ਜਾਇਦਾਦ ਖਾਤਰ ਕੀਤਾ ਸੀ ਮਾਂ-ਭੈਣ ਦਾ ਕਤਲ, ਮੁਲਜ਼ਮ ਕਾਬੂ
ਜਾਇਦਾਦ ਖਾਤਰ ਕੀਤਾ ਸੀ ਮਾਂ-ਭੈਣ ਦਾ ਕਤਲ, ਮੁਲਜ਼ਮ ਕਾਬੂ
Publish Date: Sun, 25 Jan 2026 05:51 PM (IST)
Updated Date: Mon, 26 Jan 2026 04:08 AM (IST)

ਕਾਰ ’ਚ ਲਾਸ਼ਾਂ ਪਾ ਕੇ ਰੁੱਖ ’ਚ ਮਾਰੀ ਗੱਡੀ, ਲਾਸ਼ਾਂ ਤੇ ਕਾਰ ਉਪਰ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ ਸੀ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ ਪਿਛਲੇ ਦਿਨੀ ਸੂਲਰ ਘਰਾਟ ਕੋਲ ਹੋਏ ਦੂਹਰੇ ਅੰਨੇ ਕਤਲ ਮਾਮਲੇ ਨੂੰ ਸੁਲਝਾਉਦਿਆਂ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਸਕੇ ਭਰਾ ਵੱਲੋਂ ਆਪਣੀ ਮਾਂ ਅਤੇ ਭੈਣ ਦਾ ਕਤਲ ਕਰਨ ਸਬੰਧੀ ਸਾਜਿਸ਼ ਰਚੀ ਸੀ ਅਤੇ ਆਪਣੇ ਕੀਤੇ ’ਤੇ ਪਰਦਾ ਪਾਉਣ ਲਈ ਉਸਨੇ ਹਾਦਸੇ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ। ਅਸਲ ਵਿਚ ਮੁਲਜਮ ਨੇ ਇਹ ਕਤਲ ਜਾਇਦਾਦ ਖਾਤਰ ਕੀਤੇ ਸਨ। ਜਾਣਕਾਰੀ ਅਨੁਸਾਰ ਇਸੇ ਮਹੀਨੇ 17 ਜਨਵਰੀ ਨੂੰ ਸਰਬਜੀਤ ਕੌਰ (35) ਵਾਸੀ ਮੋੜਾਂ, ਜੋ ਪੰਜਾਬ ਪੁਲਿਸ ਵਿਚ ਸੀਆਈਡੀ ਯੂਨਿਟ ਦਿੜ੍ਹਬਾ ਵਿਖੇ ਡਿਊਟੀ ਕਰਦੀ ਸੀ ਤੇ ਆਪਣੀ ਕਾਰ ਸਵਿਫਟ ਵਿਚ ਆਪਣੀ ਮਾਤਾ ਇੰਦਰਜੀਤ ਕੌਰ (55) ਨੂੰ ਰਿਸ਼ਤੇਦਾਰੀ ਵਿਚ ਪਿੰਡ ਭਾਈ ਕੀ ਪਿਸ਼ੌਰ ਛੱਡਣ ਲਈ ਘਰ ਤੋਂ ਸਵੇਰੇ ਚੱਲੀ ਸੀ, ਜਿਸਨੇ ਆਪਣੀ ਮਾਤਾ ਨੂੰ ਉੱਥੇ ਛੱਡ ਕੇ ਆਪਣੀ ਡਿਊਟੀ ਉਪਰ ਜਾਣਾ ਸੀ, ਰਸਤੇ ਵਿਚ ਸੂਲਰ ਘਰਾਟ ਤੋਂ ਪਿੰਡ ਛਾਹੜ ਨੂੰ ਜਾਂਦੀ ਸੜਕ ਉਪਰ ਉਸਦੀ ਗੱਡੀ ਦਾ ਐਕਸੀਡੈਂਟ ਹੋਣ ਕਾਰਨ ਕਾਰ ਨੂੰ ਅੱਗ ਲੱਗਣ ਕਾਰਨ ਦੋਵੇਂ ਮਾ-ਧੀ ਦੀ ਮੌਤ ਹੋ ਗਈ ਸੀ, ਜਿਨ੍ਹਾਂ ਦੇ ਕੰਕਾਲ ਕਾਰ ਵਿਚ ਹੀ ਪਏ ਸਨ। ਜਿਸ ਉਪਰ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਥਾਣਾ ਦਿੜ੍ਹਬਾ ਵਿਚ ਦਰਜ ਕੀਤਾ। ਮਾਮਲਾ ਸ਼ੱਕੀ ਹੋਣ ਉਪਰ ਤੇ ਮੁਕੱਦਮੇ ਨੂੰ ਟਰੇਸ ਕਰਨ ਲਈ ਐੱਸਪੀ ਦਵਿੰਦਰ ਅੱਤਰੀ ਦੀ ਅਗਵਾਈ ਹੇਠ ਡੀਐੱਸਪੀ ਰੁਪਿੰਦਰ ਕੌਰ ਦੀ ਨਿਗਰਾਨੀ ਹੇਠ ਇੰਸਪੈਕਟਰ ਸੰਦੀਪ ਸਿੰਘ, ਇੰਚਾਰਜ ਸੀਆਈਏ ਸੰਗਰੂਰ ਅਤੇ ਇੰਸਪੈਕਟਰ ਕਮਲਜੀਤ ਸਿੰਘ, ਮੁੱਖ ਅਫਸਰ ਥਾਣਾ ਦਿੜ੍ਹਬਾ ਦੀਆਂ ਸਪੈਸ਼ਲ ਟੀਮਾਂ ਬਣਾ ਕੇ ਟੈਕਨੀਕਲ ਢੰਗ ਨਾਲ ਤਫਤੀਸ਼ ਅਮਲ ਵਿਚ ਲਿਆਂਦੀ ਗਈ। ਤਫਤੀਸ਼ ਦੌਰਾਨ ਮਾਮਲਾ ਟਰੇਸ ਕਰ ਕੇ ਗੁਰਪ੍ਰੀਤ ਸਿੰਘ ਵਾਸੀ ਮੌੜਾਂ ਨੂੰ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਤੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਗਈ। ਪੁੱਛ-ਗਿੱਛ ਦੌਰਾਨ ਦੋਸ਼ੀ ਨੇ ਮੰਨਿਆ ਕਿ ਉਸਨੇ 16 ਜਨਵਰੀ ਦੀ ਦਰਮਿਆਨੀ ਰਾਤ ਨੂੰ ਆਪਣੀ ਭੈਣ ਸਰਬਜੀਤ ਕੌਰ ਅਤੇ ਮਾਤਾ ਇੰਦਰਜੀਤ ਕੌਰ ਨੂੰ ਮਾਰ ਕੇ ਕਾਰ ਵਿਚ ਲਾਸ਼ਾਂ ਰੱਖ ਕੇ, ਐਕਸੀਡੈਂਟ ਦਾ ਰੂਪ ਦੇ ਕੇ ਕਾਰ ਨੂੰ ਦਰੱਖ਼ਤ ਨਾਲ ਟਕਰਾ ਕੇ ਲਾਸ਼ਾਂ ਤੇ ਕਾਰ ਉਪਰ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ ਤੇ ਮੌਕੇ ਤੋਂ ਭੱਜ ਗਿਆ ਸੀ। ਉਸ ਦਾ ਰਿਮਾਂਡ ਹਾਸਲ ਕਰ ਕੇ ਹੋਰ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੁਲਿਸ ਇਸ ਦੂਹਰੇ ਕਤਲ ਮਾਮਲੇ ਦੀ ਬਹੁਤ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਸੂਬੇ ਵਿਚ ਅਜਿਹੇ ਘਿਨਾਉਣੇ ਅਪਰਾਧ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾਵੇਗੀ ਕਿ ਅਪਰਾਧੀ ਨੂੰ ਮੌਤ ਦੀ ਸਜ਼ਾ ਕਰਵਾਈ ਜਾਵੇ।