ਤੀਜੇ ਨਰਾਤੇ ’ਤੇ ਮਾਂ ਕਾਲੀ ਦੇਵੀ ਦਰਬਾਰ ’ਚ ਉਮੜਿਆ ਆਸਥਾ ਦਾ ਸੈਲਾਬ
ਤੀਜੇ ਨਰਾਤੇ ‘ਤੇ ਮਾਂ ਕਾਲੀ ਦੇਵੀ ਦਰਬਾਰ ਵਿੱਚ ਉਮੜਿਆ ਆਸਥਾ ਦਾ ਸੈਲਾਬ
Publish Date: Sat, 21 Mar 2026 06:00 PM (IST)
Updated Date: Sat, 21 Mar 2026 06:04 PM (IST)

- ਮੰਦਰ ਤੋਂ ਲੈ ਕੇ ਸ਼ੇਰਾਂ ਵਾਲਾ ਗੇਟ ਅੰਦਰ ਤੱਕ ਭਗਤਾਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਸ਼ਨਿਚਰਵਾਰ ਨੂੰ ਤੀਜੇ ਨਰਾਤੇ ਮੌਕੇ ’ਤੇ ਸ਼੍ਰੀ ਕਾਲੀ ਦੇਵੀ ਮੰਦਰ ਵਿੱਚ ਸ਼ਰਧਾ, ਭਗਤੀ ਅਤੇ ਉਤਸ਼ਾਹ ਵੱਧ ਦੇਖਣ ਨੂੰ ਮਿਲਿਆ। ਸਵੇਰੇ ਤੋਂ ਹੀ ਮਾਤਾ ਦੇ ਦਰਬਾਰ ਵਿੱਚ ਸ਼ਰਧਾਲੂਆਂ ਦੀ ਆਵਾਜਾਈ ਸ਼ੁਰੂ ਹੋ ਗਈ। ਦਿਨ ਚੜ੍ਹਦੇ-ਚੜ੍ਹਦੇ ਵਿਸ਼ਾਲ ਭੀੜ ਵਿੱਚ ਤਬਦੀਲ ਹੋ ਗਈ। ਮਾਤਾ ਦੇ ਮੰਦਰ ਤੋਂ ਲੈ ਕੇ ਸ਼ੇਰਾਂ ਵਾਲਾ ਗੇਟ ਤੱਕ ਭਗਤਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਨਜ਼ਰ ਆਈਆਂ। ਪੰਜਾਬ, ਹਰਿਆਣਾ, ਹਿਮਾਚਲ ਸਮੇਤ ਦੇਸ਼ ਭਰ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਮਾਤਾ ਕਾਲੀ ਦੇ ਦਰਸ਼ਨਾਂ ਲਈ ਪਟਿਆਲਾ ਪਹੁੰਚੇ। ਆਮ ਦਿਨਾਂ ਵਿੱਚ ਵੀ ਸ਼ਨਿਚਰਵਾਰ ਨੂੰ ਮੰਦਰ ਵਿੱਚ ਭਗਤਾਂ ਦੀ ਭਾਰੀ ਭੀੜ ਰਹਿੰਦੀ ਹੈ, ਪਰ ਤੀਜੇ ਨਰਾਤੇ ਦੇ ਮੌਕੇ ਇਸ ਵਾਰ ਸ਼ਰਧਾਲੂਆਂ ਦੀ ਗਿਣਤੀ ਵਿੱਚ ਕਈ ਗੁਣਾ ਵਾਧਾ ਵੇਖਣ ਨੂੰ ਮਿਲਿਆ। ‘ਜੈ ਮਾਤਾ ਦੀ’ ਦੇ ਨਾਅਰਿਆਂ ਅਤੇ ਭਗਤੀ ਸੰਗੀਤ ਨਾਲ ਸ਼ਰਧਾਲੂ ਘੰਟਿਆਂ ਲਾਈਨਾਂ ਵਿੱਚ ਖੜ੍ਹੇ ਹੋ ਕੇ ਮਾਤਾ ਦੇ ਦਰਸ਼ਨ ਲਈ ਆਪਣੀ ਵਾਰੀ ਦੀ ਉਡੀਕ ਕਰਦੇ ਰਹੇ। ਭੀੜ ਨੂੰ ਦੇਖਦੇ ਹੋਏ ਮੰਦਰ ਪ੍ਰਬੰਧਕਾਂ ਵੱਲੋਂ ਖਾਸ ਪ੍ਰਬੰਧ ਕੀਤੇ ਗਏ। ਸ਼ਰਧਾਲੂਆਂ ਨੂੰ ਧੁੱਪ ਅਤੇ ਗਰਮੀ ਤੋਂ ਰਾਹਤ ਦੇਣ ਲਈ ਸ਼ੇਰਾਂ ਵਾਲਾ ਗੇਟ ਅੰਦਰ ਤੱਕ ਟੈਂਟ ਲਗਾ ਕੇ ਛਾਂ ਅਤੇ ਸੜਕ ’ਤੇ ਮੈਟ ਦੀ ਬੀਛਾਏ ਹੋਏ, ਜਿਸ ਨਾਲ ਲੰਬੀਆਂ ਲਾਈਨਾਂ ਵਿੱਚ ਖੜ੍ਹੇ ਲੋਕਾਂ ਨੂੰ ਕਾਫੀ ਸਹੂਲਤ ਮਿਲੀ। ਇਸ ਦੇ ਨਾਲ ਹੀ ਸੁਰੱਖਿਆ ਪ੍ਰਬੰਧਾਂ ਨੂੰ ਵੀ ਪਹਿਲ ਦਿੱਤੀ ਗਈ। ਪੂਰੇ ਰਸਤੇ ’ਤੇ ਸੁਰੱਖਿਆ ਕਰਮੀ ਤਾਇਨਾਤ ਰਹੇ। ਜਦਕਿ ਮੰਦਰ ਦੇ ਅੰਦਰ ਅਤੇ ਬਾਹਰ ਮੈਡੀਕਲ ਟੀਮ ਵੀ ਮੌਜੂਦ ਰਹੀ। ਨਰਾਤੇ ਦੇ ਮੌਕੇ ’ਤੇ ਸੇਵਾ ਭਾਵਨਾ ਵੀ ਆਪਣੇ ਚਰਮ ’ਤੇ ਨਜ਼ਰ ਆਈ। ਮੰਦਰ ਪਹੁੰਚਣ ਵਾਲੇ ਸ਼ਰਧਾਲੂਆਂ ਲਈ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਪਾਣੀ, ਚੌਲ ਅਤੇ ਖੀਰ ਦੇ ਲੰਗਰ ਲਾਏ ਗਏ ਸਨ।