ਚਟਕਾਰੇ : ਕੰਨੀਂ ਦੇਖਿਆ, ਅੱਖੀਂ ਸੁਣਿਆ
ਚਟਕਾਰੇ : ਕੰਨੀਂ ਦੇਖਿਆ, ਅੱਖੀਂ ਸੁਣਿਆ
Publish Date: Sat, 03 Jan 2026 06:05 PM (IST)
Updated Date: Sat, 03 Jan 2026 06:08 PM (IST)

ਚਾਹ ਦੀ ਚਰਚਾ : ਜਿੱਥੇ ਖੰਡ ਘੱਟ ਤੇ ਲੂਣ ਜ਼ਿਆਦਾ ਸ਼ਹਿਰ ਦੀ ਸਿਆਸਤ ਵਿੱਚ ਅੱਜ ਕੱਲ੍ਹ ‘ਚਾਹ’ ਸਿਰਫ਼ ਇੱਕ ਪੀਣ ਵਾਲਾ ਪਦਾਰਥ ਨਹੀਂ ਰਹੀ, ਸਗੋਂ ‘ਪਾਵਰ ਗੇਮ’ ਦਾ ਅਖਾੜਾ ਬਣ ਗਈ ਹੈ। ਵਿਚਾਰੇ ਨੇਤਾ ਜੀ ਨੇ ਸੋਚਿਆ ਸੀ ਕਿ ਚਾਹ ਦੀਆਂ ਚੁਸਕੀਆਂ ਨਾਲ ਲੋਕਾਂ ਦੇ ਦਿਲ ਜਿੱਤ ਕੇ ਸ਼ਹਿਰ ਤੇ ਸਰਦਾਰੀ ਕਾਇਮ ਕਰਨਗੇ, ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦੀ ਆਪਣੀ ਹੀ ਪਾਰਟੀ ਦੇ ‘ਸਿਆਸੀ : ਮਾਹਿਰ’ ਚੁੱਲ੍ਹੇ ਵਿੱਚ ਪਾਣੀ ਪਾਉਣ ਲਈ ਤਿਆਰ ਬੈਠੇ ਹਨ। ਦਰਅਸਲ ਇੱਕ ਪਾਸੇ ਸੱਸ ਰੂਪੀ ਸੀਨੀਅਰ ਨੇਤਾ ਜੀ ਹਨ, ਜਿਨ੍ਹਾਂ ਦਾ ਮੰਨਣਾ ਹੈ ਕਿ ‘ਚਾਬੀਆਂ ਦਾ ਗੁੱਛਾ’ ਉਨ੍ਹਾਂ ਦੇ ਲੱਕ ਨਾਲ ਹੀ ਬੱਝਿਆ ਰਹਿਣਾ ਚਾਹੀਦਾ ਹੈ। ਦੂਜੇ ਪਾਸੇ ਨੂੰਹ ਰੂਪੀ ਉਤਸ਼ਾਹੀ ਨੇਤਾ ਜੀ ਹਨ, ਜੋ ਚਾਹੁੰਦੇ ਹਨ ਕਿ ‘ਤਿਜੋਰੀ’ ਨਾ ਸਹੀ ਪਰ ‘ਰਸੋਈ’ ਦੀਆਂ ਚਾਬੀਆਂ ਤਾਂ ਉਨ੍ਹਾਂ ਕੋਲ ਹੀ ਹੋਣੀਆਂ ਚਾਹੀਦੀਆਂ ਹਨ। ਸੋ ਉਸਨੇ ਆਪਣੀ ਮਰਜ਼ੀ ਨਾਲ ਚਾਹ ਧਰ ਲਈ। ਚਾਹ ਦੇ ਬਹਾਨੇ ਸਿਆਸੀ ਕਦ ਉੱਚਾ ਕਰਨ ਦੀ ਯੋਜਨਾ ਸੀ। ਪਰ ਸੱਸ ਕਹਿੰਦੀ ਕਿ ਮੈਂ ਸਿਆਸਤ ਦੀ ਰਸੋਈ ਵਿੱਚ ਬਚਪਨ ਤੋਂ ਚਿਕਨ-ਮਟਨ ਬਣਾ ਰਹੀ ਹਾਂ, ਮੇਰੀ ਮਰਜ਼ੀ ਬਿਨਾਂ ਤੇਰੀ ਚਾਹ ਕਿਵੇਂ ਪੱਕ ਜਾਊ? ਸੋ ਸੱਸ ਨੇ ਆਪਣੀਆਂ ਨਨਾਣਾਂ, ਭੈਣਾਂ, ਭਤੀਜੀਆਂ ਸਭ ਨੂੰ ਚਾਹ ਧਰਨ ਦੇ ਹੁਕਮ ਚਾੜ੍ਹ ਦਿੱਤੇ। ਜਦੋਂ ਚਾਹ ਦੀਆਂ ਇਕੱਠੀਆਂ ਹੀ ਕਈ ਪਤੀਲੀਆਂ ਚੜ੍ਹ ਗਈਆਂ ਤਾਂ ਨੂੰਹ ਦੀ ਪਤੀਲੀ ਕਦਰ ਗੁਆ ਬੈਠੀ। ਪਟਿਆਲਵੀ ਹੈਰਾਨ ਹਨ ਕਿ ਜੇਕਰ ਇਹਨਾਂ ਨੇਤਾਵਾਂ ਦੀ ਆਪਸੀ ‘ਚਾਹ’ ਹੀ ਨਹੀਂ ਬਣ ਰਹੀ, ਤਾਂ ਉਹ ਸ਼ਹਿਰ ਦੇ ਵਿਕਾਸ ਦੀ ਖਿਚੜੀ ਕਦੋਂ ਪਕਾਉਣਗੇ? ਫਿਲਹਾਲ ਨੂੰਹ ਦੀ ਸਰਦਾਰੀ ਤਾਂ ਦੂਰ ਦੀ ਗੱਲ ਰਹੀ, ਉਸ ਨੂੰ ਤਾਂ ਸੱਸ ਦੇ “ਸਿਆਸੀ ਹਲਵਾਈਆਂ’ ਤੋਂ ਬਚਣ ਲਈ ਕਿਸੇ ਮਾਹਿਰ ਰਸੋਈਏ ਤੋਂ ਗੁਰ ਲੈਣ ਦੀ ਲੋੜ ਹੈ। ਦੁੱਧ ਦੀ ਰਾਖੀ ’ਤੇ ਬਿੱਲੀ ਯੂਨੀਵਰਸਿਟੀ ਪ੍ਰਬੰਧਕੀ ਸਿਸਟਮ ਦੀ ਮਹਿਮਾ ਵੀ ਨਿਆਰੀ ਹੈ। ਜਿਨ੍ਹਾਂ ਹੱਥਾਂ ਵਿੱਚੋਂ ਸਰਕਾਰੀ ਫਾਈਲਾਂ ਦੇ ਅਹਿਮ ਪੰਨੇ ਇੰਝ ਉੱਡ ਗਏ ਜਿਵੇਂ ਬਸੰਤ ਵਿੱਚ ਪਤੰਗਾਂ ਉੱਡਦੀਆਂ ਹਨ, ਉਨ੍ਹਾਂ ਨੂੰ ਹੀ ਦੁਬਾਰਾ ਉਸੇ ਮਲਾਈਦਾਰ ਸ਼ਾਖਾ ਦੀ ਚਾਬੀ ਸੌਂਪ ਦਿੱਤੀ ਗਈ ਹੈ। ਚੌਰੇ ਵਾਲੇ ਚਾਚੇ ਦਾ ਕਹਿਣਾ ਹੈ ਕਿ ਸ਼ਾਇਦ ਉੱਚ ਅਧਿਕਾਰੀਆਂ ਨੂੰ ਲੱਗਦਾ ਹੈ ਕਿ ਜਿਸ ਨੇ ਪੰਨੇ ਗਾਇਬ ਕਰਨ ਦੀ ਕਲਾ ਵਿੱਚ ਮਾਸਟਰ ਡਿਗਰੀ ਕੀਤੀ ਹੋਵੇ, ਉਸ ਨੂੰ ਭਵਿੱਖ ਵਿੱਚ ਪੂਰੀ ਫਾਈਲ ਗਾਇਬ ਕਰਨ ਬਾਰੇ ਪੀਐਚਡੀ ਕਰਨ ਦਾ ਮੌਕਾ ਵੀ ਦੇਣਾ ਚਾਹੀਦਾ ਹੈ। ਜੇ ਫਾਈਲ ਗਾਇਬ ਹੋਵੇਗੀ ਤਾਂ ਸਮਝੋ ਸਮੱਸਿਆ ਵੀ ਗਾਇਬ। ਨਾ ਰਹੇਗਾ ਬਾਂਸ, ਨਾ ਵੱਜੇਗੀ ਬੰਸਰੀ। ਫਿਰ ਜਦੋਂ ਤੱਕ ਦੁਬਾਰਾ ਫਾਈਲ ਤਿਆਰ ਹੋਵੇਗੀ, ਉਦੋਂ ਤੱਕ ਸਾਬ ਦੀ ਟਰਮ ਪੂਰੀ ਹੋ ਚੁੱਕੀ ਤੇ ਸਮੱਸਿਆ ਪੈਦਾ ਕਰਨ ਵਾਲੇ ਰਿਟਾਇਰ। ਵੀਆਈਪੀ ਇਨਸਾਫ਼ ਦੀ ਐਕਸਪ੍ਰੈੱਸ ਗੱਡੀ ਪਿੰਡ ਦੀ ਸੱਥ ਵਿਚ ਧੂਣੀਂ ਸੇਕਦਿਆਂ ਚੌਰੇ ਵਾਲਾ ਚਾਚਾ ਬੋਲਿਆ, ‘‘ਸਾਡੇ ਦੇਸ਼ ਵਿੱਚ ਕਾਨੂੰਨ ਦੀਆਂ ਦੋ ਰੇਲ ਗੱਡੀਆਂ ਚੱਲਦੀਆਂ ਹਨ। ਓਹ ਕਿੱਦਾਂ? ਭੌਰ ਭਤੀਜ ਨੇ ਚਾਚੇ ਨੂੰ ਸਵਾਲ ਕੀਤਾ। ਚਾਚਾ ਬੋਲਿਆ, ਸੁਣ ਭਤੀਜ, ‘‘ਇੱਕ ਹੈ ਬੁਲੇਟ ਟਰੇਨ , ਜੋ ਸਿਰਫ਼ ਮਹਿਕਮੇ ਦੇ ਵੱਡੇ ਸਾਬ੍ਹ ਜਾਂ ਕਿਸੇ ਰਸੂਖ਼ਦਾਰ ਲਈ ਚਲਦੀ ਹੈ।’’ ਸੁਣ ਭਤੀਜ ਜੇਕਰ ਸਾਬ੍ਹ ਨਾਲ ਠੱਗੀ ਹੋ ਜਾਵੇ, ਤਾਂ ਮਹਿਕਮਾ ਇੰਨੀ ਫ਼ੁਰਤੀ ਦਿਖਾਉਂਦਾ ਹੈ ਕਿ ਸ਼ਾਇਦ ਓਲੰਪਿਕ ਵਿੱਚ ਦੌੜਨ ਵਾਲੇ ਵੀ ਪਿੱਛੇ ਰਹਿ ਜਾਣ। ਕਾਰਵਾਈ ਇੰਨੀ ਤੇਜ਼ ਕਿ ਮੁਲਜ਼ਮਾਂ ਨੂੰ ਤਾਂ ਇਹ ਵੀ ਪਤਾ ਨਾ ਲੱਗਾ ਕਿ ਕਦ ਉਨ੍ਹਾਂ ਦੇ ਖਾਤੇ ਫਰੀਜ਼ ਹੋ ਗਏ ਤੇ ਕਦੋਂ ਇਹ ਗ੍ਰਿਫ਼ਤਾਰ ਹੋ ਗਏ। ਇੰਝ ਲੱਗਦਾ ਹੈ ਜਿਵੇਂ ਸਾਰਾ ਸਿਸਟਮ ਹੀ ‘ਗੂਗਲ ਮੈਪ ਬਣ ਕੇ ਮੁਲਜ਼ਮਾਂ ਦੇ ਪਿੱਛਾ ਕਰ ਰਿਹਾ ਹੋਵੇ। ਪਰ ਦੂਜੇ ਪਾਸੇ ਚੱਲਦੀ ਹੈ ਪੈਸੇਂਜਰ ਗੱਡੀ , ਜਿਸ ਵਿੱਚ ਆਮ ਬੰਦਾ ਸਵਾਰ ਹੁੰਦਾ ਹੈ। ਇਸ ਗੱਡੀ ਦਾ ਨਾ ਕੋਈ ਸਟੇਸ਼ਨ ਹੈ ਤੇ ਨਾ ਹੀ ਕੋਈ ਟਾਈਮ। ਜਦੋਂ ਇੱਕ ਆਮ ਇਨਸਾਨ ਆਪਣੀ ਉਮਰ ਭਰ ਦੀ ਕਮਾਈ ਲੁਟਾ ਕੇ ਮਹਿਕਮੇ ਕੋਲ ਜਾਂਦਾ ਹੈ, ਤਾਂ ਉਸਨੂੰ ਇੰਝ ਦੇਖਿਆ ਜਾਂਦਾ ਹੈ ਜਿਵੇਂ ਉਹ ਇਨਸਾਫ਼ ਨਹੀਂ, ਸਗੋਂ ਮਹਿਕਮੇ ਵਾਲਿਆਂ ਦੀ ਕਿਡਨੀ ਮੰਗ ਰਿਹਾ ਹੋਵੇ। ਵੱਡੇ ਸਾਬ੍ਹ ਲਈ: ‘ਫਿਕਰ ਨਾ ਕਰੋ ਸਾਬ੍ਹ, ਪਾਤਾਲ ਚੋਂ ਵੀ ਲੱਭ ਲਵਾਂਗੇ!’ ਆਮ ਬੰਦੇ ਲਈ: ‘ਭਾਈ ਸਾਹਿਬ, ਤੁਹਾਨੂੰ ਕਿਹਾ ਸੀ ਨਾ ਓ.ਟੀ.ਪੀ. ਨਾ ਦਿਓ? ਹੁਣ ਅਸੀਂ ਕੀ ਕਰੀਏ, ਤੁਸੀਂ ਇੰਤਜ਼ਾਰ ਕਰੋ।’ ਬੜੀ ਹੈਰਾਨੀ ਦੀ ਗੱਲ ਹੈ ਕਿ ਸਿਸਟਮ ਦੀ ਜਿਹੜੀ ਮਸ਼ੀਨਰੀ ਕਰੋੜਾਂ ਰੁਪਏ ਕੁਝ ਦਿਨਾਂ ਵਿੱਚ ਫਰੀਜ਼ ਕਰਵਾ ਲੈਂਦੀ ਹੈ, ਉਹੀ ਮਸ਼ੀਨਰੀ ਆਮ ਬੰਦੇ ਦੇ ਕੁਝ ਹਜ਼ਾਰ ਰੁਪਏ ਲੱਭਣ ਵੇਲੇ ਆਊਟ ਆਫ ਆਰਡਰ ਹੋ ਜਾਂਦੀ ਹੈ। ਕੀ ਇਨਸਾਫ਼ ਹੁੁਣ ਕੱਦ ਦੇਖ ਕੇ ਮਿਲਦਾ ਹੈ? ਭਤੀਜ ਦੇ ਇਸ ਸਵਾਲ ਦਾ ਜਵਾਬ ਦਿੱਤੇ ਬਿਨਾਂ ਚਾਚਾ ਹੱਥ ਝਾੜਦਾ ਅੱਗੇ ਤੋਰ ਗਿਆ। ਪੇਸ਼ਕਸ਼ : ਨਵਦੀਪ ਢੀਂਗਰਾ।