ਪਹਿਲਾ ਕਰਵਾਇਆ ਬੀਮਾ ਫਿਰ ਵਾਰਿਸ ਬਣਕੇ ਕੀਤਾ ਗੁਆਂਢੀ ਦਾ ਕਤਲ
ਬੀਮਾ ਕਰਵਾਕੇ, ਵਾਰਿਸ ਬਣਕੇ ਕੀਤਾ ਗੁਆਂਢੀ ਦਾ ਕਤਲ
Publish Date: Mon, 23 Feb 2026 05:34 PM (IST)
Updated Date: Tue, 24 Feb 2026 04:05 AM (IST)

ਮ੍ਰਿਤਕ ਦੇ ਭਰਾਵਾਂ ਵੱਲੋਂ ਬੀਮਾ ਪੋਲਸੀ ਘਰ ਆਉਣ ’ਤੇ ਪੁਲਿਸ ਨੂੰ ਕੀਤੀ ਸ਼ਿਕਾਇਤ ਦੋ ਵਿਅਕਤੀਆਂ ਖ਼ਿਲਾਫ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ : ਪਿੰਡ ਰਾਮਗੜ੍ਹ ਗੁੱਜਰਾਂ ਵਿਚ ਗਵਾਂਢੀਆਂ ਵੱਲੋਂ ਹੀ ਆਪਣੇ ਨਜ਼ਦੀਕੀ 51 ਸਾਲ ਦੇ (ਅਣ-ਵਿਆਹੇ) ਵਿਅਕਤੀ ਦੇ ਨਾਂ ’ਤੇ ਮੋਟੀ ਰਕਮ ਦਾ ਬੀਮਾ ਕਰਵਾ ਕੇ ਅਤੇ ਸਕਾਰਪੀਓ ਫਾਇਨਾਂਸ ਕਰਵਾਉਣ ਮਗਰੋਂ ਉਸਦਾ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ 2 ਵਿਅਕਤੀਆਂ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਬਿਕਰਮ ਸਿੰਘ ਵਾਸੀ ਰਾਮਗੜ੍ਹ ਗੁੱਜਰਾਂ ਨੇ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਉਹ ਤਿੰਨ ਭਰਾ ਸਨ। ਸਭ ਤੋਂ ਵੱਡਾ ਭਰਾ ਰਿਸ਼ੀ ਦੀ ਕਰੀਬ 4 ਸਾਲ ਪਹਿਲਾ ਮੌਤ ਹੋ ਗਈ ਸੀ। ਉਸ ਦਾ ਛੋਟਾ ਭਰਾ ਕ੍ਰਿਸ਼ਨ (51) ਸੀ। ਜੋ ਛੜਾ ਸੀ ਅਤੇ ਸ਼ਰਾਬ ਪੀਣ ਦਾ ਆਦੀ ਸੀ। ਉਹ ਭੋਲਾ ਭਾਲਾ ਵਿਅਕਤੀ ਸੀ। ਪਿਛਲੇ ਸਾਲ 25 ਨਵੰਬਰ 2025 ਨੂੰ ਸਵੇਰੇ 8 ਕੁ ਵਜੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਭਰਾ ਕ੍ਰਿਸ਼ਨ ਦੀ ਮੌਤ ਹੋ ਗਈ ਹੈ। ਜਿਸਦੀ ਲਾਸ਼ ਖੇਤ ਪਾਣੀ ਵਾਲੀ ਖੇਲ ਕੋਲ ਪਈ ਸੀ। ਉਨ੍ਹਾਂ ਕ੍ਰਿਸ਼ਨ ਦੀ ਕੁਦਰਤੀ ਤੇ ਅਚਾਨਕ ਹੋਈ ਮੌਤ ਸਮਝ ਕੇ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਸੀ। ਉਸ ਤੋਂ ਬਾਅਦ ਕਰੀਬ ਇਕ ਮਹੀਨੇ ਬਾਅਦ ਇਕ ਬੀਮੇ ਦੀ ਪਾਲਿਸੀ ਡਾਕ ਰਾਹੀ ਉਸ ਦੇ ਘਰ ਪੁੱਜੀ ਤਾਂ ਪਾਲਿਸੀ ਨੂੰ ਦੇਖਣ ’ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੇ ਭਰਾ ਕ੍ਰਿਸ਼ਨ ਦੇ ਨਾਮ ਬੀਮੇ ਦੀ ਪਾਲਿਸੀ ਕਰਵਾਈ ਗਈ ਹੈ, ਜਿਸਦਾ ਵਾਰਿਸ ਸੋਨੂੰ ਕਰਕੇ ਲਿਖਿਆ ਗਿਆ ਹੈ ਤੇ ਪਾਲਿਸੀ ਦੀ ਪਹਿਲੀ ਸਾਲਾਨਾ ਕਿਸ਼ਤ ਕਰੀਬ 1,35000 ਰੁਪਏ ਵੀ ਭਰੀ ਗਈ ਹੈ। ਉਸ ਤੋਂ ਬਾਅਦ ਹੀਰੋ ਫਾਇਨਾਂਸ ਕੰਪਨੀ ਭਵਾਨੀਗੜ੍ਹ ਤੋਂ ਮੁਲਾਜ਼ਮ ਉਨ੍ਹਾਂ ਦੇ ਘਰ ਆਏ ਤੇ ਕਹਿਣ ਲੱਗੇ ਕਿ ਕ੍ਰਿਸ਼ਨ ਨੇ ਸਾਡੇ ਕੋਲੋ ਸਕਾਰਪੀਓ ਗੱਡੀ 8,12,538 ਰੁਪਏ ਦਾ ਲੋਨ ਕਰਾਇਆ ਹੋਇਆ ਹੈ, ਜਿਸਦੀ ਕਿਸ਼ਤ ਨਹੀਂ ਭਰੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਬੀਮਾ ’ਤੇ ਵੀ ਕ੍ਰਿਸ਼ਨ ਦੇ ਨਾਮ ਇਕ ਬੀਮਾ ਕਰਾਇਆ ਗਿਆ ਹੈ, ਜੋ ਇਹ ਬੀਮਾ ਪਿੰਡ ਦੇ ਸੋਨੂੰ ਤੇ ਉਸ ਦੇ ਦੋਸਤ ਗੁਰਪ੍ਰੀਤ ਸਿੰਘ ਉਰਫ ਸੋਨੀ ਵਾਸੀ ਰਾਮਗੜ੍ਹ ਗੁੱਜਰਾ ਨੇ ਰਲ ਕੇ ਕਰਵਾਇਆ ਹੈ। ਦੋਵੇਂ ਸਕਾਰਪਿਓ ਗੱਡੀ ਵਿਚ ਘੁੰਮਦੇ ਸਨ। ਉਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਭਰਾ ਕ੍ਰਿਸ਼ਨ ਦੀ ਮੌਤ ਸਬੰਧੀ ਸ਼ੱਕ ਹੋਇਆ ਤਾਂ ਉਸ ਨੇ ਸੋਨੂੰ ਤੇ ਗੁਰਪ੍ਰੀਤ ਸਿੰਘ ਨੂੰ ਪੰਚਾਇਤੀ ਤੌਰ ’ਤੇ ਕਈ ਵਾਰੀ ਪੁੱਛਿਆ ਜੋ ਟਾਲ-ਮਟੋਲ ਕਰਦੇ ਰਹੇ। ਉਨ੍ਹਾਂ ਦੱਸਿਆ ਕਿ ਕ੍ਰਿਸ਼ਨ ਦੇ ਭੋਲੇਪਣ ਦਾ ਨਾਜਾਇਜ਼ ਫਾਇਦਾ ਚੁੱਕ ਕੇ ਉਸ ਦੇ ਨਾਂ ’ਤੇ ਬੀਮੇ ਕਰਵਾ ਕੇ ਤੇ ਨੋਮਿਨੀ ਬਣ ਕੇ, ਬੀਮੇ ਦੇ ਪੈਸੇ ਹੜੱਪਣ ਦੀ ਨੀਅਤ ਨਾਲ ਉਸਦਾ ਕਤਲ ਕੀਤਾ ਹੈ। ਜਿਸ ’ਤੇ ਪੁਲਿਸ ਨੇ ਸੋਨੂੰ ਤੇ ਗੁਰਪ੍ਰੀਤ ਸਿੰਘ ਉਰਫ ਸੋਨੀ ਖ਼ਿਲਾਫ ਮਾਮਲਾ ਦਰਜ ਕੀਤਾ।