ਨਵਾਬ ਫਾਊਂਡੇਸ਼ਨ ਸਕੂਲ ਬਾਂਗਡ਼ਾਂ ਵਿਖੇ ਪ੍ਰਦੂਸ਼ਣ ‘ਤੇ ਵਾਦ-ਵਿਵਾਦ ਮੁਕਾਬਲਾ ਕਰਵਾਇਆ
ਨਵਾਬ ਫਾਊਂਡੇਸ਼ਨ ਸਕੂਲ ਬਾਂਗਡ਼ਾਂ ਵਿਖੇ ਪ੍ਰਦੂਸ਼ਣ ‘ਤੇ ਵਾਦ-ਵਿਵਾਦ ਮੁਕਾਬਲੇ ਦਾ ਆਯੋਜਨ
Publish Date: Fri, 24 Apr 2026 05:02 PM (IST)
Updated Date: Fri, 24 Apr 2026 05:04 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਨਵਾਬ ਫਾਊਂਡੇਸ਼ਨ ਸਕੂਲ ਕਪੂਰੀ ਰੋਡ਼ ਬਾਂਗਡ਼ਾਂ ਵਿਖੇ ਵਿਦਿਆਰਥੀਆਂ ਲਈ ‘ਪ੍ਰਦੂਸ਼ਣ’ ਵਿਸ਼ੇ ’ਤੇ ਇਕ ਮਹੱਤਵਪੂਰਨ ਵਾਦ-ਵਿਵਾਦ ਮੁਕਾਬਲਾ ਕਰਵਾਇਆ ਗਿਆ, ਜਿਸ ਦੀ ਅਗਵਾਈ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ, ਪ੍ਰਿੰਸੀਪਲ ਰਿਤੂ ਸਿੰਗਲਾ, ਰੁਪਿੰਦਰ ਕੌਰ ਅਤੇ ਪੂਜਾ ਸ਼ਰਮਾ ਨੇ ਕੀਤੀ। ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਵਾਤਾਵਰਣ ਪ੍ਰਤੀ ਜਾਗਰੂਕਤਾ ਵਧਾਉਣਾ ਤੇ ਉਨ੍ਹਾਂ ਦੀ ਸੋਚ ਅਤੇ ਬੋਲਣ ਦੀ ਯੋਗਤਾ ਨੂੰ ਨਿਖਾਰਨਾ ਸੀ। ਇਸ ਵਾਦ-ਵਿਵਾਦ ’ਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਵਧ ਚਡ਼੍ਹ ਕੇ ਹਿੱਸਾ ਲਿਆ। ਮੁਕਾਬਲੇ ਵਿੱਚ ਚਾਰ ਹਾਊਸ ਲਾਲ, ਨੀਲਾ, ਹਰਾ ਅਤੇ ਪੀਲਾ ਦੇ ਵਿਦਿਆਰਥੀਆਂ ਨੇ ਆਪਣਾ-ਆਪਣਾ ਪ੍ਰਦਰਸ਼ਨ ਕੀਤਾ ਅਤੇ ਪ੍ਰਦੂਸ਼ਣ ਦੇ ਕਾਰਣਾਂ, ਪ੍ਰਭਾਵਾਂ ਅਤੇ ਹੱਲਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਕੁਝ ਵਿਦਿਆਰਥੀਆਂ ਨੇ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ‘ਤੇ ਚਿੰਤਾ ਜਤਾਈ, ਜਦਕਿ ਹੋਰਾਂ ਨੇ ਰੁੱਖ ਲਗਾਉਣ, ਪਲਾਸਟਿਕ ਦੀ ਘੱਟ ਵਰਤੋਂ ਕਰਨ ਅਤੇ ਸਫ਼ਾਈ ਬਣਾਈ ਰੱਖਣ ਵਰਗੇ ਮਹੱਤਵਪੂਰਨ ਸੁਝਾਅ ਦਿੱਤੇ। ਜੱਜਾਂ ਵੱਲੋਂ ਵਿਦਿਆਰਥੀਆਂ ਦੀ ਪੇਸ਼ਕਾਰੀ, ਆਤਮ-ਵਿਸ਼ਵਾਸ ਅਤੇ ਵਿਸ਼ੇ ਦੀ ਸਮਝ ਦੇ ਆਧਾਰ ‘ਤੇ ਮੁਲਾਂਕਣ ਕੀਤਾ ਗਿਆ। ਇਸ ਮੁਕਾਬਲੇ ਦੌਰਾਨ ਜੱਜਮੈਂਟ ਦੀ ਭੂਮਿਕਾ ਮੈਡਮ ਅਮਨਦੀਪ ਕੌਰ ਅਤੇ ਮੈਡਮ ਅੰਜਲੀ ਨੇ ਬਾਖੂਬੀ ਨਿਭਾਈ। ਮੁਕਾਬਲੇ ਦੌਰਾਨ ਜੇਤੂ ਰਹੇ ਵੱਖ ਵੱਖ ਹਾਊਸਾਂ ਦੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।