ਸੰਤ ਅਤਰ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਸੰਤ ਅਤਰ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Publish Date: Fri, 30 Jan 2026 04:30 PM (IST)
Updated Date: Sat, 31 Jan 2026 04:05 AM (IST)

ਨਗਰ ਕੀਰਤਨ ਦਾ ਥਾਂ-ਥਾਂ ਕੀਤਾ ਗਿਆ ਸਵਾਗਤ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣ ਸਾਹਿਬ ਵਾਲਿਆਂ ਦੀ 99ਵੀਂ ਬਰਸੀ 30 ਜਨਵਰੀ ਤੋਂ 1 ਜਨਵਰੀ ਤਕ ਸ਼ਰਧਾ ਨਾਲ ਮਨਾਈ ਜਾ ਰਹੀ ਹੈ। ਗੁਰਸਾਗਰ ਮਸਤੂਆਣਾ ਸਾਹਿਬ ਵਿਚ 3 ਦਿਨ ਲੱਗਣ ਵਾਲੇ ਜੋੜ ਮੇਲੇ ਦੇ ਪਹਿਲੇ ਦਿਨ ਪੰਜਾਬ ਸਮੇਤ ਹਰਿਆਣਾ ਤੇ ਰਾਜਸਥਾਨ ਤੋਂ ਵੱਡੀ ਗਿਣਤੀ ਸੰਗਤ ਤੜਕਸਾਰ ਹੀ ਗੁਰੂਘਰ ਪੁੱਜੀਆਂ। ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨ ਮਗਰੋਂ ਸੰਗਤ ਗੁਰੂਘਰ ਨਤਮਸਤਕ ਹੋਈਆਂ। ਬਰਸੀ ਸਮਾਗਮ ਦੇ ਮੱਦੇਨਜ਼ਰ ਸੰਗਰੂਰ ਦੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੋਂ ਮਸਤੂਆਣਾ ਸਾਹਿਬ ਤਕ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਗਿਆ। ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਗਿਆ। ਨਗਰ ਕੀਰਤਨ ਵਿਚ ਸ਼ਾਮਲ ਸੰਗਤ ਨੇ 6 ਘੰਟਿਆਂ ਵਿਚ 7 ਕਿਲੋਮੀਟਰ ਦਾ ਰਸਤਾ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਤੈਅ ਕੀਤਾ। ਨਗਰ ਕੀਰਤਨ ਦਾ ਥਾਂ-ਥਾਂ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ ਗਿਆ ਤੇ ਸੰਗਤ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾਏ ਗਏ। ਨਗਰ ਕੀਰਤਨ ’ਚ ਗੱਤਕਾ ਪਾਰਟੀਆਂ ਨੇ ਆਪਣੇ ਜੌਹਰ ਵਿਖਾ ਕੇ ਸਭਨਾਂ ਨੂੰ ਹੈਰਾਨ ਕਰ ਦਿੱਤਾ। ਸੰਗਤ ਲਈ ਵਿਸ਼ੇਸ਼ ਸਹੂਲਤਾਂ ਦਾ ਕੀਤਾ ਪ੍ਰਬੰਧ ਜੋੜ ਮੇਲੇ ਦੇ ਪਹਿਲੇ ਦਿਨ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕੀਤੇ ਗਏ। ਇਸਤੋਂ ਇਲਾਵਾ ਗੁਰਦੁਆਰਾ ਅੰਗੀਠਾ ਸਾਹਿਬ ਅਤੇ ਮਾਤਾ ਭੋਲੀ ਜੀ ਗੁਰੁਘਰ ’ਚ ਵੀ ਕੀਰਤਨ ਜਾਰੀ ਹਨ। ਇਸ ਧਾਰਮਿਕ ਸਮਾਗਮ ਦੌਰਾਨ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਲੰਗਰ, ਦਵਾਈਆਂ, ਪਾਰਕਿੰਗ ਤੇ ਆਰਾਮ ਘਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜੋੜ ਮੇਲੇ ਦੇ ਪਹਿਲੇ ਦਿਨ ਵੱਡੀ ਗਿਣਤੀ ਵਿੱਚ ਸੰਗਤ ਨੇ ਸਵੇਰੇ ਆ ਕੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਗੁਰੁਘਰ ਮੱਥਾ ਟੇਕਿਆ। ਗੁਰਸਾਗਰ ਮਸਤੂਆਣਾ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ ਗਿਆ। ਸੇਵਾ ਦਾ ਸੈਲਾਬ, ਥਾਂ-ਥਾਂ ਲੱਗੇ ਲੰਗਰ ਜ਼ਿਕਰਯੋਗ ਹੈ ਕਿ ਸੰਗਰੂਰ ਤੋ ਮਸਤੂਆਣਾ ਸਾਹਿਬ 7 ਕਿਲੋਮੀਟਰ ਦੂਰ ਹੈ ਅਤੇ ਰਸਤੇ ਵਿੱਚ ਲੋਕਾਂ ਵੱਲੋ ਥਾਂ-ਥਾਂ ਸੰਗਤਾਂ ਲਈ ਲੰਗਰ ਲਾਏ ਗਏ ਹਨ। ਜੋੜ ਮੇਲੇ ਵਿੱਚ ਖ਼ਾਸ ਤੌਰ ‘ਤੇ ਪਿੰਡ ਬਹਾਦਰਪੁਰ, ਬਡਰੁੱਖਾਂ, ਭੰਮਾਬੱਦੀ, ਕਾਂਝਲਾ, ਲਿੱਦੜਾ, ਚੰਗਾਲ, ਪੇਧਨੀ, ਪੁੰਨਾਵਾਲ, ਹਰੇੜੀ, ਦੁੱਗਾਂ, ਉਪਲੀ, ਚੱਠੇ, ਲਖਮੀਰਵਾਲਾ, ਢਢੋਗਲ, ਬਾਲੀਆਂ, ਭੈਣੀ ਅਤੇ ਉਭਾਵਾਲ ਪਿੰਡਾਂ ਵੱਲੋਂ ਲੰਗਰ ਲਾਏ ਗਏ। ਇਸ ਤੋਂ ਇਲਾਵਾ ਪੁਲਿਸ ਲਾਈਨ ਸੰਗਰੂਰ ਦੇ ਨੇੜੇ ਵੀ ਲੰਗਰ ਜਾਰੀ ਹੈ। ਪਹਿਲੇ ਦਿਨ ਸਰੋਂ ਦਾ ਸਾਗ, ਮੱਕੀ ਦੀ ਰੋਟੀ, ਦੇਸੀ ਘਿਉ ਦੀ ਪੰਜੀਰੀ, ਗੰਨੇ ਦਾ ਰਸ, ਦਹੀਂ ਪਰਾਠੇ, ਹਲਵਾ, ਚਾਹ, ਪਕੌੜੇ, ਜਲੇਬੀ ਆਦਿ ਤਰ੍ਹਾਂ-ਤਰ੍ਹਾਂ ਦੇ ਲੰਗਰ ਲਾਏ ਹੋਏ ਹਨ। ਮੇਲੇ ਦੇ ਮੱਦੇਨਜ਼ਰ ਟ੍ਰੈਫ਼ਿਕ ਦੇ ਵਿਸ਼ੇਸ਼ ਬੰਦੋਬਸਤ ਧਾਰਮਿਕ ਸਮਾਗਮ ਅਤੇ ਨਗਰ ਕੀਰਤਨ ਦੇ ਮੱਦੇਨਜ਼ਰ ਸੰਗਰੂਰ ਤੋਂ ਮਸਤੂਆਣਾ ਸਾਹਿਬ ਨੈਸ਼ਨਲ ਹਾਈਵੇ ਤੱਕ ਟ੍ਰੈਫ਼ਿਕ ਪੁਲਿਸ ਵੱਲੋਂ ਵਿਸ਼ੇਸ਼ ਬੰਦੋਬਸਤ ਕੀਤੇ ਗਏ ਹਨ। ਕਿਉਂਕਿ ਹਾਈਵੇ ‘ਤੇ ਵਾਹਨਾਂ ਦੀ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਹਨ, ਇਸ ਲਈ ਹਰ ਕੱਟ ‘ਤੇ ਰੌਸ਼ਨੀ ਅਤੇ ਬੈਰੀਕੇਡਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਪਿੰਡ ਬਡਰੁੱਖਾਂ ਪੁਲਿਸ ਚੌਂਕੀ ਦੇ ਨੇੜੇ ਵੀ ਪੁਲਿਸ ਤਾਇਨਾਤ ਕੀਤੀ ਗਈ ਹੈ। ਮਸਤੂਆਣਾ ਸਾਹਿਬ ਦੇ ਆਲੇ-ਦੁਆਲੇ ਵੀ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਪੁਲਿਸ ਮੁਲਾਜ਼ਮ ਹੁੱਲੜਬਾਜੀ ਕਰਨ ਵਾਲਿਆਂ ਤੇ ਖਾਸ ਨਜ਼ਰ ਰੱਖ ਰਹੀ ਹੈ।