ਪਿੰਡ ਸ਼ੰਭੂ ਖੁਰਦ ’ਚ ਮੋਦੀ ਤੇ ਟਰੰਪ ਦੇ ਪੁਤਲੇ ਸਾੜੇ
ਪਿੰਡ ਸ਼ੰਭੂ ਖੁਰਦ ਵਿੱਚ ਮੋਦੀ ਤੇ ਟਰੰਪ ਦੇ ਪੁਤਲੇ ਸਾੜੇ
Publish Date: Sun, 08 Feb 2026 04:15 PM (IST)
Updated Date: Sun, 08 Feb 2026 04:17 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਸ਼ੰਭੂ : ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਵੱਲੋਂ ਘਨੌਰ ਬਲਾਕ ਦੇ ਪਿੰਡ ਸ਼ੰਭੂ ਖੁਰਦ ’ਚ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰੇ ਕੀਤੇ ਗਏ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੁਤਲੇ ਸਾੜ ਕੇ ਗੁੱਸੇ ਦਾ ਇਜ਼ਹਾਰ ਕੀਤਾ ਗਿਆ। ਰੋਸ ਮੁਜ਼ਾਹਰੇ ਦਾ ਮੁੱਖ ਕਾਰਨ ਮੋਦੀ ਸਰਕਾਰ ਵੱਲੋਂ ਅਮਰੀਕਾ ਨਾਲ ਸ਼ੁਰੂ ਕੀਤਾ ਗਿਆ ਫ਼ਰੀ ਟਰੇਡ ਸਮਝੌਤਾ ਦੱਸਿਆ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਸਮਝੌਤਾ ਭਾਰਤੀ ਖ਼ਾਸ ਕਰਕੇ ਪੰਜਾਬੀ ਕਿਸਾਨਾਂ ਦੀ ਕਮਰ ਤੋੜਨ ਵਾਲਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜੇ ਵਿਦੇਸ਼ਾਂ ਤੋਂ ਸਸਤਾ ਅਨਾਜ, ਦੁੱਧ ਉਤਪਾਦ, ਮੀਟ, ਮੱਛੀ ਤੇ ਹੋਰ ਖ਼ੁਰਾਕੀ ਸਮਾਨ ਆਇਆ ਤਾਂ ਦੇਸ਼ ਦੀ ਫ਼ਸਲ ਨੂੰ ਕੋਈ ਕੌਡੀਆਂ ਦੇ ਭਾਅ ਵੀ ਨਹੀਂ ਪੁੱਛੇਗਾ, ਜਿਸ ਨਾਲ ਕਿਸਾਨ ਵਿਹਲਾ ਅਤੇ ਬੇਰੁਜ਼ਗਾਰ ਬਣ ਜਾਵੇਗਾ। ਕਿਸਾਨ ਯੂਨੀਅਨ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਇਹ ਨੀਤੀਆਂ ਵਾਪਸ ਨਾ ਲਈਆਂ ਗਈਆਂ ਤਾਂ ਸੜਕਾਂ ’ਤੇ ਉਤਰ ਕੇ ਸੰਘਰਸ਼ ਕੀਤਾ ਜਾਵੇਗਾ, ਰੇਲਾਂ ਰੋਕੀਆਂ ਜਾਣਗੀਆਂ ਅਤੇ ਲੋੜ ਪਈ ਤਾਂ ਪੱਕਾ ਮੋਰਚਾ ਵੀ ਲਾਇਆ ਜਾਵੇਗਾ। ਹਰ ਕਿਸਾਨ ਅਤੇ ਨੌਜਵਾਨ ਇਸ ਸੰਘਰਸ਼ ਲਈ ਤਿਆਰ ਹੈ। ਇਸ ਮੌਕੇ ਜਨਰਲ ਸਕੱਤਰ ਪੰਜਾਬ ਕੈਪਟਨ ਮੇਜਰ ਸਿੰਘ, ਇਕਾਈ ਪ੍ਰਧਾਨ ਬਲਿਹਾਰ ਸਿੰਘ ਸ਼ੰਭੂ ਕਲਾ, ਮੈਂਬਰ ਸੈਮ ਲਾਲ ਸਿੰਘ, ਗੁਰਪ੍ਰੀਤ ਸਿੰਘ, ਪਾਲ ਸਿੰਘ, ਹੈਪੀ, ਗੁਰਮੀਤ ਸਿੰਘ ਬਾਜਵਾ, ਕਮਲ ਬਾਜਵਾ, ਮੋਹਨ ਸਿੰਘ, ਹਰਦੀਪ ਸਿੰਘ ਨਾਗਰਾ, ਪਰਮਜੀਤ ਸਿੰਘ ਪੰਮਾ, ਬਿੱਟੂ, ਹੈਪੀ, ਸਪੱਤਾ ਸਿੰਘ ਸਮੇਤ ਹੋਰ ਕਈ ਸਾਥੀ ਹਾਜ਼ਰ ਸਨ।