ਮੋਟਰਾਂ ਦੀਆਂ ਤਾਰਾਂ ਵੱਢਣ ਵਾਲਾ ਕੀਤਾ ਪੁਲਿਸ ਹਵਾਲੇ
ਮੋਟਰਾਂ ਦੀਆਂ ਤਾਰਾਂ ਵੱਢਣ ਵਾਲਾ ਕੀਤਾ ਪੁਲਿਸ ਹਵਾਲੇ
Publish Date: Fri, 16 Jan 2026 05:42 PM (IST)
Updated Date: Sat, 17 Jan 2026 04:07 AM (IST)

ਅਜਿਹੇ ਨਸ਼ਾ ਪੀੜਤਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਚ ਭਰਤੀ ਕਰਨ ਦੀ ਕੀਤੀ ਮੰਗ ਸੁਖਵਿੰਦਰ ਸਿੰਘ ਅਟਵਾਲ, ਪੰਜਾਬੀ ਜਾਗਰਣ, ਅਮਰਗੜ੍ਹ : ਇਲਾਕੇ ਅੰਦਰ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਦੇ ਨਾਲ-ਨਾਲ ਮੋਟਰਾਂ ਤੋਂ ਟਰਾਂਸਫਾਰਮਰ ਖੋਲ੍ਹਣ ਤੇ ਤਾਰਾਂ ਵੱਢਣ ਦਾ ਸਿਲਸਿਲਾ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪਿੰਡ ਬਾਠਾਂ ਦੇ ਸਰਪੰਚ ਬਲਵੀਰ ਸਿੰਘ ਸੋਹੀ ਨੇ ਦੱਸਿਆ ਕਿ ਅਕਸਰ ਹੀ ਪਿੰਡ ਦੇ ਕਿਸਾਨ ਜਦੋਂ ਮੋਟਰ ਚਲਾਉਣ ਲਈ ਆਪਣੇ ਖੇਤ ਜਾਂਦੇ, ਤਾਂ ਉਨ੍ਹਾਂ ਨੂੰ ਆਪਣੀ ਮੋਟਰ ਦੀਆਂ ਤਾਰਾਂ ਵੱਢੀਆਂ ਹੋਈਆਂ ਮਿਲਦੀਆਂ ਹਨ, ਜਿਸ ਤੋਂ ਦੁਖੀ ਹੋਏ ਕਿਸਾਨ ਆਪਣੀਆਂ ਮੋਟਰਾਂ ’ਤੇ ਖ਼ੁਦ ਪਹਿਰੇਦਾਰੀ ਕਰਨ ਲਈ ਮਜਬੂਰ ਹਨ। ਮੈਂਬਰ ਪੰਚਾਇਤ ਚਮਕੌਰ ਸਿੰਘ ਮੰਡੇਰ ਨੇ ਦੱਸਿਆ ਕਿ ਜਦੋਂ ਉਹ ਆਪਣੇ ਖੇਤ ਵਿਚ ਹਰਾ ਵੱਢ ਰਿਹਾ ਸੀ ਤਾਂ ਸਾਹਮਣੇ ਮੋਟਰ ਵਾਲਾ ਗੁਰਦੀਪ ਸਿੰਘ ਪੁੱਤਰ ਤਾਰਾ ਸਿੰਘ ਉਸ ਨੂੰ ਆਵਾਜ਼ਾਂ ਮਾਰਨ ਲੱਗਾ। ਜਦੋਂ ਉਹ ਭੱਜ ਕੇ ਗਿਆ ਤਾਂ ਉਸਨੇ ਦੱਸਿਆ ਕਿ ਹੁਣੇ ਹੀ ਸਾਈਕਲ ’ਤੇ ਸਵਾਰ ਇਕ ਵਿਅਕਤੀ ਉਨ੍ਹਾਂ ਦੀ ਮੋਟਰ ਤੋਂ ਤਾਰਾਂ ਵੱਢ ਕੇ ਭੱਜਿਆ ਹੈ, ਤਾਂ ਅਸੀਂ ਉਸਦਾ ਪਿੱਛਾ ਕਰ ਕੇ ਉਸਨੂੰ ਫੜ ਲਿਆ, ਜਿਸ ਦੀ ਜੇਬ ਵਿੱਚੋਂ ਇਕ ਸਰਿੰਜ ਵੀ ਪਾਈ ਹੋਈ ਸੀ ਤੇ ਸਾਈਕਲ ਪਿੱਛੇ ਲੱਦੇ ਥੈਲੇ ਵਿਚ ਮੋਟਰਾਂ ਤੋਂ ਵੱਢੀਆਂ ਹੋਈਆਂ ਤਾਰਾਂ ਪਾਈਆਂ ਹੋਈਆਂ ਸਨ। ਫੜੇ ਗਏ ਉਕਤ ਵਿਅਕਤੀ ਨੇ ਆਪਣਾ ਪਿੰਡ ਅਮਰਗੜ੍ਹ ਦੱਸਿਆ ਤੇ ਕਿਹਾ ਕਿ ਉਹ ਨਸ਼ੇ ਕਰਨ ਦਾ ਆਦੀ ਹੈ ਤੇ ਚੋਰੀਆਂ ਕਰ ਕੇ ਨਸ਼ੇ ਦੀ ਪੂਰਤੀ ਕਰਦਾ ਹੈ। ਪਿੰਡ ਵਾਸੀਆਂ ਵੱਲੋਂ ਥਾਣਾ ਅਮਰਗੜ੍ਹ ਨੂੰ ਸੂਚਿਤ ਕਰ ਕੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਅਜਿਹੇ ਨਸ਼ਾ ਪੀੜਤ ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ’ਚ ਭਰਤੀ ਕੀਤਾ ਜਾਵੇ, ਤਾਂ ਜੋ ਇਲਾਕੇ ਅੰਦਰ ਵੱਧ ਰਹੀਆਂ ਅਜਿਹੀਆਂ ਚੋਰੀ ਚਕਾਰੀ ਦੀਆਂ ਵਾਰਦਾਤਾਂ ਨੂੰ ਰੋਕਿਆ ਜਾਵੇ ਅਤੇ ਲੋਕਾਂ ਨੂੰ ਸੁੱਖ ਦਾ ਸਾਂਹ ਮਿਲ ਸਕੇ।