ਸੜਕਾਂ ਦੁਆਲੇ ਸੁੰਦਰੀਕਰਨ ਦਾ ਕੰਮ ਕਰਵਾਇਆ ਜਾਵੇਗਾ : ਨਮਨ ਮਾਰਕੰਨ
ਸੜਕਾਂ ਦੁਆਲੇ ਸੁੰਦਰੀਕਰਨ ਦਾ ਕੰਮ ਕਰਵਾਇਆ ਜਾਵੇਗਾ: ਨਮਨ ਮਾਰਕੰਨ
Publish Date: Fri, 30 Jan 2026 06:31 PM (IST)
Updated Date: Fri, 30 Jan 2026 06:34 PM (IST)

ਫੋਟੋ 30ਪੀਟੀਐਲ: 29 ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਦੇ ਐੱਸਡੀਐੱਮ ਨਮਨ ਮਾਰਕੰਨ ਨੇ ਅੱਜ ਗਗਨ ਚੌਂਕ ਤੇ ਨੇੜੇ ਲੱਗਦੀਆਂ ਸੜਕਾਂ, ਬੱਸ ਅੱਡੇ ਤੇ ਹੋਰ ਥਾਵਾਂ ਦਾ ਦੌਰਾ ਕਰਕੇ ਇਨ੍ਹਾਂ ਦਾ ਮੂੰਹ ਮੁਹਾਂਦਰਾ ਸੰਵਾਰਨ ਅਤੇ ਟ੍ਰੈਫਿਕ ਵਿਵਸਥਾ ਚ ਸੁਧਾਰ ਲਈ ਤਜਵੀਜ਼ ਬਣਾਈ। ਇਸ ਮੌਕੇ ਉਨ੍ਹਾਂ ਦੇ ਨਾਲ ਸਬੰਧਤ ਥਾਣਾ ਮੁਖੀ ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ, ਟ੍ਰੈਫਿਕ ਪੁਲਿਸ ਸਮੇਤ ਹੋਰ ਵਿਭਾਗਾਂ ਦੇ ਪ੍ਰਤੀਨਿਧ ਵੀ ਮੌਜੂਦ ਸਨ। ਨਮਨ ਮਾਰਕੰਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੇ ਹੁਕਮਾਂ ਮੁਤਾਬਕ ਰਾਜਪੁਰਾ ਸ਼ਹਿਰ ਅੰਦਰ ਦਾਖਲ ਹੋਣ ਵਾਲੀਆਂ ਸੜਕਾਂ ਨੇੜੇ ਸਾਫ਼-ਸਫ਼ਾਈ ਕਰਵਾਕੇ ਇਨ੍ਹਾਂ ਥਾਵਾਂ ਦਾ ਸੁੰਦਰੀਕਰਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਨੈਸ਼ਨਲ ਹਾਈਵੇ ਦਾ ਕੰਮ ਕਰ ਰਹੇ ਠੇਕੇਦਾਰ ਦੇ ਨੁਮਾਇੰਦੇ ਨੂੰ ਸੱਦ ਕੇ ਸੜਕਾਂ ਦੇ ਚੱਲ ਰਹੇ ਕੰਮ ਚ ਤੇਜੀ ਲਿਆਉਣ ਦੇ ਵੀ ਨਿਰਦੇਸ਼ ਦਿੱਤੇ ਹਨ ਤਾਂ ਕਿ ਰਾਹਗੀਰਾਂ ਨੂੰ ਸੜਕਾਂ ਦੇ ਨਿਰਮਾਣ ਕਾਰਜਾਂ ਕਰਕੇ ਆ ਰਹੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਮਿਲ ਸਕੇ। ਐੱਸ.ਡੀ.ਐਮ ਨੇ ਦੱਸਿਆ ਕਿ ਉਹ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਮੁਤਾਬਕ ਸ਼ਹਿਰ ਦੇ ਦਾਖਲਾ ਰਸਤਿਆਂ ਦੇ ਸੁੰਦਰੀਕਰਨ ਅਤੇ ਸਾਫ਼-ਸਫ਼ਾਈ ਲਈ ਸਾਰੇ ਨਗਰ ਕੌਂਸਲ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਤਾਲਮੇਲ ਨਾਲ ਸਾਰੇ ਕੰਮ ਬਹੁਤ ਜਲਦੀ ਮੁਕੰਮਲ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲਗਾਤਾਰ ਬੈਠਕਾਂ ਕਰਕੇ ਸਾਰੇ ਕੰਮਾਂ ਤੇ ਨਿਗਰਾਨੀ ਕੀਤੀ ਜਾਵੇਗੀ। ਇਸ ਮੌਕੇ ਕਾਰਜ ਸਾਧਕ ਅਫਸਰ ਅਵਤਾਰ ਚੰਦ, ਥਾਣਾ ਸਿਟੀ ਪੁਲਿਸ ਦੇ ਐਸਐਚ ਓ ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ, ਟਰੈਫਿਕ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਸਮੇਤ ਹੋਰ ਮੌਜੂਦ ਸਨ।