ਨਵੇਂ ਬੱਸ ਸਟੈਂਡ ’ਚ 1.67 ਕਰੋੜ ਦੀ ਲਾਗਤ ਨਾਲ ਤਿਆਰ ਟਰਮੀਨਲ ਸ਼ੈੱਡ ਲੋਕ ਅਰਪਣ
ਨਵੇਂ ਬੱਸ ਸਟੈਂਡ ਵਿਖੇ 1 ਕਰੋੜ 67 ਲੱਖ ਦੀ ਲਾਗਤ ਨਾਲ ਤਿਆਰ ਟਰਮੀਨਲ ਸ਼ੈੱਡ ਲੋਕ-ਅਰਪਣ
Publish Date: Sat, 03 Jan 2026 06:33 PM (IST)
Updated Date: Sat, 03 Jan 2026 06:35 PM (IST)

- ਜਲਦੀ ਹੋਰ ਲੋਕ-ਹਿਤੈਸ਼ੀ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ : ਚੇਅਰਮੈਨ ਹਡਾਣਾ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੀਆਰਟੀਸੀ ਚੇਅਰਮੈਨ ਰਣਜੋਧ ਸਿੰਘ ਹਡਾਣਾ ਵੱਲੋਂ ਨਵੇਂ ਬੱਸ ਸਟੈਂਡ ਪਟਿਆਲਾ ਵਿਖੇ ਸ਼ਹਿਰ ਦੇ ਨਵੇਂ ਬੱਸ ਸਟੈਂਡ ਵਿਖੇ ਉਸਾਰੇ ਗਏ ਨਵੇਂ ਟਰਮੀਨਲ ਸ਼ੈੱਡ ਲੋਕਾਂ ਨੂੰ ਸਪੁਰਦ ਕੀਤਾ ਗਿਆ। ਚੇਅਰਮੈਨ ਰਣਜੋਧ ਹਡਾਣਾ ਨੇ ਕਿਹਾ ਕਿ ਸਵਾਰੀਆਂ ਦੀ ਲੰਮੇ ਸਮੇਂ ਤੋਂ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਕਾਊਂਟਰਾਂ ਦੇ ਦੋਵੇਂ ਪਾਸਿਆਂ ’ਤੇ ਵਿਸ਼ਾਲ ਟਰਮੀਨਲ ਸ਼ੈੱਡ ਦੀ ਉਸਾਰੀ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਲਗਭਗ 1 ਕਰੋੜ 67 ਲੱਖ ਤੋਂ ਵੱਧ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਇਹ ਪ੍ਰਾਜੈਕਟ ਕਰੀਬ 6 ਮਹੀਨਿਆਂ ਦੇ ਸਮੇਂ ਅੰਦਰ ਮੁਕੰਮਲ ਕੀਤਾ ਗਿਆ ਹੈ। ਇਸ ਸ਼ੈੱਡ ਦੇ ਲੋਕ-ਅਰਪਣ ਨਾਲ ਹੁਣ ਸਵਾਰੀਆਂ ਨੂੰ ਗਰਮੀਆਂ ਦੀ ਤਿੱਖੀ ਧੁੱਪ, ਸਰਦੀਆਂ ਦੀ ਕੜਾਕੇਦਾਰ ਠੰਢ ਅਤੇ ਮਾਨਸੂਨ ਦੌਰਾਨ ਬਾਰਿਸ਼ ਤੋਂ ਰਾਹਤ ਮਿਲੇਗੀ। ਇਸ ਨਾਲ ਬੱਸ ਸਟੈਂਡ ’ਤੇ ਉਡੀਕ ਕਰ ਰਹੀਆਂ ਸਵਾਰੀਆਂ ਨੂੰ ਕਾਫੀ ਸਹੂਲਤ ਪ੍ਰਾਪਤ ਹੋਵੇਗੀ ਅਤੇ ਬੱਸ ਸਟੈਂਡ ਦੀ ਸੁੰਦਰਤਾ ਵਿੱਚ ਵੀ ਵਾਧਾ ਹੋਇਆ ਹੈ। ਚੇਅਰਮੈਨ ਹਡਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਸਵਾਰੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਟਰਾਂਸਪੋਰਟ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਪੀਆਰਟੀਸੀ ਵੱਲੋਂ ਲੋਕ-ਹਿਤੈਸ਼ੀ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ। ਉਨ੍ਹਾ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਨਵੀਆਂ ਬੱਸਾਂ ਵੀ ਜਲਦ ਪੀਆਰਟੀਸੀ ਦੇ ਬੇੜੇ ਵਿੱਚ ਸ਼ਾਮਲ ਹੋ ਰਹੀਆਂ ਹਨ। ਇਸ ਮੌਕੇ ਨਵਦੀਪ ਕੁਮਾਰ, ਵਧੀਕ ਮੈਨੇਜਿੰਗ ਡਾਇਰੈਕਟਰ, ਜਤਿੰਦਰਪਾਲ ਸਿੰਘ ਗਰੇਵਾਲ, ਜੀ.ਐਮ. ਪਟਿਆਲਾ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।