ਬੋਰ ਦੇ ਸਾਮਾਨ ਦੀ ਰਾਖੀ ਲਈ ਰੱਖੇ ਬਜ਼ੁਰਗ ਦਾ ਕਤਲ
ਬੋਰ ਦੇ ਸਮਾਨ ਦੀ ਰਾਖੀ ਲਈ ਰੱਖੇ ਬਜ਼ੁਰਗ ਦਾ ਕਤਲ
Publish Date: Tue, 07 Apr 2026 04:43 PM (IST)
Updated Date: Wed, 08 Apr 2026 04:00 AM (IST)

ਫੋਰੈਂਸਿਕ ਮਾਹਿਰਾਂ ਨੂੰ ਬੁਲਾਇਆ ਹੈ : ਐੱਸਐੱਚਓ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਸਥਾਨਕ ਸ਼ਹਿਰ ’ਚੋਂ ਲੰਘਦੀ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਸਥਿਤ ਡੇਰਾ ਰਾਧਾ ਸੁਆਮੀ ਤੇ ਸੂਰੀਆ ਧਰਮਕੰਡੇ ਦੇ ਨਾਲ ਲੱਗਦੇ ਮੋਹਨ ਨਗਰ ਇਲਾਕੇ ਵਿਚ ਇਕ ਬਜ਼ੁਰਗ ਚੌਕੀਦਾਰ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ ’ਤੇ ਪਹੁੰਚ ਗਈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਬਜ਼ੁਰਗ ਰਾਮਜੀ ਸਿੰਘ (75) ਪੁੱਤਰ ਮੇਹਰ ਸਿੰਘ ਵਾਸੀ ਪਿੰਡ ਬਾਲਦ ਕਲਾਂ ਉਕਤ ਮੁਹੱਲੇ ਅੰਦਰ ਕੁਲਵਿੰਦਰ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਮੌੜਾ (ਦਿੜ੍ਹਬਾ) ਜੋ ਕਿ ਭਵਾਨੀਗੜ੍ਹ ਵਿਖੇ ਪਟਿਆਲਾ ਰੋਡ ’ਤੇ ਪੈਸਟੀਸਾਈਡਜ਼ ਦੀ ਦੁਕਾਨ ਕਰਦੇ ਹਨ, ਦੇ ਇਕ ਖਾਲੀ ਪਲਾਟ ਵਿਚ ਕੀਤੇ ਜਾ ਰਹੇ ਬੋਰ ਦੇ ਸਾਮਾਨ ਦੀ ਰਾਤ ਦੇ ਸਮੇਂ ਰਾਖੀ ਕਰਨ ਲਈ ਰੱਖਿਆ ਸੀ। ਮੰਗਲਵਾਰ ਸਵੇਰੇ ਬੋਰਿੰਗ ਦਾ ਕੰਮ ਕਰਨ ਵਾਲਾ ਲਖਵਿੰਦਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਰਾਏ ਸਿੰਘ ਵਾਲਾ ਮੌਕੇ ’ਤੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਪਲਾਟ ਅੰਦਰ ਬੋਰਿੰਗ ਮਸ਼ੀਨ ਕੋਲ ਬਜ਼ੁਰਗ ਚੌਕੀਦਾਰ ਰਾਮਜੀ ਸਿੰਘ ਮੰਜੇ ’ਤੇ ਮ੍ਰਿਤਕ ਹਾਲਤ ਵਿਚ ਪਿਆ ਸੀ, ਜਿਸ ਦੇ ਹੱਥ ਪੈਰ ਰੱਸਿਆਂ ਨਾਲ ਬੰਨ੍ਹੇ ਹੋਏ ਸਨ ਤੇ ਸਿਰ ਵਿਚ ਸੱਟ ਮਾਰੀ ਗਈ ਸੀ। ਘਟਨਾ ਸਬੰਧੀ ਉਸਨੇ ਪਲਾਟ ਦੇ ਮਾਲਕਾਂ ਨੂੰ ਜਾਣਕਾਰੀ ਦਿੱਤੀ ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਪਲਾਟ ਦੇ ਮਾਲਕ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕੱਲ ਹੀ ਬੋਰਿੰਗ ਦਾ ਕੰਮ ਸ਼ੁਰੂ ਹੋਇਆ ਸੀ ਤੇ ਸਾਮਾਨ ਦੀ ਰਾਖੀ ਲਈ ਰਾਮਜੀ ਸਿੰਘ ਨੂੰ ਚੌਂਕੀਦਾਰ ਵਜੋਂ ਰੱਖਿਆ ਸੀ ਅਤੇ ਰਾਤ ਪਹਿਲੇ ਦਿਨ ਉਹ ਡਿਊਟੀ ’ਤੇ ਆਇਆ ਸੀ। ਬਰੀਕੀ ਨਾਲ ਕਰ ਰਹੇ ਹਾਂ ਜਾਂਚ : ਐੱਸਐੱਚਓ ਘਟਨਾ ਸਥਾਨ ’ਤੇ ਮੌਜੂਦ ਥਾਣਾ ਭਵਾਨੀਗੜ੍ਹ ਦੇ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਆਖਿਆ ਕਿ ਫਿਲਹਾਲ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਫੋਰੈਂਸਿਕ ਮਾਹਿਰਾਂ ਨੂੰ ਬੁਲਾਇਆ ਗਿਆ ਹੈ।