ਮਹਿੰਦਰਾ ਕਾਲਜ ਪਟਿਆਲਾ ਵੱਲੋਂ ਸ਼ੁਰੂ ਕੀਤੀ ਕੰਧ ਪੱਤ੍ਰਿਕਾ
ਮਹਿੰਦਰਾ ਕਾਲਜ ਪਟਿਆਲਾ ਵੱਲੋਂ ਸ਼ੁਰੂ ਕੀਤੀ ਗਈ ਕੰਧ ਪੱਤ੍ਰਿਕਾ
Publish Date: Fri, 30 Jan 2026 05:59 PM (IST)
Updated Date: Fri, 30 Jan 2026 06:01 PM (IST)

ਫੋਟੋ 30ਪੀਟੀਐਲ: 20 ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਪਟਿਆਲਾ : ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ‘ਬਸੰਤ’ ਨਾਮੀ ਕੰਧ ਪੱਤ੍ਰਿਕਾ ਦੀ ਸ਼ੁਰੂਆਤ ਕੀਤੀ ਗਈ। ਕਾਲਜ ਪ੍ਰਿੰਸੀਪਲ ਪ੍ਰੋ. ਨਿਸ਼ਠਾ ਤ੍ਰਿਪਾਠੀ ਦੀ ਅਗਵਾਈ ਹੇਠ ਸ਼ੁਰੂ ਹੋਈ। ਇਸ ਮਹੀਨਾਵਾਰ ਕੰਧ ਪੱਤ੍ਰਿਕਾ ਦੇ ਪਹਿਲੇ ਅੰਕ ਦਾ ਉਦਘਾਟਨ ਕਾਲਜ ਵਾਈਸ ਪ੍ਰਿੰਸੀਪਲ ਪ੍ਰੋਫ਼ੈਸਰ ਨਵਜੋਤ ਸਿੰਘ ਵੱਲੋਂ ਕੀਤਾ ਗਿਆ। ਓਹਨਾਂ ਨੇ ਆਪਣੀ ਰਿਟਾਇਰਮੈਂਟ ਮੌਕੇ ਕੰਧ ਪੱਤ੍ਰਿਕਾ ਦਾ ਉਦਘਾਟਨ ਕਰਦਿਆਂ ਪੰਜਾਬੀ ਵਿਭਾਗ ਨੂੰ ਮੁਬਾਰਕਬਾਦ ਦਿੱਤੀ। ਇਸ ਕੰਧ ਪੱਤ੍ਰਿਕਾ ਦੀ ਸੰਪਾਦਨਾ ਪੰਜਾਬੀ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਦਲਜੀਤ ਕੌਰ ਤੇ ਸਹਾਇਕ ਪ੍ਰੋਫ਼ੈਸਰ ਸੁਖਚੈਨ ਸਿੰਘ ਨੇ ਕੀਤੀ। ਜਿਵੇਂ ਬਸੰਤ ਰੁੱਤੇ ਕੁਦਰਤ ਮੌਲ਼ਦੀ ਹੈ ਤੇ ਨਵੀਂ ਸਿਰਜਣਾ ਦੇ ਰਾਹੇ ਪੈਂਦੀ ਹੈ ਓਵੇਂ ਹੀ ਸਾਹਿਤ ਵੀ ਆਲੇ ਦੁਆਲੇ ਨਾਲ ਸੰਵਾਦ ਵਿੱਚੋਂ ਸਿਰਜਿਆ ਨਵ-ਸੰਸਾਰ ਹੀ ਹੈ। ‘ਹੋਣ’ ਨੂੰ ਸਵਾਲ ਕਰਨਾ ਸਾਹਿਤ ਸਿਰਜਣਾ ਵੱਲ ਪ੍ਰੇਰਦਾ ਹੈ। ਸਥਾਪਤੀ ਨੂੰ ਨਿਰਸੰਕੋਚ ਕਬੂਲਣ ਵਾਲਾ ਸਾਹਿਤਕਾਰ ਨਹੀਂ ਹੋ ਸਕਦਾ। ਸਰਕਾਰੀ ਮਹਿੰਦਰਾ ਕਾਲਜ ਦੇ ਵਿਦਿਆਰਥੀਆਂ ਦੀਆਂ ਰਚਨਾਵਾਂ ਇਸ ਕੰਧ ਪੱਤ੍ਰਿਕਾ ਦਾ ਸ਼ਿੰਗਾਰ ਬਣੀਆਂ ਹਨ। ਓਹਨਾਂ ਨੇ ਆਪਣੀ ਕਲਮ ਨਾਲ ‘ਹੋਣ’ ਨੂੰ ਸਵਾਲ ਕੀਤਾ ਹੈ ਤੇ ਆਪਣੇ ਸੁਪਨਿਆਂ ਨਾਲ ਨਵਾਂ ਸੰਸਾਰ ਕਲਪਿਆ ਹੈ। ਪੰਜਾਬੀ ਵਿਭਾਗ ਉਮੀਦ ਕਰਦਾ ਹੈ ਕਿ ਵਿਦਿਆਰਥੀਆਂ ਵੱਲੋਂ ਸਾਹਿਤ ਸਿਰਜਣਾ ਦਾ ਇਹ ਸਿਲਸਿਲਾ ਐਵੇਂ ਹੀ ਚੱਲਦਾ ਰਹੇ ਤੇ ‘ਬਸੰਤ’ ਕੰਧ ਪੱਤ੍ਰਿਕਾ ਦਾ ਸ਼ਿੰਗਾਰ ਬਣਦਾ ਰਹੇ। ਅਖੀਰ ਵਿਚ ਪੰਜਾਬੀ ਵਿਭਾਗ ਦੇ ਅਧਿਆਪਕ ਸੁਖਵਿੰਦਰ ਸਿੰਘ ਵੱਲੋਂ ਅਨੁਵਾਦਿਤ ਕਿਤਾਬ ‘ਮੇਰਾ ਦਾਗਿਸਤਾਨ’ ਨੂੰ ਹਾਜ਼ਰ ਸ਼ਖ਼ਸੀਅਤਾਂ ਵੱਲੋਂ ਖੁਸ਼ ਆਮਦੀਦ ਕਿਹਾ ਗਿਆ। ਇਸ ਮੌਕੇ ਪੰਜਾਬੀ ਵਿਭਾਗ ਦੇ ਪ੍ਰੋ. ਗਗਨਦੀਪ ਕੌਰ, ਪ੍ਰੋ. ਜਸਪਾਲ ਸਿੰਘ, ਪ੍ਰੋ. ਪ੍ਰਭਜੀਤ ਕੌਰ, ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਦਲਜੀਤ ਕੌਰ ਤੇ ਦੂਜੇ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ