‘ਸਿੱਖਿਆ ਦਾ ਸੰਕਲਪ’ਵਿਸ਼ੇ 'ਤੇ ਕਰਵਾਇਆ ਵਿਸ਼ੇਸ਼ ਲੈਕਚਰ
‘ਸਿੱਖਿਆ ਦਾ ਸੰਕਲਪ’ਵਿਸ਼ੇ 'ਤੇ ਕਰਵਾਇਆ ਗਿਆ ਪ੍ਰੋ. ਕ੍ਰਿਸ਼ਨ ਕੁਮਾਰ ਦਾ ਵਿਸ਼ੇਸ਼ ਲੈਕਚਰ
Publish Date: Mon, 16 Mar 2026 04:42 PM (IST)
Updated Date: Mon, 16 Mar 2026 04:46 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਕਾਲਜ ਦੇ 150 ਸਾਲਾਂ ਸਫ਼ਰ-ਏ- ਫ਼ਖ਼ਰ ਦੇ ਜਸ਼ਨਾਂ ਦੀ ਲੜੀ ਤਹਿਤ ਲੋਕ ਪ੍ਰਸ਼ਾਸਨ ਵਿਭਾਗ ਵੱਲੋਂ ਆਈਕਯੂਏਸੀ ਦੇ ਸਹਿਯੋਗ ਨਾਲ ‘ਸਿੱਖਿਆ ਦਾ ਸੰਕਲਪ ਵਿਸ਼ੇ ਤੇ ਇਕ ਪਬਲਿਕ ਲੈਕਚਰ ਕਰਵਾਇਆ ਗਿਆ। ਇਸ ਲੈਕਚਰ ’ਚ ਮੁੱਖ ਬੁਲਾਰੇ ਵਜੋਂ ਐਨਸੀਆਰਟੀ ਦੇ ਸਾਬਕਾ ਡਾਇਰੈਕਟਰ ਪ੍ਰੋ. ਕ੍ਰਿਸ਼ਨ ਕੁਮਾਰ ਨੇ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਨਿਸ਼ਠਾ ਤ੍ਰਿਪਾਠੀ ਦੀ ਅਗਵਾਈ ਵਿੱਚ ਕਰਵਾਏ ਇਸ ਲੈਕਚਰ ਦਾ ਮੁੱਖ ਮਕਸਦ ਵਪਾਰੀਕਰਨ ਦੇ ਇਸ ਯੁੱਗ ਵਿਚ ਸਿੱਖਿਆ ਦੇ ਅਸਲੀ ਅਰਥ ਤੋਂ ਜਾਣੂ ਕਰਵਾਉਣਾ ਸੀ। ਇਸ ਮੌਕੇ ਪ੍ਰਿੰਸੀਪਲ ਡਾ. ਨਿਸ਼ਠਾ ਤ੍ਰਿਪਾਠੀ ਨੇ ਮੁੱਖ ਵਕਤਾ ਦਾ ਰਸਮੀ ਤੌਰ ’ਤੇ ਸਵਾਗਤ ਕੀਤਾ ਅਤੇ ਕਿਹਾ ਕਿ ਕਾਲਜ ਦੇ 150 ਸਾਲ ਦੇ ਲੰਮੇ ਵਿੱਦਿਅਕ ਇਤਿਹਾਸ ਵਿਚ ਬਹੁਤ ਵੱਡੀਆਂ ਸ਼ਖ਼ਸੀਅਤਾਂ ਕਾਲਜ ਵਿਚ ਆਈਆਂ ਅਤੇ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਵੀ ਵਿਦਿਅਕ ਦੁਨੀਆਂ ਦੇ ਅਜੀਮ ਵਿਦਵਾਨ ਪ੍ਰੋ. ਕ੍ਰਿਸ਼ਨ ਕੁਮਾਰ ਸਾਡੇ ਦਰਮਿਆਨ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਅੱਜ ਦੇ ਸਮੇਂ ਵਿਚ ਵਿਵਸਥਾ ਅਨੇਕਾਂ ਸਮੱਸਿਆਵਾਂ ਨਾਲ ਘਿਰੀ ਹੋਈ ਹੈ ਪਰ ਇਸ ਤੋਂ ਬਿਨਾਂ ਵੀ ਸਿੱਖਿਆ ਹਾਸਲ ਨਹੀਂ ਹੋ ਸਕਦੀ। ਉਨ੍ਹਾਂ ਸਿੱਖਿਆ ਦੀ ਕਹਾਣੀ ਦੇ ਦੋ ਕਿਰਦਾਰਾਂ ਵਿਦਿਆਰਥੀ ਤੇ ਅਧਿਆਪਕਾਂ ਦੇ ਪਰਸਪਰ ਰਿਸ਼ਤਿਆਂ ਉੱਤੇ ਵੀ ਚਰਚਾ ਕੀਤੀ। ਲੋਕ ਪ੍ਰਸ਼ਾਸਨ ਵਿਭਾਗ ਦੇ ਮੁਖੀ ਡਾ. ਮੁਹੰਮਦ ਸੁਹੇਲ ਨੇ ਮੰਚ ਸੰਚਾਲਨ ਬਾਖੂਬੀ ਕੀਤਾ ਅਤੇ ਲੈਕਚਰ ਵਕਤਾ ਪ੍ਰੋ. ਕ੍ਰਿਸ਼ਨ ਕੁਮਾਰ ਨਾਲ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਉਹ ਬਿਹਤਰੀਨ ਉਸਤਾਦ, ਸ਼ਬਦਾਂ ਦੇ ਜਾਦੂਗਰ ਅਤੇ ਸਿੱਖਿਆ ਦੇ ਖੇਤਰ ਦੇ ਪ੍ਰਮੁੱਖ ਵਿਦਵਾਨ ਹਨ। ਲੈਕਚਰ ਤੋਂ ਬਾਅਦ ਸਵਾਲ ਜਵਾਬ ਦੇ ਸੈਸ਼ਨ ਉਪਰੰਤ ਆਈ. ਕਯੂਏਸੀ ਦੇ ਮੈਂਬਰ ਅਤੇ ਸੰਗੀਤ ਵਿਭਾਗ ਦੇ ਮੁਖੀ ਡਾ. ਰਾਏ ਬਹਾਦਰ ਸਿੰਘ ਦੁਆਰਾ ਧੰਨਵਾਦੀ ਮਤਾ ਪੇਸ਼ ਕੀਤਾ ਗਿਆ। ਇਸ ਲੈਕਚਰ ਵਿਚ ਕਾਲਜ ਵਾਈਸ ਪ੍ਰਿੰਸੀਪਲ ਪ੍ਰੋ. ਲਵਲੀਨ ਪਰਮਾਰ, ਕਾਲਜ ਕਾਉਂਸਲ ਮੈਂਬਰ ਡਾ. ਅੰਮ੍ਰਿਤ ਸਮਰਾ(ਬਰਸਰ) ਅਤੇ ਪ੍ਰੋ. ਸੁਨੀਤ ਕੁਮਾਰ, ਲੋਕ ਪ੍ਰਸ਼ਾਸ਼ਨ ਵਿਭਾਗ ਦੇ ਅਧਿਆਪਕ ਪ੍ਰੋ. ਰਮਨੀਤ ਕੌਰ, ਪ੍ਰੋ. ਆਸ਼ਿਮਾ ਸਿੰਘ, ਪ੍ਰੋ. ਹਰਮਨਪ੍ਰੀਤ ਸਿੰਘ, ਵਿਕਰਮ ਕਾਲਜ ਆਫ ਕਾਮਰਸ ਤੋਂ ਡਾ. ਪਰਮਜੀਤ ਸਿੰਘ ਅਤੇ ਹੋਰ ਕਾਲਜ ਅਧਿਆਪਕ ਤੇ ਵਿਦਿਆਰਥੀ ਭਰਵੀਂ ਗਿਣਤੀ ਵਿਚ ਸ਼ਾਮਲ ਹੋਏ।