ਪੁਰਾਣੇ ਵਿਕਾਸ ਕੰਮਾਂ ਦੀ ਐੱਮਬੀ ਨਾ ਮਿਲਣ ’ਤੇ ਮੇਅਰ ਮੁੜ ਵਿਜੀਲੈਂਸ ਜਾਣ ਨੂੰ ਤਿਆਰ
ਪੁਰਾਣੇ ਵਿਕਾਸ ਕੰਮਾਂ ਦੀ ਐਮ.ਬੀ ਨਾ ਮਿਲਣ ’ਤੇ ਮੇਅਰ ਮੁੜ ਵਿਜੀਲੈਂਸ ਜਾਣ ਨੂੰ ਤਿਆਰ
Publish Date: Sat, 03 Jan 2026 07:14 PM (IST)
Updated Date: Sat, 03 Jan 2026 07:17 PM (IST)
- ਮਹਿਕਮੇ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਕਿਸੇ ਵੀ ਕੀਮਤ ’ਤੇ ਸਮਝੌਤਾ ਨਹੀਂ ਕੀਤਾ ਜਾਵੇਗਾ : ਮੇਅਰ
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਨਗਰ ਨਿਗਮ ਵਿੱਚ ਪੁਰਾਣੇ ਵਿਕਾਸ ਕੰਮਾਂ ਨਾਲ ਸਬੰਧਿਤ ਫਾਈਲਾਂ ਅਤੇ ਮਾਪ-ਕਿਤਾਬ ਰਜਿਸਟਰ (ਐੱਮਬੀ) ਨਾ ਮਿਲਣ ਦਾ ਮਾਮਲਾ ਇੱਕ ਵਾਰ ਫਿਰ ਭਖਣ ਲੱਗਿਆ ਹੈ। ਮੇਅਰ ਕੁੰਦਨ ਗੋਗੀਆ ਵੱਲੋਂ ਪੁਰਾਣੇ ਕੰਮਾਂ ਸਬੰਧੀ ਅਧਿਕਾਰੀਆਂ ਤੋਂ ਐੱਮਬੀ ਮੰਗੇ ਜਾਣ ਦੇ ਬਾਵਜੂਦ ਹਾਲੇ ਤਕ ਇਹ ਰਿਕਾਰਡ ਉਪਲੱਬਧ ਨਹੀਂ ਕਰਵਾਇਆ ਗਿਆ, ਜਿਸ ਕਾਰਨ ਸ਼ੱਕ ਹੋਰ ਭੂੰਘਾ ਹੋ ਗਿਆ ਹੈ। ਜਾਣਕਾਰੀ ਮੁਤਾਬਿਕ ਇਸ ਸਬੰਧੀ ਠੇਕੇਦਾਰਾਂ ਅਤੇ ਕੁਝ ਅਧਿਕਾਰੀਆਂ ਵੱਲੋਂ ਆਨਾਕਾਨੀ ਕੀਤੀ ਜਾ ਰਹੀ ਹੈ।
ਇਸ ਮੌਕੇ ਮੇਅਰ ਕੁੰਦਨ ਗੋਗੀਆ ਵੱਲੋਂ ਕਈ ਵਾਰ ਲਿਖਤੀ ਅਤੇ ਮੌਖਿਕ ਤੌਰ ’ਤੇ ਐੱਮਬੀ ਸਬੰਧਿਤ ਫਾਈਲਾਂ ਮੰਗੀਆਂ ਗਈਆਂ, ਪਰ ਹੈਰਾਨੀ ਦੀ ਗੱਲ ਹੈ ਕਿ ਹਫ਼ਤਿਆਂ ਬੀਤ ਜਾਣ ਦੇ ਬਾਵਜੂਦ ਵੀ ਰਿਕਾਰਡ ਪੇਸ਼ ਨਹੀਂ ਕੀਤਾ ਗਿਆ। ਇਸ ਹਾਲਾਤ ਨੇ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕਿਤੇ ਨਗਰ ਨਿਗਮ ਵਿੱਚ ਹੋਏ ਪੁਰਾਣੇ ਵਿਕਾਸ ਕੰਮਾਂ ਵਿੱਚ ਗੜਬੜਾਂ ਨੂੰ ਲੁਕਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ। ਦੱਸ ਦੇਈਏ ਕਿ ਐੱਮਬੀ ਸਾਹਮਣੇ ਆਉਣ ਨਾਲ ਕਰੋੜਾਂ ਰੁਪਏ ਦੇ ਕੰਮਾਂ ਵਿੱਚ ਵੱਡੇ ਘਪਲੇ ਦੀ ਆਸ਼ੰਕਾ ਜਤਾਈ ਜਾ ਰਹੀ ਹੈ। ਦੂਜੇ ਪਾਸੇ ਇਨ੍ਹਾਂ ਅਧਿਕਾਰੀਆਂ ਵੱਲੋਂ ਵੀ ਇਸ ਮਾਮਲੇ ਵਿੱਚ ਸਹਿਯੋਗ ਨਾ ਦੇਣ ਕਾਰਨ ਮੇਅਰ ਦੀ ਚਿੰਤਾ ਹੋਰ ਵੱਧ ਗਈ ਹੈ।
ਮੇਅਰ ਕੁੰਦਨ ਗੋਗੀਆ ਨੇ ਇਸ ਮਾਮਲੇ ਬਾਰੇ ਸਪੱਸ਼ਟ ਕੀਤਾ ਕਿ ਜੇਕਰ ਜਲਦੀ ਹੀ ਮੰਗਿਆ ਗਿਆ ਰਿਕਾਰਡ ਉਪਲਬਧ ਨਾ ਕਰਵਾਇਆ ਗਿਆ ਤਾਂ ਉਹ ਮੁੜ ਤੋਂ ਵਿਜੀਲੈਂਸ ਵਿਭਾਗ ਦਾ ਦਰਵਾਜ਼ਾ ਖੜਕਾਉਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਕਿਸੇ ਵੀ ਕੀਮਤ ’ਤੇ ਸਮਝੌਤਾ ਨਹੀਂ ਕੀਤਾ ਜਾਵੇਗਾ। ਮੇਅਰ ਨੇ ਕਿਹਾ ਕਿ ਨਗਰ ਨਿਗਮ ਸ਼ਹਿਰ ਵਾਸੀਆਂ ਦੇ ਟੈਕਸ ਦੇ ਪੈਸਿਆਂ ਨਾਲ ਚੱਲਦਾ ਹੈ ਅਤੇ ਹਰ ਪੈਸੇ ਦਾ ਹਿਸਾਬ ਹੋਣਾ ਲਾਜ਼ਮੀ ਹੈ। ਜੇਕਰ ਕੋਈ ਅਧਿਕਾਰੀ ਜਾਂ ਠੇਕੇਦਾਰ ਰਿਕਾਰਡ ਛੁਪਾ ਕੇ ਜਾਂ ਆਨਾਕਾਨੀ ਕਰ ਕੇ ਜਾਂਚ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਇਹ ਕਾਨੂੰਨਨ ਅਪਰਾਧ ਹੈ ਅਤੇ ਇਸ ’ਤੇ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਪਟਿਆਲਾ ਦੇ ਵਿਕਾਸ ਨਾਲ ਕੋਈ ਸਮਝੌਤਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਸੱਚਾਈ ਸਾਹਮਣੇ ਲਿਆਉਣ ਲਈ ਹਰ ਸੰਭਵ ਕਦਮ ਚੁੱਕਿਆ ਜਾਵੇਗਾ।