ਨਿਵੇਸ਼ ਦੇ ਨਾਂ ‘ਤੇ ਵਿਦੇਸ਼ੀ ਦੌਰੇ, ਪੰਜਾਬ ਦੇ ਨੌਜਵਾਨਾਂ ਨਾਲ ਧੋਖਾ : ਮੋਹਿਤ
ਨਿਵੇਸ਼ ਦੇ ਨਾਂ ‘ਤੇ ਵਿਦੇਸ਼ੀ ਦੌਰੇ, ਪੰਜਾਬ ਦੇ ਨੌਜਵਾਨਾਂ ਨਾਲ ਧੋਖਾ: ਮੋਹਿਤ ਮੋਹਿੰਦਰਾ
Publish Date: Sun, 01 Feb 2026 04:37 PM (IST)
Updated Date: Sun, 01 Feb 2026 04:40 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ਵਾਲੇ ਵਿਦੇਸ਼ੀ ਦੌਰੇ ਤੋਂ ਪਹਿਲਾਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮੋਹਿੰਦਰਾ ਨੇ ਆਮ ਆਦਮੀ ਪਾਰਟੀ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਨਿਵੇਸ਼ ਦੇ ਨਾਮ ’ਤੇ ਕੀਤੇ ਜਾ ਰਹੇ ਵਿਦੇਸ਼ੀ ਦੌਰੇ ਸਿਰਫ਼ ‘ਕਥਿਤ ਨਿਵੇਸ਼ਾਂ’ ਤੱਕ ਹੀ ਸੀਮਿਤ ਰਹੇ ਹਨ, ਜਦਕਿ ਜ਼ਮੀਨੀ ਪੱਧਰ ’ਤੇ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ। ਮੋਹਿਤ ਮੋਹਿੰਦਰਾ ਨੇ ਕਿਹਾ ਕਿ ਚਾਰ ਸਾਲਾਂ ਦੇ ਕਾਰਜਕਾਲ ਦੇ ਬਾਵਜੂਦ ਆਪ ਸਰਕਾਰ ਪੰਜਾਬ ’ਚ ਨਾ ਤਾਂ ਨਵੇਂ ਉਦਯੋਗ ਲਿਆ ਸਕੀ ਹੈ ਅਤੇ ਨਾ ਹੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਕੀ ਹੈ। ਹੁਣ ਸਰਕਾਰ ਆਪਣੇ ਕਾਰਜਕਾਲ ਦੇ ਅਖੀਰ ’ਚ ਵਿਦੇਸ਼ੀ ਦੌਰਿਆਂ ਰਾਹੀਂ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੋਹਿਤ ਮੋਹਿੰਦਰਾ ਨੇ ਦੋਸ਼ ਲਗਾਇਆ ਕਿ ਇਹ ਵਿਦੇਸ਼ੀ ਦੌਰੇ ਸਰਕਾਰੀ ਪੈਸੇ ਨਾਲ ਕੀਤੇ ਗਏ ਸਿਰਫ਼ ‘ਸੈਰ-ਸਪਾਟੇ’ ਸਾਬਤ ਹੋਏ ਹਨ, ਜਿਨ੍ਹਾਂ ਦੀ ਕੋਈ ਜਵਾਬਦੇਹੀ ਨਹੀਂ ਲਈ ਜਾ ਰਹੀ। ਉਨ੍ਹਾਂ ਮੰਗ ਕੀਤੀ ਕਿ ਆਪ ਸਰਕਾਰ ਹੁਣ ਤੱਕ ਦੇ ਸਾਰੇ ਵਿਦੇਸ਼ੀ ਦੌਰਿਆਂ ਤੋਂ ਬਾਅਦ ਦਾਅਵਾ ਕੀਤੇ ਨਿਵੇਸ਼ਾਂ ਬਾਰੇ ਤੁਰੰਤ ਵਾਈਟ ਪੇਪਰ ਜਾਰੀ ਕਰੇ ਅਤੇ ਲੋਕਾਂ ਨੂੰ ਹਕੀਕਤ ਤੋਂ ਵਾਕਿਫ਼ ਕਰਾਏ। ਅੰਤ ’ਚ ਮੋਹਿਤ ਮੋਹਿੰਦਰਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਾਅਰਿਆਂ ਜਾਂ ਵਿਦੇਸ਼ੀ ਫੋਟੋਆਂ ਦੀ ਨਹੀਂ, ਸਗੋਂ ਰੋਜ਼ਗਾਰ, ਉਦਯੋਗ ਅਤੇ ਸੂਬੇ ਲਈ ਇੱਕ ਠੋਸ ਤੇ ਭਰੋਸੇਯੋਗ ਭਵਿੱਖੀ ਯੋਜਨਾ ਦੀ ਲੋੜ ਹੈ।