ਵਿਧਾਇਕ ਮਿੱਤਲ ਨੇ ਹੋਣਹਾਰ ਵਿਦਿਆਰਥੀ ਸਨਮਾਨੇ
ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਨਾਲ ਗੁਣਾਤਮਕ ਅਤੇ ਗਿਣਾਤਮਕ ਵਿਕਾਸ ਜਾਰੀ: ਐਮ.ਐਲ.ਏ. ਮਿੱਤਲ
Publish Date: Sun, 01 Feb 2026 05:33 PM (IST)
Updated Date: Sun, 01 Feb 2026 05:34 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਡੀਈਓ ਸੰਜੀਵ ਸ਼ਰਮਾ ਦੀ ਦੇਖਰੇਖ ਹੇਠ ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐੱਨਟੀਸੀ ਰਾਜਪੁਰਾ ਵਿਖੇ ਸਾਲਾਨਾ ਸਮਾਰੋਹ ਬੜੇ ਹੀ ਉਤਸ਼ਾਹ ਨਾਲ ਕੀਤਾ ਗਿਆ। ਸਮਾਰੋਹ ਵਿਚ ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਸਮਾਗਮ ਦੀ ਸ਼ਾਨ ਵਧਾਈ। ਸਕੂਲ ਪ੍ਰਬੰਧਕਾਂ, ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਵੱਲੋਂ ਮੁੱਖ ਮਹਿਮਾਨ ਦਾ ਭਰਵਾਂ ਸਵਾਗਤ ਕੀਤਾ ਗਿਆ। ਐਨਟੀਸੀ ਸਕੂਲ ਦੇ ਸਾਲਾਨਾ ਸਮਾਰੋਹ ਦੌਰਾਨ ਐੱਨਸੀਸੀ ਕੈਡਿਟਸ ਨੇ ਪ੍ਰਿੰਸੀਪਲ ਜਸਬੀਰ ਕੌਰ ਦੀ ਅਗਵਾਈ ਤੇ ਐੱਨਸੀਸੀ ਅਫ਼ਸਰ ਦੀਪਕ ਕੁਮਾਰ ਦੀ ਨਿਗਰਾਨੀ ਹੇਠ ਮੁੱਖ ਮਹਿਮਾਨ ਐੱਮਐੱਲਏ ਨੀਨਾ ਮਿੱਤਲ ਨੂੰ ਗਾਰਡ ਆਫ ਆਨਰ ਦਿੱਤਾ। ਇਸ ਮੌਕੇ ਰਾਸ਼ਟਰੀ, ਜ਼ਿਲ੍ਹਾ ਤੇ ਬਲਾਕ ਪੱਧਰ ’ਤੇ ਅਕਾਦਮਿਕ ਤੇ ਸਹਿ-ਅਕਾਦਮਿਕ ਗਤੀਵਿਧੀਆਂ ’ਚ ਵਰਨਣਯੋਗ ਪ੍ਰਦਰਸ਼ਨ ਕਰਕੇ ਸਕੂਲ ਤੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਐਮ.ਐਲ.ਏ. ਨੀਨਾ ਮਿੱਤਲ ਅਤੇ ਵਿਸ਼ੇਸ਼ ਮਹਿਮਾਨਾਂ ਵੱਲੋਂ ਮੈਡਲ ਤੇ ਯਾਦਗਾਰੀ ਮੂਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਦੌਰਾਨ ਮੁੱਖ ਮਹਿਮਾਨ ਐੱਮਐੱਲਏ ਨੀਨਾ ਮਿੱਤਲ ਤੋਂ ਇਲਾਵਾ ਰਿਤੇਸ਼ ਬਾਂਸਲ ਹਲਕਾ ਸੰਗਠਨ ਇੰਚਾਰਜ, ਵਿਜੇ ਮੈਨਰੋ ਜ਼ਿਲ੍ਹਾ ਸਿੱਖਿਆ ਇੰਚਾਰਜ ਪਟਿਆਲਾ, ਰਾਜੀਵ ਕੁਮਾਰ ਡੀ.ਐੱਸ.ਐੱਮ ਹੈੱਡ ਮਾਸਟਰ ਢਕਾਨਸੂ ਕਲਾਂ, ਹਰਪ੍ਰੀਤ ਸਿੰਘ ਬਲਾਕ ਨੋਡਲ ਅਫ਼ਸਰ ਅਤੇ ਹੈੱਡ ਮਾਸਟਰ ਸੈਦਖੇੜੀ, ਰਾਜਿੰਦਰ ਸਿੰਘ ਚਾਨੀ ਬਲਾਕ ਮੀਡੀਆ ਕੋਆਰਡੀਨੇਟਰ, ਭਾਵਨਾ ਸ਼ਰਮਾ, ਗੀਤਾਂਜਲੀ ਮੋਦੀ, ਹਰਜੀਤ ਕੌਰ ਇੰਚਾਰਜ ਰਾਜਪੁਰਾ ਟਾਊਨ, ਰਾਜੇਸ਼ ਬਾਵਾ, ਅਮਨ ਸੈਣੀ ਹਲਕਾ ਮੀਡੀਆ ਕੋਆਰਡੀਨੇਟਰ, ਬੁਸ਼ਵਿੰਦਰ ਸਿੰਘ, ਮੋਨਿਕਾ ਜੌੜਾ, ਜਸਵੀਰ ਕੌਰ, ਸਕੂਲ ਦੇ ਸਮੂਹ ਲੈਕਚਰਾਰ ਅਤੇ ਮਾਸਟਰ/ਮਿਸਟ੍ਰੈੱਸ ਅਤੇ ਹੋਰ ਪਤਵੰਤੇ ਸੱਜਣ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਸਕੂਲ ਪ੍ਰਬੰਧਕਾਂ ਵੱਲੋਂ ਸਾਰੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।