ਖਾਲਸਾ ਸਾਜਨਾ ਦਿਵਸ ਦੇ ਸਬੰਧ ’ਚ ਨਗਰ ਕੀਰਤਨ ਸਜਾਇਆ
ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਇਆ
Publish Date: Mon, 13 Apr 2026 04:31 PM (IST)
Updated Date: Mon, 13 Apr 2026 04:34 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਇਥੋਂ ਦੇ ਫੋਕਲ ਪੁਆਇੰਟ ਸਥਿਤ ਗੁਰਦੁਆਰਾ ਜੋਤ ਸਰੂਪ ਕਮੇਟੀ ਦੇ ਪ੍ਰਧਾਨ ਜੀਵਨ ਸਿੰਘ ਅਤੇ ਸਮੂਹ ਕਮੇਟੀ ਮੈਂਬਰਾਂ ਦੀ ਦੇਖ ਰੇਖ ਹੇਠ ਸਮੂਹ ਕਲੋਨੀ ਵਾਸੀਆਂ ਦੇ ਸਹਿਯੋਗ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਖਾਲਸਾ ਸਾਜਨਾ ਦਿਵਸ ਦੇ ਸਬੰਧ ’ਚ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਸਾਹਿਬਾਨ ਕਰ ਰਹੇ ਸਨ ਅਤੇ ਉਸਦੇ ਪਿੱਛੇ ਫੁੱਲਾਂ ਨਾਲ ਸਜੀ ਪਾਲਕੀ ਸਾਹਿਬ ਵਿਖੇ ਸੰਗਤਾਂ ਨਤਮਸਤਕ ਹੋ ਰਹੀਆਂ ਸਨ। ਨਗਰ ਕੀਰਤਨ ਦੇ ਮੂਹਰੇ ਫੋਕਲ ਪੁਆਇੰਟ ਦੇ ਬੱਚੇ ਗਤਕੇ ਦੇ ਜ਼ੌਹਰ ਦਿਖਾ ਕਿ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ। ਨਗਰ ਕੀਰਤਨ ਦੇ ਪਿੱਛੇ ਰਾਗੀ ਜਥਿਆਂ ਵੱਲੋਂ ਕੀਰਤਨ ਅਤੇ ਪੈਦਲ ਚੱਲ ਰਹੀਆਂ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ। ਇਹ ਨਗਰ ਕੀਰਤਨ ਗੁਰਦੁਆਰਾ ਜੋਤ ਸਰੂਪ ਫੋਕਲ ਪੁਆਇੰਟ ਤੋਂ ਆਰੰਭ ਹੋ ਕੇ ਅਰਬਨ ਅਸਟੇਟ, ਨਾਰਨੋਲ ਕਲੋਨੀ, ਸਟਾਰ ਇਨਕਲੇਵ, ਸਤਿਕਾਰ ਵਿਹਾਰ ਤੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਇਸ ਨਗਰ ਕੀਰਤਨ ਦੇ ਸਵਾਗਤ ਦੇ ਲਈ ਰਸਤੇ ਵਿਚ ਸੰਗਤਾਂ ਵੱਲੋਂ ਚਾਹ ਬਰੈਡ, ਫਲ ਫਰੂਟ ਅਤੇ ਖੀਰ ਆਦਿ ਦੇ ਲੰਗਰ ਲਗਾਏ ਹੋਏ ਸਨ। ਇਸ ਨਗਰ ਕੀਰਤਨ ਦੇ ਸਟਾਰ ਇਨਕਲੇਵ ਵਿਖੇ ਪਹੁੰਚਣ ਉੱਤੇ ਸੰਤ ਸਿੰਘ ਢਕਾਣਸੂ ਮਾਜਰਾ, ਨਰਿੰਦਰ ਸਿੰਘ ਸੈਣੀ ਅਤੇ ਸਮੂਹ ਕਲੋਨੀ ਵਾਸੀਆਂ ਸਮੇਤ ਰਸਤੇ ਵਿੱਚ ਵੱਖ ਵੱਖ ਕਲੋਨੀ ਵਸਨੀਕਾਂ ਵੱਲੋਂ ਪੰਜ ਪਿਆਰੇ ਸਾਹਿਬਾਨ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੈਡ ਗ੍ਰੰਥੀ ਭਾਈ ਸਤਵਿੰਦਰ ਸਿੰਘ, ਐਡਵੋਕੇਟ ਸੁਬੇਗ ਸਿੰਘ ਸੰਧੂ, ਸੰਤ ਸਿੰਘ ਢਕਾਣਸੂ, ਕਰਮ ਸਿੰਘ, ਜਸਵਿੰਦਰ ਸਿੰਘ, ਦਾਰਾ ਸਿੰਘ, ਗੁਰਚਰਨ ਸਿੰਘ, ਐਡਵੋਕੇਟ ਅਮਨਦੀਪ ਸੰਧੂ, ਸਤਵਿੰਦਰ ਸਿੰਘ ਨਰੜੂ, ਸੁਰਿੰਦਰ ਸਿੰਘ ਸੈਣੀ, ਕਰਮਜੀਤ ਸਿੰਘ ਗਾਂਧੀ, ਪਰਮਜੀਤ ਸਿੰਘ ਪਾਲ, ਸੋਹਨ ਸਿੰਘ ਸਮੇਤ ਹੋਰਨਾਂ ਵੱਲੋਂ ਸੇਵਾ ਨਿਭਾਈ ਗਈ।