ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਿਤ ਪਿੰਡ ਭੰਬੂਆਂ ਵੱਲੋਂ ਨਗਰ ਕੀਰਤਨ ਸਜਾਇਆ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਿਤ ਪਿੰਡ ਭੰਬੂਆਂ ਵੱਲੋਂ ਨਗਰ ਕੀਰਤਨ ਸਜਾਇਆ ਗਿਆ
Publish Date: Sun, 04 Jan 2026 05:09 PM (IST)
Updated Date: Sun, 04 Jan 2026 05:11 PM (IST)

ਫੋਟੋ 4ਪੀਟੀਐਲ: 11 ਜੀਐਸ. ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਦਸ਼ਮੇਸ਼ ਪਿਤਾ, ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਿੰਡ ਭੰਬੂਆਂ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਮੌਕੇ ਗ੍ਰੰਥੀ ਸਿੰਘ ਬਾਬਾ ਅਵਤਾਰ ਸਿੰਘ ਵੱਲੋਂ ਅਰਦਾਸ ਕੀਤੀ ਗਈ। ਇਸ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਫੁੱਲਾਂ ਨਾਲ ਸੱਜੀ ਪਾਲਕੀ ਵਿਚ ਸਜਾਇਆ ਗਿਆ ਤੇ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਇਹ ਨਗਰ ਕੀਰਤਨ ਪਿੰਡ ਭੰਬੂਆਂ ਤੋਂ ਸ਼ੁਰੂ ਹੋ ਕੇ ਦਸ਼ਮੇਸ਼ ਕਾਲੋਨੀ, ਜਗਜੀਤ ਕਾਲੋਨੀ, ਗੁਰਦੁਆਰਾ ਬਾਬਾ ਨਾਮਦੇਵ ਜੀ ਅਤੇ ਛੰਨਾਂ ਮੋਡ਼ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪਿੰਡ ਭੰਬੂਆਂ ਵਿਖੇ ਸੰਪੰਨ ਹੋਇਆ। ਇਸ ਮੌਕੇ ਨਗਰ ਕੀਰਤਨ ’ਚ ਸ਼ਾਮਲ ਸੰਗਤਾਂ ਲਈ ਸ਼ਰਧਾਲੂਆਂ ਵੱਲੋਂ ਥਾਂ-ਥਾਂ ’ਤੇ ਦੁੱਧ, ਚਾਹ ਪਕੌਡ਼ੇ ਦੇ ਲੰਗਰ ਵੀ ਲਗਾਏ ਗਏ। ਨਗਰ ਕੀਰਤਨ ਦਾ ਸਮੂਹ ਸੰਗਤ ਵੱਲੋਂ ਗਰਮ ਜੋਸ਼ੀ ਨਾਲ ਜੈਕਾਰਿਆਂ ਦੀ ਗੂੰਜ ’ਚ ਸਵਾਗਤ ਕੀਤਾ ਗਿਆ। ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ। ਗੱਤਕਾ ਪਾਰਟੀ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਗਏ। ਇਸ ਮੌਕੇ ਬਾਬਾ ਅਵਤਾਰ ਸਿੰਘ ਨੇ ਦੱਸਿਆ ਕਿ 3 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ, ਅੱਜ ਨਗਰ ਕੀਰਤਨ ਸਜਾਇਆ ਗਿਆ ਹੈ ਅਤੇ 5 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਨਗਰ ਕੀਤਰਨ ਦੌਰਾਨ ਵੱਡੀ ਗਿਣਤੀ ’ਚ ਪਿੰਡ ਦੇ ਨੌਜਵਾਨਾਂ ਨੇ ਸੇਵਾ ਨਿਭਾਈ।