਣਾ ਨੇ ਪੰਜਾਬ ਦੇ ਅਵਾਮ ਨੂੰ ਇਸ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਵਿਸ਼ੇਸ਼ ਅਪੀਲ ਕੀਤੀ। ਦੁਪਹਿਰ ਦਾ ਪੜਾ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲਿਆਂ ਦੇ ਅਸਥਾਨ ਤੇ ਹੋਇਆ। ਬਾਬਾ ਸੁਖਦੇਵ ਸਿੰਘ ਨਾਨਕਸਰ ਵਾਲਿਆਂ ਨੇ ਜੱਥੇ ਸਮੇਤ ਵਹੀਰ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਗਤਕਾ ਅਖਾੜਾ, ਸਨੌਰ ਨੇ ਗਤਕੇ ਦੇ ਜੌਹਰ ਦਿਖਾਏ। ਵਹੀਰ ਵਿਚ ਹੋਰਨਾਂ ਤੋਂ ਇਲਾਵਾ ਹਰਿਆਣਾ ਕਮੇਟੀ ਤੋਂ ਧਰਮ ਕੌਰ ਚਾਰ ਇੰਚਾਰਜ ਗਿਆਨੀ ਪ੍ਰਗਟ ਸਿੰਘ, ਭਾਈ ਮੋਹਨ ਸਿੰਘ, ਭਾਈ ਸਰਬਜੀਤ ਸਿੰਘ ਝੀਂਡਾ ਹੈਡ ਗ੍ਰੰਥੀ ਨਾਢਾ ਸਾਹਿਬ, ਭਾਈ ਜਸਵਿੰਦਰ ਸਿੰਘ ਪ੍ਰਚਾਰਕ ਸ਼੍ਰੋਮਣੀ ਕਮੇਟੀ, ਰਾਜ ਕੁਮਾਰ ਰਾਣਾ ਪਟਿਆਲਾ, ਹਾਕਮ ਸਿੰਘ ਖਾਲਸਾ, ਬਾਬਾ ਗੁਰਦੀਪ ਸਿੰਘ ਭੁੱਲਰ, ਸੁਖਦੇਵ ਸਿੰਘ ਭੋਲਾ, ਮਹੰਤ ਕਰਮਦਾਸ ਸ਼ੀਤਲਾ ਮਾਤਾ ਮੰਦਰ, ਮਾਤਾ ਪਰਮਜੀਤ ਕੌਰ, ਰੱਮੀ ਸਹਿਗਲ ਸਮਾਣਾ, ਕਿਸਾਨ ਆਗੂ ਹਰਜੀਤ ਸਿੰਘ ਤੇਈਵਾਲ, ਬਾਬਾ ਅਮਰ ਸਿੰਘ ਕੌਰਜੀ ਵਾਲਾ ਸਮੇਤ ਬੇਅੰਤ ਸੰਗਤਾਂ ਨੇ ਹਾਜ਼ਰੀ ਭਰੀ।