ਕੇਂਦਰ ਖ਼ਿਲਾਫ਼ 4 ਨੂੰ ਕੱਢਿਆ ਜਾਵੇਗਾ ਮੋਟਰਸਾਈਕਲ ਰੋਸ ਮਾਰਚ
ਕੇਂਦਰ ਖਿਲਾਫ 4 ਨੂੰ ਕੱਢਿਆ ਜਾਵੇਗਾ ਮੋਟਰਸਾਈਕਲ ਰੋਸ ਮਾਰਚ
Publish Date: Thu, 01 Jan 2026 05:18 PM (IST)
Updated Date: Fri, 02 Jan 2026 04:06 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਲਹਿਰੇ ਦੀਆਂ ਕਿਸਾਨ, ਮਜ਼ਦੂਰ ਤੇ ਜਨਤਕ ਜਥੇਬੰਦੀਆਂ ਦੀ ਸਾਂਝੀ ਇਕੱਠ ਦੌਰਾਨ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਲੋਕ- ਮਾਰੂ ਬਿੱਲਾਂ ਜਿਵੇਂ ਬਿਜਲੀ ਬਿੱਲ, ਸੀਡ ਬਿੱਲ, ਮਗਨਰੇਗਾ ਨੂੰ ਤੋੜ ਮਰੋੜ ਕੇ ਆਪਣੇ ਰਾਜਸੀ ਹਿੱਤਾਂ ਦੀ ਖਾਤਰ ਵਰਤਣ ਦੇ ਛੁਪੇ ਹੋਏ ਏਜੰਡੇ ਅਤੇ ਕਿਰਤ ਕੋਡਾਂ ਦੀਆਂ ਲੋਕ- ਮਾਰੂ ਮੱਦਾਂ ਤੇ ਗੰਭੀਰ ਚਰਚਾ ਕੀਤੀ ਗਈ। ਇਸ ਸਮੇਂ ਵੱਖ-ਵੱਖ ਬੁਲਾਰਿਆਂ ਨੇ ਕਿਹਾ, ਕਿ ਕੇਂਦਰ ਸਰਕਾਰ ਪੂੰਜੀਵਾਦੀ ਧਨਾਢਾਂ ਦੇ ਪ੍ਰਭਾਵ ਹੇਠ ਲਗਾਤਾਰ ਨਿੱਜੀਕਰਨ ਦਾ ਕੁਹਾੜਾ ਅੱਗੇ ਵਧਾ ਰਹੀ ਹੈ। ਇਨਾਂ ਨੀਤੀਆਂ ਦੇ ਕਾਰਨ ਸਿੱਖਿਆ ਮਹਿੰਗੀ ਹੋ ਕੇ ਗਰੀਬਾਂ ਦੇ ਹੱਥਾਂ ਚੋਂ ਨਿੱਕਲ ਰਹੀ ਹੈ, ਰੁਜ਼ਗਾਰ ਖ਼ਤਮ ਹੋ ਰਹੇ ਹਨ ਅਤੇ ਗਰੀਬਾਂ ਦੇ ਮੂੰਹ ’ਚੋਂ ਰੋਟੀ ਖੋਹੀ ਜਾ ਰਹੀ ਹੈ। ਦੂਜੇ ਪਾਸੇ ਪੂੰਜੀਵਾਦੀ ਕਾਰਪੋਰੇਟਾਂ ਕੋਲ ਪੂੰਜੀ ਦੇ ਵੱਡੇ-ਵੱਡੇ ਅੰਬਾਰ ਇਕੱਠੇ ਹੋ ਰਹੇ ਹਨ। ਗਰੀਬ ਤੇ ਅਮੀਰ ਦਾ ਪਾੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਨੂੰ ਕਦੇ ਵੀ ਸਹਿਣ ਨਹੀਂ ਕੀਤਾ ਜਾਵੇਗਾ ਤੇ ਇਨ੍ਹਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਏਗਾ। ਇਸੇ ਤਹਿਤ 4 ਜਨਵਰੀ ਨੂੰ ਲਹਿਰਾਗਾਗਾ ਬਲਾਕ ਵਿਚ ਵਿਸ਼ਾਲ ਮੋਟਰਸਾਈਕਲ ਰੋਸ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰਾਂ ਦੀਆਂ ਲੂੰਬੜ ਚਾਲਾਂ ਨੂੰ ਸਮਝ ਕੇ ਇਸ ਰੋਸ ਮਾਰਚ ਨੂੰ ਕਾਮਯਾਬ ਬਣਾਓ ਅਤੇ ਆਪਣੀ ਰੋਜ਼ੀ-ਰੋਟੀ ,ਸਿੱਖਿਆ ਅਤੇ ਰੁਜ਼ਗਾਰ ਬਚਾਓ। ਇਸ ਮੌਕੇ ਗੁਰਪ੍ਰੀਤ ਸੰਗਤਪੁਰਾ, ਹਰਵਿੰਦਰ ਲਦਾਲ, ਬਹਾਦਰ ਭੁਟਾਲ, ਹਰਭਗਵਾਨ ਗੁਰਨੇ, ਜਗਜੀਤ ਭੁਟਾਲ, ਕਰਨੈਲ ਗਨੌਟਾ,ਗੁਰਚਰਨ ਖੋਖਰ, ਜੰਟਾ ਸਿੰਘ, ਦਰਸ਼ਨ ਚੰਗਾਲੀ ਵਾਲਾ, ਗਮਦੂਰ ਸਿੰਘ, ਰਾਮ ਚੰਦ ਚੋਟੀਆਂ, ਮਿੱਠੂ ਗਾਗਾ, ਪ੍ਰੀਤਮ ਲੇਹਲ ਕਲਾਂ, ਮੇਜਰ ਰਾਮਗੜ੍ਹ, ਬਿੰਦਰ ਖੋਖਰ ਅਤੇ ਰਾਮ ਸਿੰਘ ਨੰਗਲਾ ਹਾਜਰ ਸਨ।