- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੜਾਕੇ ਦੀ ਠੰਡ ਤੇ ਧੁੰਦ ਦਾ ਕਹਿਰ ਜਾਰੀ, ਅਗਲੇ ਪੰਜ ਦਿਨ ‘ਓਰੇਂਜ ਅਲਰਟ’

- 24 ਘੰਟਿਆਂ ਦੌਰਾਨ ਤਾਪਮਾਨ ’ਚ 2.9 ਡਿਗਰੀ ਗਿਰਾਵਟ
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਅਨੁਮਾਨਾਂ ਅਨੁਸਾਰ ਅਗਲੇ ਪੰਜ ਦਿਨਾਂ ਤਕ ਸ਼ਹਿਰ ਵਾਸੀਆਂ ਨੂੰ ਸ਼ੀਤ ਲਹਿਰ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਸ਼ਨਿਚਰਵਾਰ ਨੂੰ ਪਟਿਆਲਾ ਵਿੱਚ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 8.3 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ ਜੋ ਕਿ ਪਿਛਲੇ 24 ਘੰਟੇ ਵਿਚ 2.9 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸਵੇਰ ਦੇ ਸਮੇਂ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ 50 ਤੋਂ 60 ਮੀਟਰ ਤੱਕ ਰਹਿ ਗਈ, ਜਿਸ ਕਾਰਨ ਸੜਕੀ ਆਵਾਜਾਈ ਕਾਫੀ ਪ੍ਰਭਾਵਿਤ ਹੋਈ। ਦਿਨ ਵੇਲੇ ਬੱਦਲਵਾਈ ਰਹਿਣ ਕਾਰਨ ਧੁੱਪ ਦਾ ਅਸਰ ਘੱਟ ਰਿਹਾ, ਜਿਸ ਨਾਲ 'ਕੋਲਡ ਡੇ' ਵਰਗੀ ਸਥਿਤੀ ਬਣੀ ਰਹੀ।
ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਿਕ ਆਉਣ ਵਾਲੇ ਪੰਜ ਦਿਨ ਠੰਡ ਦਾ ਕਹਿਰ ਜਾਰੀ ਰਹਿਣ ਦਾ ਅਨੁਮਾਨ ਹੈ। ਐਤਵਾਰ ਆਸਮਾਨ ਸਾਫ਼ ਰਹਿਣ ਦੀ ਸੰਭਾਵਨਾ ਹੈ ਪਰ ਸ਼ੀਤ ਲਹਿਰ ਜਾਰੀ ਰਹੇਗੀ। ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਅਤੇ ਘੱਟੋ-ਘੱਟ 8 ਡਿਗਰੀ ਰਹੇਗਾ। ਸੋਮਵਾਰ ਸਵੇਰ ਵੇਲੇ ਭਾਰੀ ਧੁੰਦ ਪੈ ਸਕਦੀ ਹੈ। ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ, ਪਾਰਾ 8 ਤੋਂ 16 ਡਿਗਰੀ ਦੇ ਵਿਚਕਾਰ ਰਹੇਗਾ। 6 ਜਨਵਰੀ ਮੰਗਲਵਾਰ ਨੂੰ ਮੌਸਮ ਖੁਸ਼ਕ ਰਹੇਗਾ। ਦਿਨ ਵੇਲੇ ਹਲਕੀ ਧੁੱਪ ਨਿਕਲ ਸਕਦੀ ਹੈ, ਪਰ ਰਾਤਾਂ ਵਧੇਰੇ ਠੰਢੀਆਂ ਰਹਿਣਗੀਆਂ। 7 ਜਨਵਰੀ ਬੁੱਧਵਾਰ ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ, ਜੋ ਸੱਤ ਡਿਗਰੀ ਤੱਕ ਜਾ ਸਕਦਾ ਹੈ। ਸ਼ੀਤ ਲਹਿਰ ਦਾ ਪ੍ਰਕੋਪ ਵਧੇਗਾ। ਵੀਰਵਾਰ ਤਾਪਮਾਨ ਹੋਰ ਡਿੱਗ ਕੇ ਘਟੋ ਘੱਟ 6 ਡਿਗਰੀ ਘੱਟੋ-ਘੱਟ ਤਕ ਪਹੁੰਚਣ ਦੀ ਸੰਭਾਵਨਾ ਹੈ। ਠੰਢੀਆਂ ਹਵਾਵਾਂ ਕਾਰਨ ਕੰਬਣੀ ਵਧੇਗੀ। ਮੌਸਮ ਵਿਭਾਗ ਨੇ ਪਟਿਆਲਾ ਸਮੇਤ ਪੰਜਾਬ ਦੇ ਕਈ ਹਿੱਸਿਆਂ ਵਿੱਚ ‘ਆਰੇਂਜ ਅਲਰਟ’ ਜਾਰੀ ਕੀਤਾ ਹੈ। ਇਸ ਦਾ ਮਤਲਬ ਹੈ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ। ਪਹਾੜੀ ਇਲਾਕਿਆਂ ਵਿੱਚ ਹੋ ਰਹੀ ਬਰਫ਼ਬਾਰੀ ਕਾਰਨ ਮੈਦਾਨੀ ਇਲਾਕਿਆਂ ਵੱਲ ਆ ਰਹੀਆਂ ਸਰਦ ਹਵਾਵਾਂ ਨੇ ਪਾਰੇ ਨੂੰ ਹੇਠਾਂ ਸੁੱਟ ਦਿੱਤਾ ਹੈ। ਮਾਹਿਰਾਂ ਨੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਖਾਸ ਤੌਰ ’ਤੇ ਸਵੇਰ ਅਤੇ ਰਾਤ ਦੇ ਸਮੇਂ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ। ਸੰਘਣੀ ਧੁੰਦ ਕਾਰਨ ਹਾਈਵੇਅ ’ਤੇ ਸਫ਼ਰ ਕਰਦੇ ਸਮੇਂ ਫੌਗ ਲਾਈਟਾਂ ਦੀ ਵਰਤੋਂ ਕਰਨ ਅਤੇ ਰਫ਼ਤਾਰ ਘੱਟ ਰੱਖਣ ਦੀ ਅਪੀਲ ਕੀਤੀ ਗਈ ਹੈ। ਖੇਤੀਬਾੜੀ ਮਾਹਿਰਾਂ ਅਨੁਸਾਰ ਇਹ ਠੰਢ ਕਣਕ ਦੀ ਫ਼ਸਲ ਲਈ ਲਾਹੇਵੰਦ ਹੈ, ਪਰ ਸਬਜ਼ੀਆਂ ਨੂੰ ਕੋਹਰੇ ਤੋਂ ਬਚਾਉਣ ਲਈ ਹਲਕੀ ਸਿੰਚਾਈ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ।