ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Publish Date: Sun, 04 Jan 2026 05:02 PM (IST)
Updated Date: Sun, 04 Jan 2026 05:05 PM (IST)

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਕੜਾਕੇ ਦੀ ਠੰਢ ਦੇ ਬਾਵਜੂਦ ਸੰਗਤਾਂ ਨੇ ਵੱਡੀ ਗਿਣਤੀ ’ਚ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ। ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਜਾਇਆ ਗਿਆ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨੇ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੁੰਦਰ ਫੁੱਲਾਂ ਵਾਲੀ ਪਾਲਕੀ ’ਚ ਸਜਾਇਆ। ਇਸ ਨਗਰ ਕੀਰਤਨ ਦੀ ਅਗੁਵਾਈ ਪੰਜ ਪਿਆਰਿਆਂ ਨੇ ਕੀਤੀ। ਸ਼ਹਿਰ ਦੇ ਵਾਰਡ ਨੰਬਰ 7 ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਏ ਨਗਰ ਕੀਰਤਨ ਦਾ ਸ਼ਹਿਰ ਵਾਸੀਆਂ ਨੇ ਥਾਂ-ਥਾਂ ਭਰਵਾਂ ਸਵਾਗਤ ਕੀਤਾ। ਵਾਰਡ ਨੰਬਰ 8 ਦੇ ਗੁਰਦੁਆਰਾ ਸਿੰਘ ਸਭਾ ਵਿਖੇ ਬਾਬਾ ਦਿਲਬਾਗ ਸਿੰਘ ਬਾਗਾ, ਬਾਬਾ ਰਣਜੀਤ ਸਿੰਘ, ਪ੍ਰਧਾਨ ਅਵਤਾਰ ਸਿੰਘ ਬਾਜਵਾ, ਸੁਰਿੰਦਰ ਸਿੰਘ ਸੰਧੂ, ਦਲਜੀਤ ਸਿੰਘ ਢਿੱਲੋਂ, ਕਪਤਾਨ ਸਿੰਘ, ਗੁਰਜਿੰਦਰ ਸਿੰਘ ਸੰਧੂ ਨੇ 5 ਪਿਆਰਿਆਂ ਨੂੰ ਸਿਰੋਪਾਓ ਭੇਂਟ ਕੀਤੇ ਤੇ ਨਗਰ ਕੀਰਤਨ ਵਿਚ ਸ਼ਾਮਲ ਸੰਗਤਾਂ ਨੇ ਚਾਹ ਤੇ ਬਰੈਡ ਪਕੌੜਿਆਂ ਦਾ ਲੰਗਰ ਛਕਿਆ। ਇਸ ਤੋਂ ਬਾਅਦ ਇਹ ਨਗਰ ਕੀਰਤਨ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਪੁੱਜਾ ਜਿਥੋਂ ਦੇ ਸੇਵਾਦਾਰ ਬਾਬਾ ਗੁਰਦੇਵ ਸਿੰਘ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਂਟ ਕੀਤੇ। ਸ਼ਹਿਰ ਵਾਸੀਆਂ ਨੇ ਥਾਂ-ਥਾਂ ਲੰਗਰ ਲਾਏ ਹੋਏ ਸਨ। ਇਸ ਨਗਰ ਕੀਰਤਨ ਵਿਚ ਗਦਕਾ ਪਾਰਟੀਆਂ ਤੇ ਬੈਂਡ ਪਾਰਟੀਆਂ ਵਿਸ਼ੇਸ ਆਕਰਸ਼ਨ ਦਾ ਕੇਂਦਰ ਰਹੀਆਂ। ਅੰਤ ਨਗਰ ਕੀਰਤਨ ਦੀ ਸਮਾਪਤੀ ਮੌਕੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਟ੍ਰੈਕਟਰ ਟ੍ਰਾਲੀਆਂ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਸੋਮਵਾਰ ਨੂੰ ਬਨੂੜ ਸ਼ਹਿਰ ਤੇ ਆਲੇ ਦੁਆਲੇ ਦੇ ਪਿੰਡਾਂ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ।