ਵਿਕਾਸ ਕਾਰਜਾਂ ’ਚ ਨਹੀਂ ਆਉਣ ਦਿਆਂਗੇ ਕਮੀ : ਵਿਧਾਇਕਾ ਮਿੱਤਲ
ਵਿਕਾਸ ਕਾਰਜਾਂ ’ਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ: ਵਿਧਾਇਕਾ ਮਿੱਤਲ
Publish Date: Tue, 07 Apr 2026 05:52 PM (IST)
Updated Date: Tue, 07 Apr 2026 05:56 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਹਲਕਾ ਰਾਜਪੁਰਾ ਵਿਧਾਇਕਾ ਨੀਨਾ ਮਿੱਤਲ ਨੇ ਆਪਣੇ ਗ੍ਰਹਿ ਵਿਖੇ ਰੱਖੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਵਿਰੋਧੀ ਧਿਰ ਕਾਂਗਰਸ ਪਾਰਟੀ ਨਾਲ ਸਬੰਧਤ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸਾਸਤਰੀ ਵੱਲੋਂ ਸੋਚੀ ਸਮਝੀ ਸਾਜਿਸ਼ ਤਹਿਤ ਰਾਜਪੁਰਾ ਸ਼ਹਿਰ ਦੇ ਵਿਕਾਸ ਕਾਰਜ ਕਰਵਾਉਣ ਦੇ ਲਈ ਪਾਏ ਗਏ 101 ਮਤਿਆਂ ਨੂੰ ਰੁਕਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਅਦਾਲਤ ਨੇ ਸਾਰੇ ਮਤਿਆਂ ਨੂੰ ਸਹੀ ਠਹਿਰਾਉਂਦਿਆਂ ਹੋਇਆਂ ਪਾਸ ਕਰ ਦਿੱਤਾ। ਜਿਸ ਕਾਰਨ ਰਾਜਪੁਰ ਸ਼ਹਿਰ ਅੰਦਰ ਪੰਜਾਬ ਸੂਬੇ ਦੀ ਪਹਿਲੀ ਸਰਕਾਰੀ ਗਊਸ਼ਾਲਾ ਬਣਨ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਰਾਜਪੁਰਾ ਸ਼ਹਿਰ ਦੀਆਂ ਸੜਕਾਂ ਦਾ ਨਵੀਨੀਕਰਨ, ਮਾਰਕੀਟ ਦਾ ਵਿਸਥਾਰ ਕਰਕੇ 450 ਵਿਅਕਤੀਆਂ ਨੂੰ ਪੱਕੇ ਦੁਕਾਨਦਾਰ ਬਣਾਉਣਾ ਸਮੇਤ ਰਾਜਪੁਰਾ ਸ਼ਹਿਰ ਦੇ ਰਹਿੰਦੇ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਮੁਕੰਮਲ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਰਾਜਪੁਰਾ ਨਗਰ ਕੌਂਸਲ ਦੇ ਪ੍ਰਧਾਨ ਦਾ ਕਾਰਜਕਾਲ 11 ਅਪ੍ਰੈਲ ਨੂੰ ਮੁਕੰਮਲ ਹੋ ਰਿਹਾ ਹੈ ਜਿਸ ਤੋਂ ਬਾਅਦ ਐੱਸਡੀਐੱਮ ਰਾਜਪੁਰਾ ਨਮਨ ਮਾਰਕਨ ਦੀ ਅਗਵਾਈ ਹੇਠ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਦੇ ਰਾਹੀ ਵਿਕਾਸ ਕਾਰਜ ਨੇਪਰੇ ਚੜਾਏ ਜਾਣਗੇ। ਐੱਨਐੱਚ ਏਆਈ ਵੱਲੋਂ ਰਾਜਪੁਰਾ ਨੈਸ਼ਨਲ ਹਾਈਵੇ ਦੀ ਸਰਵਿਸ ਰੋਡ ਦੇ ਅਧੂਰੇ ਪਏ ਕੰਮ ਸਬੰਧੀ ਬੀਤੇ ਦਿਨੀਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਅਕਾਲੀ ਆਗੂ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਵੱਲੋਂ ਦੁਕਾਨਦਾਰਾਂ ਦੇ ਨਾਲ ਕੀਤੇ ਗਏ ਰੋਸ ਧਰਨੇ ਸਬੰਧੀ ਬੋਲਦਿਆਂ ਵਿਧਾਇਕਾ ਮਿੱਤਲ ਨੇ ਕਿਹਾ ਕਿ ਐਨਐਚਏਆਈ ਦੇ ਅਧਿਕਾਰੀਆਂ ਦੇ ਨਾਲ ਪਹਿਲਾਂ ਹੀ ਮੀਟਿੰਗ ਕਰਕੇ ਸੜਕਾਂ ਦਾ ਰਹਿੰਦਾ ਕੰਮ ਮੁਕੰਮਲ ਕਰਨ ਸਬੰਧੀ ਸਮਾਂ ਤੈਅ ਕੀਤਾ ਹੋਇਆ ਸੀ। ਪਰ ਸਾਬਕਾ ਵਿਧਾਇਕ ਕੰਬੋਜ ਨੂੰ ਸਿਰਫ ਡਰਾਮੇਬਾਜ਼ੀ ਕਰਨੀ ਆਉਂਦੀ ਹੈ। ਉਨਾ ਸਾਬਕਾ ਵਿਧਾਇਕ ਉੱਤੇ ਕਥਿਤ ਦੋਸ਼ ਲਗਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਸਮੇਂ ਰਾਜਪੁਰਾ ਸ਼ਹਿਰ ਅਤੇ ਨੇੜਲੇ ਇਲਾਕਿਆਂ ਦੇ ਵਿੱਚ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਚਲਦੀਆਂ ਰਹੀਆਂ। ਉਹਨਾਂ ਕਿਹਾ ਕਿ ਇਕੱਲਾ ਰਾਜਪੁਰਾ ਸ਼ਹਿਰ ਹੀ ਨਹੀਂ ਸਗੋਂ ਪੰਜਾਬ ਸੂਬੇ ਦੇ ਹੋਰਨਾਂ ਸ਼ਹਿਰਾਂ ਨੂੰ ਵੀ ਜੁਰਮਾਨੇ ਕੀਤੇ ਗਏ ਹਨ। ਇਸ ਮੌਕੇ ਉਹਨਾਂ ਦੇ ਨਾਲ ਜ਼ਿਲ੍ਹਾ ਪਰਿਸ਼ਦ ਮੈਂਬਰ ਸਤਵਿੰਦਰ ਸਿੰਘ ਮਿਰਜ਼ਾਪੁਰ, ਐਡਵੋਕੇਟ ਲਵਿਸ਼ ਮਿੱਤਲ, ਬਲਾਕ ਸੰਮਤੀ ਮੈਂਬਰ ਜਗਦੀਪ ਸਿੰਘ ਅਲੂਣਾ, ਨਗਰ ਕੌਂਸਲ ਦੇ ਮੀਤ ਪ੍ਰਧਾਨ ਰਾਜੇਸ਼ ਕੁਮਾਰ, ਯੂਥ ਪ੍ਰਧਾਨ ਰਾਜੇਸ਼ ਬਾਵਾ, ਐਡਵੋਕੇਟ ਸੰਦੀਪ ਬਾਵਾ, ਸਵਰਨ ਸਿੰਘ ਨਲਾਸ ਰੋਡ ਸਮੇਤ ਹੋਰ ਹਾਜ਼ਰ ਸਨ।