ਆੜ੍ਹਤੀਆਂ ਦੀ ਢਾਈ ਫੀਸਦੀ ਆੜ੍ਹਤ ਦਾ ਮੁੱਦਾ ਚੁੱਕਣਾ ਸ਼ਲਾਘਾਯੋਗ : ਰੱਬੜ
ਐਮਪੀ ਮੀਤ ਹੇਅਰ ਵੱਲੋਂ ਆੜਤੀਆਂ ਦੀ ਢਾਈ ਫੀਸਦੀ ਆੜਤ ਦਾ ਮੁੱਦਾ ਚੁੱਕਣਾ ਸ਼ਲਾਘਾਯੋਗ : ਰੱਬੜ
Publish Date: Fri, 20 Mar 2026 04:24 PM (IST)
Updated Date: Sat, 21 Mar 2026 04:04 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਲੋਕ ਸਭਾ ਹਲਕਾ ਸੰਗਰੂਰ ਤੋਂ ਜਿੱਤੇ ਆਮ ਆਦਮੀ ਪਾਰਟੀ ਦੇ ਸੰਸਦ ਮੀਤ ਹੇਅਰ ਵੱਲੋਂ ਆਪਣੇ ਭਾਸ਼ਣ ਦੌਰਾਨ ਲੋਕ ਸਭਾ ਵਿਚ ਆੜ੍ਹਤੀਆਂ ਦੀ ਢਾਈ ਫੀਸਦੀ ਆੜ੍ਹਤ ਦਾ ਮੁੱਦਾ ਚੁੱਕਣਾ ਸ਼ਲਾਘਾਯੋਗ ਉਦਮ ਹੈ। ਇਹ ਵਿਚਾਰ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਵਾਈਸ ਪ੍ਰਧਾਨ ਜੀਵਨ ਕੁਮਾਰ ਰੱਬੜ ਨੇ ਪ੍ਰਗਟ ਕਰਦਿਆਂ ਕਿਹਾ ਕਿ ਆਪਣੇ ਭਾਸ਼ਣ ਦੌਰਾਨ ਮੀਤ ਹੇਅਰ ਨੇ ਕਿਹਾ ਕਿ ਆੜ੍ਹਤੀਆਂ ਤੇ ਕਿਸਾਨਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ, ਜੋ ਆਪਣੇ ਆਪ ਵਿਚ ਇੱਕ-ਦੂਜੇ ਤੋਂ ਬਿਨਾਂ ਅਧੂਰੇ ਹਨ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਵੱਲੋਂ ਇਨ੍ਹਾਂ ਨੂੰ ਢਾਈ ਫੀਸਦੀ ਫਸਲ ਉੱਤੇ ਆੜ੍ਹਤ ਮਿਲਦੀ ਸੀ, ਇਨੀਂ ਮਹਿੰਗਾਈ ਦੇ ਬਾਵਜੂਦ ਕੇਂਦਰ ਸਰਕਾਰ ਨੇ ਆੜ੍ਹਤ ਵਧਾਉਣ ਦੀ ਜਗ੍ਹਾ ਇਨ੍ਹਾਂ ਦੀ 46 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਜੋ ਹੁਣ ਆੜ੍ਹਤੀਆਂ ਵੱਲੋਂ ਸੰਘਰਸ਼ ਤੋਂ ਬਾਅਦ ਸਿਰਫ 50 ਰੁਪਏ ਕੁਇੰਟਲ ਹੀ ਕੀਤੀ ਹੈ। ਜਦੋਂ ਕਿ ਪਿਛਲੇ ਸਾਲਾਂ ਵਿਚ ਮਹਿੰਗਾਈ ਵਧਣ ਕਾਰਨ ਇਨ੍ਹਾਂ ਦੇ ਪਾਵਰ ਕਲੀਨਰਾਂ ਦੇ ਭਾਅ ਦੁਗਣੇ, ਬਿਜਲੀ ਦੇ ਰੇਟਾਂ ’ਚ ਵਾਧਾ, ਡੀਜ਼ਲ ਸਮੇਤ ਹੋਰ ਰਿਪੇਅਰ ਤੇ ਢੋਆ ਢੁਆਈ ’ਚ ਇਨ੍ਹਾਂ ਦਾ ਖਰਚਾ ਪਹਿਲਾਂ ਨਾਲੋਂ ਦੁਗਣੇ ਦੇ ਕਰੀਬ ਹੋ ਗਿਆ ਹੈ। ਪ੍ਰੰਤੂ ਜੇਕਰ ਆੜ੍ਹਤ ਦੀ ਗੱਲ ਕਰੀਏ ਇਹ ਵਧਾਉਣ ਦੀ ਥਾਂ ਘਟਾ ਦਿੱਤੀ ਹੈ ਸੋ ਇਸ ਨੂੰ ਵਧਾ ਕੇ ਤਿੰਨ ਫੀਸਦੀ ਕੀਤਾ ਜਾਵੇ । ਮੀਤ ਹੇਅਰ ਨੇ ਮੰਗ ਕਰਦਿਆਂ ਕਿਹਾ ਕਿ ਜੇਕਰ 3 ਫੀਸਦੀ ਨਹੀਂ ਕੀਤੀ ਜਾਂਦੀ ਤਾਂ ਢਾਈ ਫੀਸਦੀ ਤਾਂ ਜ਼ਰੂਰ ਰਹਿਣੀ ਚਾਹੀਦੀ ਹੈ। ਵਾਈਸ ਪ੍ਰਧਾਨ ਨੇ ਦੱਸਿਆ ਕਿ ਇਸ ਤੋਂ ਇਲਾਵਾ ਸੰਸਦ ਮੀਤ ਹੇਅਰ ਕੇਂਦਰ ਵੱਲੋਂ ਰੋਕੇ ਆਰਡੀਐਫ ਦੇ 8500 ਰੁਪਏ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ, ਅਮਰੀਕਾ ਨਾਲ ਸਮਝੌਤਾ ਰੱਦ ਕਰਨ ਲਈ ਕਿਹਾ ਤੇ ਐਮਐਸਪੀ ਦੀ ਗਰੰਟੀ ਮੰਗਦਿਆਂ ਆਪਣੇ ਵਾਅਦੇ ਪੂਰੇ ਕਰਨ ਤੇ ਜ਼ੋਰ ਦਿੱਤਾ। ਵਾਇਸ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੰਸਦ ਮੀਤ ਹੇਅਰ ਨੇ ਆੜਤੀਆਂ ਦਾ ਮੁੱਦਾ ਚੁੱਕ ਕੇ ਸਾਬਤ ਕਰ ਦਿੱਤਾ ਹੈ ,ਕਿ ਆਪ ਸਰਕਾਰ ਵਪਾਰੀਆਂ ਅਤੇ ਮਜ਼ਦੂਰਾਂ ਦੇ ਨਾਲ ਖੜੀ ਹੈ।