ਆਪ ਆਗੂ ਸ਼ਰੇਆਮ ਕਰਵਾ ਰਹੇ ਨੇ ਨਸ਼ਾ ਤਸਕਰੀ: ਕੰਬੋਜ
ਆਪ ਆਗੂਆਂ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਵਰਗੀ ਮੁਹਿੰਮ ਦੇ ਚਲਦਿਆਂ ਸ਼ਰੇਆਮ ਕਰਵਾ ਰਹੇ ਨੇ ਨਸ਼ਾ ਤਸਕਰੀ: ਕੰਬੋਜ
Publish Date: Fri, 20 Mar 2026 07:14 PM (IST)
Updated Date: Fri, 20 Mar 2026 07:16 PM (IST)

ਐਚ.ਐੱਸ.ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਹਲਕਾ ਰਾਜਪੁਰਾ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਪੰਜਾਬ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਡੇ ਪੱਧਰ ਉੱਤੇ ਪ੍ਰਚਾਰ ਕਰ ਰਹੀ ਹੈ। ਜਦੋਂ ਕਿ ਆਮ ਆਦਮੀ ਪਾਰਟੀ ਦੇ ਆਗੂ ਸੱਤਾ ਦੇ ਨਸ਼ੇ ’ਚ ਆਪ ਹੀ ਨਸ਼ਾ ਤਸਕਰੀ ਕਰ ਅਤੇ ਕਰਵਾ ਰਹੇ ਨਸ਼ਾ ਤਸਕਰੀ, ਜਿਹੜੀ ਕਿ ਇਕ ਸ਼ਰਮਨਾਕ ਗੱਲ ਹੈ। ਉਹ ਰਾਜਪੁਰਾ ਰਿਹਾਇਸ਼ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਥਾਣਾ ਮਹਿਤਾ (ਅੰਮ੍ਰਿਤਸਰ) ਦੀ ਪੁਲਿਸ ਨੇ ਇਕ ਆਪ ਆਗੂ ਲਵਪ੍ਰੀਤ ਸਿੰਘ ਜੋ ਕਿ ਹਲਕਾ ਇੰਚਾਰਜ ਦਾ ਪੀ.ਏ. ਵੀ ਦੱਸਿਆ ਜਾ ਰਿਹਾ ਹੈ, ਨੂੰ ਉਸ ਦੇ ਦੋ ਸਾਥੀਆਂ ਸਮੇਤ 4 ਕਿੱਲੋ ਹੈਰੋਇਨ, ਨਾਜਾਇਜ਼ ਪਿਸਤੌਲ ਤੇ ਰੋਂਦਾਂ ਸਮੇਤ ਕਾਬੂ ਕਰਨਾ ਸਰਕਾਰ ਲਈ ਇਕ ਸ਼ਰਮਨਾਕ ਗੱਲ ਹੈ। ਇਸ ਤੋਂ ਇਲਾਵਾ ਬੀਤੇ ਮਹੀਨਿਆਂ ਵਿਚ ਵੀ ਆਮ ਆਦਮੀ ਪਾਰਟੀ ਦੇ ਆਗੂ ਪੰਚ ਸਰਪੰਚ ਨਸ਼ਾ ਤਸਕਰੀ ਕਰਦੇ ਕਾਬੂ ਕੀਤੇ ਗਏ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਹਰ ਖੇਤਰ ਵਿਚ ਫੇਲ੍ਹ ਸਾਬਤ ਹੋਈ ਹੈ। ਆਪ ਸਰਕਾਰ ਸਮੇਂ ਜਿੱਥੇ ਪੰਜਾਬ ’ਚ ਨਸ਼ਾ ਤਸਕਰੀ ਵਧੀ, ਲੁੱਟਾਂ ਖੋਹਾਂ, ਚੋਰੀਆਂ ਰੋਜ਼ਾਨਾ ਦਾ ਕੰਮ ਹੋ ਕੇ ਰਹਿ ਗਿਆ ਹੈ। ਪਰ ਨੌਜਵਾਨਾਂ ਦੀ ਸਿਹਤ ਨਾਲ ਖਿਲਵਾੜ ਕਰਨਾ ਸਰਕਾਰ ਨਾਲ ਸਬੰਧਤ ਵਿਅਕਤੀਆਂ ਨੂੰ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਇਸ ਨਸ਼ਾ ਤਸਕਰੀ ਕਰਦੇ ਕਾਬੂ ਕੀਤੇ ਆਪ ਆਗੂ ਦੀ ਕਿਸੇ ਕੇਂਦਰੀ ਏਜੰਸੀ ਪਾਸੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਤਾਂ ਕਿ ਇਹ ਪਤਾ ਲੱਗ ਸਕੇ ਕਿ ਇਸ ਪਿੱਛੇ ਕਿੰਨੇ ਕੁ ਆਮ ਆਦਮੀ ਪਾਰਟੀ ਦੇ ਆਗੂ ਹਨ। ਜਿਹਨਾਂ ਦੀ ਸ਼ੈਅ ਤੇ ਇਹ ਕਾਰੋਬਾਰ ਚੱਲ ਰਿਹਾ ਹੈ। ਸਾਬਕਾ ਵਿਧਾਇਕ ਕੰਬੋਜ ਨੇ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਪੰਜਾਬ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਤੈ ਹੈ ਅਤੇ ਕਾਂਗਰਸ ਪਾਰਟੀ ਦੇ ਰਾਜ ਦੌਰਾਨ ਪੰਜਾਬ ਸੂਬੇ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ ਅਤੇ ਗੈਂਗਸਟਰਵਾਦ ਤੋਂ ਮੁਕਤੀ ਦਵਾਈ ਜਾਵੇਗੀ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਯੂਥ ਕਾਂਗਰਸ ਦੇ ਬਲਾਕ ਰਾਜਪੁਰਾ ਦਿਹਾਤੀ ਦੇ ਪ੍ਰਧਾਨ ਨਵਪ੍ਰੀਤ ਸਿੰਘ ਨਵੀ, ਯੂਥ ਆਗੂ ਗੁਰਿੰਦਰਜੀਤ ਸਿੰਘ ਚਹਿਲ, ਗੁਰਪ੍ਰੀਤ ਸਿੰਘ ਜੰਡੋਲੀ, ਮਲਕੀਤ ਸਿੰਘ ਉੱਪਲਹੇੜੀ ਸਮੇਤ ਹੋਰ ਮੋਜੂਦ ਸਨ।