ਮੋਹਿਤ ਮੋਹਿੰਦਰਾ ਵੱਲੋਂ ਯੂਨੀਅਨ ਬਜਟ ’ਚ ਪੰਜਾਬ ਦੀ ਅਣਦੇਖੀ ਦੀ ਕੜੀ ਨਿੰਦਾ
ਮੋਹਿਤ ਮੋਹਿੰਦਰਾ ਵੱਲੋਂ ਯੂਨੀਅਨ ਬਜਟ 2026 ਵਿੱਚ ਪੰਜਾਬ ਦੀ ਅਣਦੇਖੀ ਦੀ ਕੜੀ ਨਿੰਦਾ
Publish Date: Thu, 05 Feb 2026 04:37 PM (IST)
Updated Date: Thu, 05 Feb 2026 04:41 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮੋਹਿੰਦਰਾ ਨੇ ਅੱਜ ਯੂਨੀਅਨ ਬਜਟ 2026 ’ਚ ਪੰਜਾਬ ਨੂੰ ਪੂਰੀ ਤਰ੍ਹਾਂ ਅਣਡਿੱਠਾ ਕਰਨ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਇਹ ਉਸ ਰਾਜ ਪ੍ਰਤੀ ਕੇਂਦਰ ਸਰਕਾਰ ਦੀ ਸ਼ਰਮਨਾਕ ਬੇਰੁਖ਼ੀ ਹੈ ਜੋ ਦੇਸ਼ ਨੂੰ ਅਨਾਜ ਦਿੰਦਾ ਹੈ ਅਤੇ ਸਰਹੱਦਾਂ ਦੀ ਰੱਖਿਆ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦੁੱਖਦਾਇਕ ਹੈ ਕਿ ਭਾਰਤ ਦਾ ‘ਫੂਡ ਬਾਊਲ’ ਕਿਹਾ ਜਾਣ ਵਾਲਾ ਪੰਜਾਬ ਨਾ ਤਾਂ ਬਜਟ ਵਿਚ ਕਿਤੇ ਜ਼ਿਕਰ ਯੋਗ ਹੈ, ਨਾ ਕੋਈ ਰਾਹਤ ਹੈ ਅਤੇ ਨਾ ਹੀ ਭਵਿੱਖ ਲਈ ਕੋਈ ਯੋਜਨਾ। ‘ਰਾਸ਼ਟਰੀ ਖਾਦ ਸੁਰੱਖਿਆ ਵਿਚ ਪੰਜਾਬ ਦਾ ਯੋਗਦਾਨ ਬੇਹੱਦ ਵੱਧ ਹੈ, ਪਰ ਮੋਦੀ ਸਰਕਾਰ ਦੀਆਂ ਬਜਟ ਤਰਜੀਹਾਂ ਵਿਚ ਪੰਜਾਬ ਮਾਨੋ ਮੌਜੂਦ ਹੀ ਨਹੀਂ। ਉਨ੍ਹਾਂ ਇਸ ਨੂੰ ਪੰਜਾਬ ਲਈ ‘ਡਬਲ ਝਟਕਾ’ ਕਰਾਰ ਦਿੰਦਿਆਂ 16ਵੇਂ ਵਿੱਤ ਆਯੋਗ ਵੱਲੋਂ ਰੇਵਿਨਿਊ ਡਿਫਿਸਿਟ ਗ੍ਰਾਂਟ (ਆਰਪੀਜੀ) ਬੰਦ ਕਰਨ ਦੇ ਫੈਸਲੇ ਦੀ ਵੀ ਆਲੋਚਨਾ ਕੀਤੀ। “ਇਸ ਇਕ ਫੈਸਲੇ ਨਾਲ ਪੰਜਾਬ ਨੂੰ ਹਰ ਸਾਲ ਲਗਭਗ 4,800 ਕਰੋੜ ਦਾ ਨੁਕਸਾਨ ਹੋਵੇਗਾ, ਜੋ ਕਿ ਇਕ ਵੱਡਾ ਵਿੱਤੀ ਝਟਕਾ ਹੈ। ਮੋਹਿੰਦਰਾ ਨੇ ਦੱਸਿਆ ਕਿ ਇਹ ਰਕਮ ਰੋਜ਼ਗਾਰ ਨਾਲ ਜੁੜੇ ਸਕਿੱਲ ਪ੍ਰੋਗਰਾਮਾਂ, ਸਟਾਰਟ-ਅੱਪਸ, ਖੇਡ ਢਾਂਚੇ, ਕਾਲਜਾਂ, ਰਿਸਰਚ ਸੰਸਥਾਵਾਂ ਤੇ ਨੌਜਵਾਨਾਂ ਦੇ ਮਾਈਗ੍ਰੇਸ਼ਨ ਨੂੰ ਰੋਕਣ ਵਿਚ ਵਰਤੀ ਜਾ ਸਕਦੀ ਸੀ। ਕੇਂਦਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਮੋਹਿੰਦਰਾ ਨੇ ਆਪ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਵੀ ਵਿੱਤ ਆਯੋਗ ਅੱਗੇ ਪੰਜਾਬ ਦਾ ਮਜ਼ਬੂਤ ਪੱਖ ਨਾ ਰੱਖਣ ਦਾ ਦੋਸ਼ ਲਗਾਇਆ। “ਵਿੱਤ ਆਯੋਗ ਦੇ ਫੈਸਲੇ ਮਜ਼ਬੂਤ ਡਾਟਾ, ਵਿੱਤੀ ਦਲੀਲ ਤੇ ਲਗਾਤਾਰ ਗੱਲਬਾਤ ਨਾਲ ਪ੍ਰਭਾਵਿਤ ਹੁੰਦੇ ਹਨ। ਬਦਕਿਸਮਤੀ ਨਾਲ ਆਪ ਸਰਕਾਰ ਨੇ ਗੱਲਬਾਤ ਦੀ ਥਾਂ ਸ਼ੋਰ ਮਚਾਉਣਾ ਚੁਣਿਆ ਅਤੇ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰਨ ਵਿੱਚ ਨਾਕਾਮ ਰਹੀ।