ਜਿਮਖਾਨਾ ਕਲੱਬ ਪ੍ਰਧਾਨ ਥਿੰਦ ਦਾ ਕੀਤਾ ਸਨਮਾਨ
ਜਿਮਖਾਨਾ ਕਲੱਬ ਪ੍ਰਧਾਨ ਸ਼ੇਰਬੀਰ ਸਿੰਘ ਥਿੰਦ ਦਾ ਜੱਦੀ ਪਿੰਡ ਭਾਨਰੀ ’ਚ ਸਨਮਾਨ
Publish Date: Sat, 03 Jan 2026 05:11 PM (IST)
Updated Date: Sat, 03 Jan 2026 05:14 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਜਿਮਖਾਨਾ ਕਲੱਬ ਦੇ ਪ੍ਰਧਾਨ ਚੁਣੇ ਜਾਣ ’ਤੇ ਸ਼ੇਰਬੀਰ ਸਿੰਘ ਥਿੰਦ ਦਾ ਉਨ੍ਹਾਂ ਦੇ ਜੱਦੀ ਪਿੰਡ ਭਾਂਨਰੀ ਵਿਖੇ ਪਿੰਡ ਵਾਸੀਆਂ ਵੱਲੋਂ ਸਨਮਾਨ ਕੀਤਾ ਗਿਆ। ਇਹ ਸਨਮਾਨ ਨਵੇਂ ਸਾਲ ਦੀ ਆਮਦ ਮੌਕੇ ਪਿੰਡ ਵਿੱਚ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਾਦੇ ਪਰ ਭਾਵਨਾਤਮਕ ਸਮਾਗਮ ਦੌਰਾਨ ਕੀਤਾ ਗਿਆ। ਇਸ ਮੌਕੇ ਸ਼ੇਰਬੀਰ ਸਿੰਘ ਥਿੰਦ ਨੇ ਕਿਹਾ ਕਿ ਇਹ ਸਿਰਫ਼ ਉਨ੍ਹਾਂ ਦੀ ਨਿੱਜੀ ਸਫ਼ਲਤਾ ਨਹੀਂ, ਸਗੋਂ ਪਿੰਡ ਭਾਂਨਰੀ ਅਤੇ ਪਟਿਆਲਾ ਵਾਸੀਆਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਕਲੱਬ ਦੀ ਸੌ ਸਾਲਾਂ ਦੇ ਨੇੜੇ-ਤੇੜੇ ਪੁਰਾਣੀ ਵਿਰਾਸਤ ਨੂੰ ਸੰਭਾਲਦੇ ਹੋਏ ਉਸਨੂੰ ਨਵੀਆਂ ਉਚਾਈਆਂ ਤਕ ਲਿਜਾਣ ਲਈ ਉਹ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਧਿਆਨ ਸਿੰਘ ਭਾਨਰੀ ਨੇ ਦੱਸਿਆ ਕਿ ਜਿੱਥੇ ਮਹਾਰਾਣੀ ਕਲੱਬ ਦੀ ਇਮਾਰਤ ਮੌਜੂਦ ਹੈ, ਉਸ ਧਰਤੀ ਨਾਲ ਪਿੰਡ ਦੇ ਬਜ਼ੁਰਗਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ। ਜਦੋਂ ਮਹਾਰਾਜਾ ਭੁਪਿੰਦਰ ਸਿੰਘ ਵੱਲੋਂ ਬਰਾਦਰੀ ਗਾਰਡਨ ਦੀ ਸਥਾਪਨਾ ਕੀਤੀ ਗਈ ਸੀ, ਉਸ ਸਮੇਂ ਲਹਿਲ ਪਿੰਡ ਦੇ ਕਈ ਵਸਨੀਕਾਂ ਨੂੰ ਉਥੋਂ ਹਟਾਕੇ ਭਾਂਨਰੀ ਪਿੰਡ ਵਸਾਇਆ ਗਿਆ ਸੀ। ਅੱਜ ਉਸੇ ਧਰਤੀ ਨਾਲ ਸਬੰਧਿਤ ਪਰਿਵਾਰ ਦੇ ਸ਼ੇਰਬੀਰ ਸਿੰਘ ਥਿੰਦ ਦਾ ਰਜਿੰਦਰਾ ਜਿਮਖਾਨਾ ਕਲੱਬ ਦਾ ਪ੍ਰਧਾਨ ਬਣਨਾ ਪਿੰਡ ਲਈ ਇਤਿਹਾਸਕ ਮਾਣ ਦੀ ਗੱਲ ਮੰਨੀ ਜਾ ਰਹੀ ਹੈ। ਭਨਰੀ ਨੇ ਦੱਸਿਆ ਕਿ ਸ਼ੇਰਬੀਰ ਸਿੰਘ ਥਿੰਦ ਦੇ ਪਿਤਾ ਸਵ. ਅੰਮ੍ਰਿਤਵੀਰ ਸਿੰਘ ਘੁੱਗੀ ਵੀ ਲੰਬੇ ਸਮੇਂ ਤਕ ਕਲੱਬ ਦੇ ਪ੍ਰਧਾਨ ਰਹਿ ਚੁੱਕੇ ਹਨ, ਜਿਸ ਕਰ ਕੇ ਇਹ ਉਪਲਬਧੀ ਪੂਰੇ ਪਰਿਵਾਰ ਅਤੇ ਪਿੰਡ ਲਈ ਗੌਰਵ ਦਾ ਕਾਰਨ ਬਣੀ ਹੈ। ਇਸ ਮੌਕੇ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਪਸਿਆਣਾ, ਨੈਬ ਸਿੰਘ ਭਾਂਨਰੀ, ਸਰਪੰਚ ਜਰਨੈਲ ਸਿੰਘ, ਮੈਂਬਰ ਜਸਵੀਰ ਸਿੰਘ, ਗੁਰਵਿੰਦਰ ਸਿੰਘ, ਪਿਆਰਾ ਸਿੰਘ, ਦਰਸ਼ਨ ਸਿੰਘ ਹਰਦੀਪ ਸਿੰਘ ਕਰਨਬੀਰ ਸਿੰਘ ਗੁਰਜੰਟ ਸਿੰਘ ਸਮੇਤ ਹੋਰ ਹਾਜ਼ਰ ਸਨ। ਗੁਰੂ ਘਰ ਦੇ ਮੁੱਖ ਸੇਵਾਦਾਰ ਪਿਆਰਾ ਬਾਬਾ ਹਰੀ ਸਿੰਘ ਨੇ ਵੀ ਸ਼ੇਰਬੀਰ ਸਿੰਘ ਥਿੰਦ ਨੂੰ ਆਸ਼ੀਰਵਾਦ ਦਿੱਤਾ। ਪਿੰਡ ਵਾਸੀਆਂ ਨੇ ਉਮੀਦ ਜ਼ਾਹਿਰ ਕੀਤੀ ਕਿ ਆਉਂਦੇ ਸਮੇਂ ਵਿੱਚ ਸ਼ੇਰ ਵੀਰ ਸਿੰਘ ਥਿੰਦ ਆਪਣੇ ਪਿੰਡ ਅਤੇ ਇਲਾਕੇ ਦਾ ਨਾਮ ਹੋਰ ਚਮਕਾਉਂਦੇ ਹੋਏ ਰਜਿੰਦਰਾ ਜਿਮਖਾਨਾ ਕਲੱਬ ਨੂੰ ਨਵੀਆਂ ਬੁਲੰਦੀਆਂ ਤਕ ਲੈ ਕੇ ਜਾਣਗੇ।