- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਰਾਬ ਠੇਕਿਆਂ ਬਾਹਰ ਲੱਗੇ ਦਾਰੂ ਦੇ ਨਵੇ ਮਹਿੰਗੇ ਭਾਅ, ਪਿਅਕੜਾਂ ਨੂੰ ਰਹੇ ਸਤਾ

ਨਵੀਂ ਲਿਸਟ ਦੇਖ ਕੇ ਪੀਣ ਵਾਲਿਆਂ ਨੂੰ ਆ ਰਹੀ ਤਰੇਲੀਆਂ, ਜੇਬ ’ਤੇ ਵਧਿਆ ਖਰਚ
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਵਿੱਤੀ ਸਾਲ ਦੇ ਆਖਰੀ ਮਹੀਨੇ ਮਾਰਚ ਵਿਚ ਜਿੱਥੇ ਆਮ ਤੌਰ ’ਤੇ ਸ਼ਰਾਬ ਦੇ ਸ਼ੌਕੀਨਾਂ ਨੂੰ ਕੀਮਤਾਂ ਘਟਣ ਦੀ ਉਮੀਦ ਰਹਿੰਦੀ ਹੈ, ਉੱਥੇ ਇਸ ਵਾਰ ਹਾਲਾਤ ਬਿਲਕੁਲ ਉਲਟ ਨਜ਼ਰ ਆ ਰਹੇ ਹਨ। ਸੰਗਰੂਰ ਵਿਚ ਮਾਰਚ ਮਹੀਨੇ ਦੇ ਦੂਜੇ ਹਫ਼ਤੇ ਵਿਚ ਹੀ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਸ਼ਰਾਬ ਦੀਆਂ ਕੀਮਤਾਂ ਵਿਚ ਵੱਡਾ ਵਾਧਾ ਕਰ ਦਿੱਤਾ ਗਿਆ ਹੈ। ਠੇਕਿਆਂ ਦੇ ਬਾਹਰ ਨਵੀਆਂ ਰੇਟ ਲਿਸਟਾਂ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੇ ਮੁਤਾਬਕ ਗਾਹਕਾਂ ਤੋਂ ਰਕਮ ਵਸੂਲੀ ਜਾ ਰਹੀ ਹੈ। ਅਚਾਨਕ ਵਧੀਆਂ ਕੀਮਤਾਂ ਕਾਰਨ ਸ਼ਰਾਬ ਪੀਣ ਵਾਲਿਆਂ ਨੂੰ ਹੁਣ ਹੋਰ ਵੱਧ ਪੈਸੇ ਖਰਚਣੇ ਪੈ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਆਬਕਾਰੀ ਵਿਭਾਗ ਵੀ ਇਸ ਮਾਮਲੇ ’ਤੇ ਚੁੱਪੀ ਧਾਰੀ ਬੈਠਾ ਹੈ। ਪਹਿਲਾਂ ਹੀ ਜਿੱਥੇ ਸ਼ਰਾਬ ਐੱਮਆਰਪੀ ਤੋਂ ਵੱਧ ਕੀਮਤ ’ਤੇ ਵੇਚੀ ਜਾਂਦੀ ਸੀ, ਉੱਥੇ ਹੁਣ ਇਸ ਵਿਚ ਹੋਰ ਵਾਧਾ ਹੋ ਗਿਆ ਹੈ।
ਪਹਿਲਾਂ ਜੋ ਅੰਗਰੇਜ਼ੀ ਸ਼ਰਾਬ ਦੀ ਬੋਤਲ 400 ਰੁਪਏ ਵਿਚ ਮਿਲਦੀ ਸੀ, ਉਸ ਦੀ ਕੀਮਤ ਵਧਾ ਕੇ 500 ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਦੇਸੀ ਸ਼ਰਾਬ ਦੀ ਬੋਤਲ, ਜੋ ਪਹਿਲਾਂ 280 ਰੁਪਏ ਵਿਚ ਮਿਲਦੀ ਸੀ, ਹੁਣ 300 ਰੁਪਏ ਵਿਚ ਵੇਚੀ ਜਾ ਰਹੀ ਹੈ। ਕਈ ਬ੍ਰਾਂਡਾਂ ’ਤੇ 100 ਤੋਂ 150 ਰੁਪਏ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ, ਜਦਕਿ ਮਹਿੰਗੀ ਸ਼ਰਾਬ ਦੀਆਂ ਕੀਮਤਾਂ ਵਿਚ ਇਸ ਤੋਂ ਵੀ ਵੱਧ ਵਾਧਾ ਹੋਇਆ ਹੈ। ਇਸ ਵਾਧੇ ਨਾਲ ਨਿਯਮਿਤ ਤੌਰ ’ਤੇ ਸ਼ਰਾਬ ਖਰੀਦਣ ਵਾਲਿਆਂ ਵਿਚ ਨਾਰਾਜ਼ਗੀ ਸਾਫ਼ ਦਿਖਾਈ ਦੇ ਰਹੀ ਹੈ।
ਸ਼ਹਿਰ ਦੇ ਵੱਖ-ਵੱਖ ਠੇਕਿਆਂ ਦਾ ਜਾਇਜ਼ਾ ਲੈਣ ’ਤੇ ਵੇਖਿਆ ਗਿਆ ਕਿ ਕਈ ਥਾਵਾਂ ’ਤੇ ਗਾਹਕ ਨਵੀਆਂ ਕੀਮਤਾਂ ਨੂੰ ਲੈ ਕੇ ਕਰਮਚਾਰੀਆਂ ਨਾਲ ਬਹਿਸ ਕਰਦੇ ਨਜ਼ਰ ਆਏ। ਕੁਝ ਲੋਕਾਂ ਦਾ ਕਹਿਣਾ ਹੈ ਕਿ ਬਿਨਾਂ ਸਪੱਸ਼ਟ ਜਾਣਕਾਰੀ ਤੇ ਪਾਰਦਰਸ਼ਤਾ ਦੇ ਕੀਮਤਾਂ ਵਧਾਉਣਾ ਗਲਤ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਪਹਿਲਾਂ ਵੀ ਕਈ ਠੇਕਿਆਂ ’ਤੇ ਬੋਤਲਾਂ ’ਤੇ ਦਰਜ ਐੱਮਆਰਪੀ (ਅਧਿਕਤਮ ਖੁਦਰਾ ਕੀਮਤ) ਤੋਂ ਵੱਧ ਪੈਸੇ ਵਸੂਲੇ ਜਾਂਦੇ ਰਹੇ ਹਨ ਤੇ ਹੁਣ ਨਵੀਂ ਰੇਟ ਲਿਸਟ ਦੇ ਨਾਂ ’ਤੇ ਹੋਰ ਵੱਧ ਵਸੂਲੀ ਕੀਤੀ ਜਾ ਰਹੀ ਹੈ।
ਰੋਜ਼ਾਨਾ ਸ਼ਰਾਬ ਪੀਣ ਵਾਲਿਆਂ ਵਿਚ ਖਾਸ ਤੌਰ ’ਤੇ ਨਾਰਾਜ਼ਗੀ ਵੇਖੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਰਚ ਦੇ ਆਖਰੀ ਦਿਨਾਂ ਵਿਚ ਆਮ ਤੌਰ ’ਤੇ ਸਟਾਕ ਖ਼ਤਮ ਕਰਨ ਲਈ ਛੂਟ ਦਿੱਤੀ ਜਾਂਦੀ ਹੈ, ਪਰ ਇਸ ਵਾਰ ਠੇਕੇਦਾਰ ਮੁਨਾਫਾ ਵਧਾਉਣ ਵਿਚ ਲੱਗੇ ਹੋਏ ਹਨ। ਜੇ ਠੇਕੇਦਾਰ ਮਨਮਾਨੀ ਕਰ ਰਹੇ ਹਨ ਤਾਂ ਉਨ੍ਹਾਂ ’ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਸਰਕਾਰ ਵੱਲੋਂ ਸ਼ਰਾਬ ’ਤੇ ਸਾਢੇ 6 ਫੀਸਦੀ ਟੈਕਸ ਵਧਾਇਆ ਗਿਆ : ਠੇਕੇਦਾਰ
ਇੱਕ ਠੇਕੇਦਾਰ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਰਾਬ ’ਤੇ ਸਾਢੇ 6 ਫੀਸਦੀ ਟੈਕਸ ਵਧਾਇਆ ਗਿਆ ਹੈ। ਇਸ ਕਾਰਨ ਉਨ੍ਹਾਂ ਨੂੰ ਸ਼ਰਾਬ ਦੀਆਂ ਕੀਮਤਾਂ ਵਧਾਉਣੀਆਂ ਪਈਆਂ ਹਨ। ਹਰ ਕਿਸਮ ਦੀ ਸ਼ਰਾਬ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਹੈ, ਕਿਉਂਕਿ ਕੀਮਤ ਵਧਾਉਣ ਨਾਲ ਹੀ ਇਸ ਟੈਕਸ ਵਾਧੇ ਦੀ ਭਰਪਾਈ ਹੋ ਸਕੇਗੀ।
ਐੱਮਆਰਪੀ ਤੋਂ ਘੱਟ ਕੀਮਤ ’ਤੇ ਸ਼ਰਾਬ ਦੀ ਵਿਕਰੀ ਨਹੀਂ ਕੀਤੀ ਜਾ ਸਕਦੀ : ਈਟੀਓ
ਉੱਧਰ, ਜਦੋਂ ਈਟੀਓ ਸੰਗਰੂਰ ਦਿਲਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਐੱਮਆਰਪੀ ਤੋਂ ਘੱਟ ਕੀਮਤ ’ਤੇ ਸ਼ਰਾਬ ਦੀ ਵਿਕਰੀ ਨਹੀਂ ਕੀਤੀ ਜਾ ਸਕਦੀ। ਜੇ ਕੋਈ ਠੇਕੇਦਾਰ ਨਿਯਮਾਂ ਤੋਂ ਵੱਧ ਵਸੂਲੀ ਕਰਦਾ ਹੈ ਤਾਂ ਉਸ ‘ਤੇ ਕਾਰਵਾਈ ਕੀਤੀ ਜਾਂਦੀ ਹੈ। ਵੱਧ ਕੀਮਤ ਵਸੂਲਣ ਦਾ ਮਾਮਲਾ ਧਿਆਨ ਵਿੱਚ ਲਿਆਂਦਾ ਗਿਆ ਹੈ ਤਾਂ ਇਸ ਦੀ ਜਾਂਚ ਕੀਤੀ ਜਾਵੇਗੀ। ਜੇਕਰ ਕਿਤੇ ਵੀ ਨਿਯਮਾਂ ਦੀ ਉਲੰਘਣਾ ਪਾਈ ਗਈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।