ਮੋਗਾ ਰੈਲੀ ਲਈ ਹਲਕਾ ਸਨੌਰ ਤੋਂ ਹਜ਼ਾਰਾਂ ਵਰਕਰ ਕਰਨਗੇ ਸ਼ਮੂਲੀਅਤ : ਹਰਪਾਲਪੁਰ
ਮੋਗਾ ਰੈਲੀ ਲਈ ਲਈ ਹਲਕਾ ਸਨੌਰ ਤੋਂ ਹਜ਼ਾਰਾਂ ਵਰਕਰ ਕਰਨਗੇ ਸ਼ਮੂਲੀਅਤ: ਹਰਪਾਲਪੁਰ
Publish Date: Fri, 13 Mar 2026 04:39 PM (IST)
Updated Date: Fri, 13 Mar 2026 04:42 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ ,ਦੇਵੀਗਡ਼੍ਹ : ਭਾਰਤੀ ਜਨਤਾ ਪਾਰਟੀ ਵੱਲੋਂ ਮੋਗਾ ਵਿਖੇ ਹੋਣ ਵਾਲੀ ਰੈਲੀ ਸਬੰਧੀ ਅੱਜ ਅਨਾਜ ਮੰਡੀ ਦੁਧਨਸਾਧਾਂ ਵਿਖੇ ਹਲਕਾ ਇੰਚਾਰਜ ਬਿਕਰਮਜੀਤ ਇੰਦਰ ਸਿੰਘ ਚਹਿਲ ਦੀ ਰਹਿਨੁਮਈ ਹੇਠ ਵੱਖ-ਵੱਖ ਮੰਡਲ ਪ੍ਰਧਾਨ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਮੀਟਿੰਗ ਕੀਤੀ ਗਈ, ਜਿਸ ’ਚ ਰੈਲੀ ਇੰਚਾਰਜ ਹਲਕਾ ਸਨੌਰ ਹਰਵਿੰਦਰ ਸਿੰਘ ਹਰਪਾਲਪੁਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਹਰਵਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ 14 ਮਾਰਚ ਨੂੰ ਮੋਗਾ ਵਿਖੇ ਹੋਣ ਵਾਲੀ ਵਿਸ਼ਾਲ ਰੈਲੀ ਵਿਚ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਰੈਲੀ ਪੰਜਾਬ ਵਿਚ 2027 ਦੀਆਂ ਚੋਣਾਂ ਦਾ ਬਿਗਲ ਵਜਾਉਣ ਵਾਲੀ ਹੋਵੇਗੀ। ਇਸ ਰੈਲੀ ਲਈ ਪੰਜਾਬ ਦੇ ਇਕੱਲੇ ਇਕੱਲੇ ਪਿੰਡ ’ਚੋਂ ਭਾਰੀ ਗਿਣਤੀ ’ਚ ਲੋਕ ਸ਼ਾਮਲ ਹੋਣਗੇ ਅਤੇ ਜੋ ਸੰਦੇਸ਼ ਅਮਿਤ ਸ਼ਾਹ ਇਸ ਰੈਲੀ ਵਿੱਚ ਲੋਕਾਂ ਨੂੰ ਦੇਣਗੇ ਉਸਨੂੰ ਪਿੰਡ-ਪਿੰਡ ਅਤੇ ਘਰ ਘਰ ਪਹੁੰਚਾਇਆ ਜਾਵੇਗਾ। ਹਲਕਾ ਇੰਚਾਰਜ ਸਨੌਰ ਬਿਕਰਮਜੀਤ ਇੰਦਰ ਸਿੰਘ ਚਹਿਲ ਤੇ ਹਰਵਿੰਦਰ ਸਿੰਘ ਹਰਪਾਲਪੁਰ ਦੀ ਅਗਵਾਈ ਹੇਠ ਹਲਕਾ ਸਨੌਰ ਵਿਚ ਰੈਲੀ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਇਸ ਰੈਲੀ ਵਿਚ ਭਾਜਪਾ ਦੇ ਆਗੂਆਂ ਅਤੇ ਵਰਕਰਾਂ ਨੂੰ ਲਿਜਾਣ ਲਈ ਬੱਸਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਹਰਪਾਲਪੁਰ ਨੇ ਅੱਗੇ ਕਿਹਾ ਕਿ ਭਾਜਪਾ ਪੰਜਾਬ ਦੇ ਭਖਦੇ ਮਸਲੇ ਜਿਵੇਂ ਕਿ ਬੰਦੀ ਸਿੰਘਾਂ ਦਾ ਮਸਲਾ, ਪੰਜਾਬ ਦੇ ਕਿਸਾਨਾਂ ਦਾ ਐੱਮ.ਐਸ.ਪੀ. ਦਾ ਮਸਲਾ, ਪੈਨਸ਼ਨ ਦੇਣ ਦਾ ਮਸਲਾ ਬਹੁਤ ਡੁੰਘਾਈ ਦੇ ਨਾਲ ਵਿਚਾਰ ਰਹੀ ਹੈ ਅਤੇ ਇਨ੍ਹਾਂ ਮਸਲਿਆਂ ਨੂੰ ਹੱਲ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ 2027 ਵਿੱਚ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਮਝੌਤਾ ਬਿਲਕੁਲ ਨਹੀਂ ਹੋਵੇਗਾ ਅਤੇ ਭਾਰਤੀ ਜਨਤਾ ਪਾਰਟੀ ਆਪਣੇ ਦਮ ਤੇ ਹੀ ਚੋਣ ਲਡ਼ੇਗੀ ਅਤੇ ਸਾਰੇ ਹਲਕਿਆਂ ’ਚ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਵੇਗੀ। ਇਸ ਮੌਕੇ ਹਰਵਿੰਦਰ ਸਿੰਘ ਹਰਪਾਲਪੁਰ ਤੋਂ ਇਲਾਵਾ ਹਰਮੀਤ ਸਿੰਘ ਠੁਕਰਾਲ ਜਿਲਾ ਮੀਤ ਪ੍ਰਧਾਨ, ਜੱਸੀ ਗੁੱਜਰ ਬੱਲਾਂ ਮੰਡਲ ਪ੍ਰਧਾਨ, ਹਰਮੇਸ਼ ਲਾਂਬਾ, ਵਰਿੰਦਰ ਸਿੰਘ ਵਿਸਕੀ, ਜਸਵਿੰਦਰ ਸ਼ਰਮਾ ਮੰਡਲ ਪ੍ਰਧਾਨ, ਜਗਸੀਰ ਸਿੰਘ, ਤਰਸੇਮ ਸਿੰਘ ਬੱਲਮਗਡ਼੍ਹ, ਸੁਰਿੰਦਰ ਰਾਠੀਆਂ, ਵਰਜਿੰਦਰ ਸਿੰਘ ਕਰਨਪੁਰ, ਸੁਖਵਿੰਦਰ ਸਿੰਘ ਸਿਰਕੱਪਡ਼ਾ ਆਦਿ ਵੀ ਹਾਜ਼ਰ ਸਨ।