ਵਿਧਾਇਕਾ ਨੇ ਸੀਵਰੇਜ ਦੇ 22 ਕਰੋੜ ਦੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ
ਵਿਧਾਇਕਾ ਨੀਨਾ ਮਿੱਤਲ ਨੇ ਸੀਵਰੇਜ ਦੇ 22 ਕਰੋੜ ਦੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ
Publish Date: Fri, 03 Apr 2026 04:27 PM (IST)
Updated Date: Fri, 03 Apr 2026 04:31 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਹਲਕਾ ਰਾਜਪੁਰਾ ਵਿਚ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਮਿਲੀ ਹੈ ਕਿਉਂਕਿ ਵਿਧਾਇਕਾ ਨੀਨਾ ਮਿੱਤਲ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਲਗਭਗ 22 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪ੍ਰੋਜੈਕਟਾਂ ਦੇ ਕੰਮਾਂ ਦਾ ਨੀਂਹ ਪੱਥਰ ਰੱਖਿਆ। ਇਸ ਦੇ ਨਾਲ ਹੀ ਵਾਰਡ ਨੰਬਰ 17 ਵਿਚ ਨਵੀਂ ਸੀਵਰੇਜ ਪਾਈਪ ਲਾਈਨ ਪਾਉਣ ਦੇ ਕੰਮ ਦੀ ਅਧਿਕਾਰਕ ਸ਼ੁਰੂਆਤ ਵੀ ਕੀਤੀ ਗਈ। ਇਹ ਪ੍ਰੋਜੈਕਟ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਕੈਬਨਿਟ ਮੰਤਰੀ ਸੰਜੀਵ ਕੁਮਾਰ ਅਰੋੜਾ ਦੇ ਯਤਨਾਂ ਸਦਕਾ ਅੱਗੇ ਵਧਾਇਆ ਗਿਆ ਹੈ। ਇਸ ਮੌਕੇ ਨਗਰ ਕੌਂਸਲ ਰਾਜਪੁਰਾ ਦੇ ਕਾਰਜਸਾਧਕ ਅਫਸਰ ਅਵਤਾਰ ਸੇਖਰੀ ਤੇ ਉਪਮੰਡਲ ਮੈਜਿਸਟ੍ਰੇਟ ਨਮਨ ਮਾਰਕਨ ਤੇ ਹਲਕਾ ਸੰਗਠਨ ਇੰਚਾਰਜ ਅਤੇ ਵਾਰਡ ਨੰਬਰ 17 ਦੇ ਇੰਚਾਰਜ ਰੀਤੇਸ ਬਾਂਸਲ ਦੇ ਸਹਿਯੋਗ ਨਾਲ ਇਹ ਮਹੱਤਵਪੂਰਨ ਪ੍ਰੋਜੈਕਟ ਸ਼ੁਰੂ ਕੀਤਾ ਗਿਆ। ਇਸ ਮੌਕੇ ਅਜੈ ਮਿੱਤਲ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਵਿਧਾਇਕਾ ਨੀਨਾ ਮਿੱਤਲ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਾਰਡ ਨੰਬਰ 17 ਤੇ ਹੋਰ ਇਲਾਕਿਆਂ ਦੇ ਨਿਵਾਸੀ ਲੰਮੇ ਸਮੇਂ ਤੋਂ ਸੀਵਰੇਜ ਓਵਰਫਲੋ ਦੀ ਸਮੱਸਿਆ ਨਾਲ ਜੂਝ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਸੀਵਰੇਜ ਓਵਰਫਲੋ ਅਤੇ ਬੈਕ ਮਾਰਨ ਦੀ ਸਮੱਸਿਆ ਦਾ ਪੱਕਾ ਹੱਲ ਨਿਕਲੇਗਾ। ਉਨ੍ਹਾਂ ਨੇ ਵਿਰੋਧੀ ਧਿਰਾਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਵੱਲੋਂ ਵੱਡੀਆਂ ਗ੍ਰਾਂਟਾਂ ਦੇ ਦਾਅਵੇ ਤਾਂ ਕੀਤੇ ਗਏ ਪਰ ਜ਼ਮੀਨੀ ਪੱਧਰ ‘ਤੇ ਵਿਕਾਸ ਦੇ ਕੰਮ ਨਹੀਂ ਕੀਤੇ। ਗ੍ਰੀਨ ਸਿਟੀ ਫੇਸ-1 ਅਤੇ ਫੇਸ-2, ਭਟੇਜਾ ਕਲੋਨੀ, ਗਨੇਸ਼ ਨਗਰ, ਸਤਨਾਮ ਨਗਰ ਅਤੇ ਪੀਰ ਕਲੋਨੀ ਸਮੇਤ ਕਈ ਇਲਾਕਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਥਾਵਾਂ ’ਤੇ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰਹੇ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਹਰ ਵਰਗ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਮੌਕੇ ਵਾਰਡ ਨੰਬਰ 17 ਦੇ ਇੰਚਾਰਜ ਰੀਤੇਸ ਬਾਂਸਲ ਨੇ ਵਿਧਾਇਕਾ ਨੀਨਾ ਮਿੱਤਲ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਸੀਵਰੇਜ ਬੋਰਡ ਦੇ ਐੱਸਡੀਓ ਕਰਨਦੀਪ ਸਿੰਘ, ਸ਼ਾਮ ਸੁੰਦਰ ਵਧਵਾ, ਸਚਿਨ ਮਿੱਤਲ, ਟਿੰਕੂ ਬਾਂਸਲ, ਰਮਨ ਟਿਵਾਣਾ, ਗੁਰਵਿੰਦਰ ਸਿੰਘ ਵੜੈਚ, ਬੀਡੀ ਨੰਦਾ, ਮਨੀਸ਼ ਕੁਮਾਰ, ਗੁਰਵੀਰ ਸਰਾਂਓ, ਹਰਪ੍ਰੀਤ ਸਿੰਘ ਲਾਲੀ, ਸਾਬਕਾ ਸਰਪੰਚ ਰਣਜੀਤ ਸਿੰਘ, ਰਤਨੇਸ ਜਿੰਦਲ, ਮੁਨੀਸ਼ ਕੁਮਾਰ ਭਟੇਜਾ ਕਾਲੋਨੀ, ਮਣੀ ਗਨੇਸ਼ ਕਲੋਨੀ, ਸਰਪੰਚ ਜਸਵੰਤ ਸਿੰਘ ਨੈਣਾ ਸਮੇਤ ਵੱਡੀ ਗਿਣਤੀ ਵਿਚ ਵਾਰਡ ਨੰਬਰ 17 ਦੇ ਵਾਸੀਆਂ ਮੌਜੂਦ ਸਨ।